ਮਾਸੂਮ ਲਈ ਦਿਨ-ਰਾਤ ਜੁਟੇ ਰਹੇ ਸੇਵਾਦਾਰ

Working, Innocent, People

ਵੱਡੀ ਗਿਣਤੀ ‘ਚ ਪੁੱਜੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ

ਸੁਨਾਮ ਊਧਮ ਸਿੰਘ ਵਾਲਾ (ਗੁਰਪ੍ਰੀਤ ਸਿੰਘ/ਕਰਮ ਥਿੰਦ)  ਨੇੜਲੇ ਪਿੰਡ ਭਗਵਾਨਪੁਰਾ ‘ਚ ਬੀਤੇ ਦਿਨ 140 ਫੁੱਟ ਦੇ ਕਰੀਬ ਡੂੰਘੇ ਬੋਰ ਵਿੱਚ ਡਿੱਗੇ ਦੋ ਸਾਲਾ ਮਾਸੂਮ ਬੱਚੇ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ ਅੱਜ ਦੁਪਹਿਰ ਬਾਅਦ ਬੋਰਵੈੱਲ ਦੇ ਬਰਾਬਰ ਹੀ ਇੱਕ ਵੱਡਾ ਬੋਰ ਕੀਤਾ ਜਾ ਰਿਹਾ ਹੈ ਤਾਂ ਕਿ ਬੱਚੇ ਤੱਕ ਪਹੁੰਚਿਆ ਜਾ ਸਕੇ ਸੈਂਕੜਿਆਂ ਦੀ ਗਿਣਤੀ ‘ਚ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਬੀਤੀ ਸ਼ਾਮ ਤੋਂ ਹੀ ਪ੍ਰਸ਼ਾਸਨ ਨਾਲ ਲਗਾਤਾਰ ਡਟੇ ਹੋਏ ਹਨ ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਬਚਾਅ ਕਾਰਜ ਜਾਰੀ ਸੀ
ਪ੍ਰਸ਼ਾਸਨ ਦੀ ਸਹਿਮਤੀ ਤੋਂ ਬਾਅਦ ਹੁਣ ਜੇਸੀਬੀ ਰਾਹੀਂ ਮਿੱਟੀ ਪੁੱਟਣ ਦਾ ਕੰਮ ਬੰਦ ਕਰਕੇ ਦੇਸੀ ਤਰੀਕੇ ਨਾਲ ਸੀਮਤ ਦਾਇਰੇ ਵਿੱਚ ਮਿੱਟੀ ਪੁੱਟ ਕੇ ਤਕਰੀਬਨ 48 ਇੰਚ ਪਾਈਪਾਂ (ਭੜੋਲੀਆਂ) ਪਾਈਆਂ ਜਾ ਰਹੀਆਂ ਹਨ ਤਾਂ ਜੋ ਹੌਲੀ-ਹੌਲੀ ਬੱਚੇ ਤੱਕ ਪਹੁੰਚਿਆ ਜਾ ਸਕੇ ਫਿਲਹਾਲ 50 ਕੁ ਫੁੱਟ ਤੱਕ ਹੀ ਪਾਈਪਾਂ ਦੱਬੀਆਂ ਜਾ ਚੁੱਕੀਆਂ ਹਨ ਹਾਲੇ ਵੀ ਫਤਹਿ ਤੱਕ ਪਹੁੰਚਣ ਲਈ ਕਈ ਘੰਟਿਆਂ ਦਾ ਵਕਤ ਲੱਗਣ ਦੀ ਸੰਭਾਵਨਾ ਹੈ

ਉੱਧਰ ਦੂਜੇ ਪਾਸੇ ਫਤਹਿਵੀਰ ‘ਤੇ ਸੀਸੀਟੀਵੀ ਕੈਮਰਿਆਂ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ ਇਹ ਵੀ ਪਤਾ ਲੱਗਿਆ ਹੈ ਕਿ ਅੱਜ ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਬੱਚੇ ਨੇ ਆਪਣਾ ਹੱਥ ਹਿਲਾਇਆ ਸੀ ਜਿਸ ਤੋਂ ਬਾਹਰ ਬੈਠੇ ਸਾਰਿਆਂ ਨੂੰ ਆਸ ਦੀ ਕਿਰਨ ਜਾਗੀ ਹੈ ਇਸ ਤੋਂ ਇਲਾਵਾ ਇਸ ਗੱਲ ਦੀ ਫ਼ਿਕਰ ਜ਼ਰੂਰ ਹੈ ਕਿ ਬੱਚੇ ਨੇ ਪਿਛਲੇ 22 ਘੰਟਿਆਂ ਤੋਂ ਕੁਝ ਖਾਧਾ ਪੀਤਾ ਨਹੀਂ, ਉਪਰੋਂ ਗਰਮੀ ਦਾ ਮੌਸਮ ਵੀ ਸਿਖ਼ਰ ‘ਤੇ ਹੈ ਅਜਿਹੇ ਹਾਲਾਤਾਂ ਦੇ ਬਾਵਜ਼ੂਦ ਫਤਹਿ ਦੇ ਮਾਂ ਬਾਪ ਤੇ ਆਮ ਲੋਕਾਂ ਨੂੰ ਆਸ ਹੈ ਕਿ ਫਤਹਿ ਜ਼ਰੂਰ ਵਾਪਿਸ ਪਰਤੇਗਾ

ਰਾਹਤ ਕਾਰਜਾਂ ਦੀ ਗੱਲ ਜੇਕਰ ਕੀਤੀ ਜਾਵੇ ਤਾਂ ਐਨ.ਡੀ.ਆਰ.ਐਫ. ਬਠਿੰਡਾ, ਫੌਜ ਦੇ ਮਾਹਿਰ ਤੇ ਹੋਰ ਤਕਨੀਕੀ ਮਾਹਿਰ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ ਇਸ ਤੋਂ ਇਲਾਵਾ ਸੰਗਰੂਰ, ਸੁਨਾਮ, ਧਰਮਗੜ੍ਹ, ਲਹਿਰਾ, ਮੂਣਕ, ਲੌਂਗੋਵਾਲ, ਚੀਮਾ ਆਦਿ ਥਾਵਾਂ ਤੋਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਜੀਅ ਜਾਨ ਨਾਲ ਜੁਟੇ ਹੋਏ ਹਨ ਦੂਜੇ ਪਾਸੇ ਆਮ ਲੋਕ ਫਤਹਿਵੀਰ ਨੂੰ ਬਚਾਉਣ ਲਈ ਅਰਦਾਸਾਂ ਵੀ ਕਰ ਰਹੇ ਹਨ ਸੋਸ਼ਲ ਮੀਡੀਆ ‘ਤੇ ਵੀ ਲੋਕ ਫਤਹਿ ਦੀ ਜਾਨ ਦੀ ਖ਼ੈਰ ਮੰਗ ਰਹੇ ਹਨ

ਮੌਕੇ ਤੇ ਮੌਜ਼ੂਦ ਸੰਗਰੂਰ ਦੇ ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ 22 ਘੰਟਿਆਂ ਤੋਂ ਬਚਾਅ ਕਾਰਜ ਲਗਾਤਾਰ ਜਾਰੀ ਹਨ ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰਿਆਂ ਰਾਹੀਂ ਅੱਜ ਸਵੇਰੇ 5 ਕੁ ਵਜੇ ਫਤਹਿਵੀਰ ਦੇ ਹਿਲਜੁਲ ਹੋਣ ਬਾਰੇ ਪਤਾ ਲੱਗਿਆ ਸੀ ਉਨ੍ਹਾਂ ਕਿਹਾ ਕਿ ਫਤਹਿਵੀਰ ਬੇਹੋਸ਼ ਤਾਂ ਹੈ ਪਰ ਜ਼ਿੰਦਾ ਹੈ ਉਨ੍ਹਾਂ ਕਿਹਾ ਕਿ ਐਨ.ਡੀ.ਆਰ.ਐਫ. ਵੱਲੋਂ ਰੱਸੀਆਂ ਰਾਹੀਂ ਬਾਹਰ ਕੱਢਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਹ ਕਾਮਯਾਬ ਨਹੀਂ ਹੋਏ ਉਨ੍ਹਾਂ ਕਿਹਾ ਛੋਟੇ ਬੱਚਾ ਹੋਣ ਕਾਰਨ ਕਾਫ਼ੀ ਸਾਵਧਾਨੀਆਂ ਵਰਤਣੀਆਂ ਪੈ ਰਹੀਆਂ ਹਨ ਉਨ੍ਹਾਂ ਕਿਹਾ ਕਿ ਜੇਸੀਬੀ ਮਸ਼ੀਨਾਂ ਰਾਹੀਂ ਮਿੱੱਟੀ ਪੁੱਟਣ ਦਾ ਕੰਮ ਕਰਨ ਦੀ ਬਜਾਏ ਹੁਣ 48 ਇੰਚ ਦੇ ਪਾਈਪ ਤਕਨੀਕੀ ਮਾਹਿਰਾਂ ਵੱਲੋਂ ਪਾਏ ਜਾ ਰਹੇ ਹਨ ਜਿਹੜੇ 1 ਘੰਟੇ ਤੱਕ 8 ਤੋਂ 10 ਫੁੱਟ ਤੱਕ ਪਹੁੰਚ ਜਾਂਦੇ ਹਨ ਉਨ੍ਹਾਂ ਕਿਹਾ ਕਿ ਅਗਲੇ ਕੁਝ ਘੰਟਿਆਂ ਤੱਕ ਸਮਾਂਤਰ ਡੂੰਘਾਈ ਤੱਕ ਪਹੁੰਚ ਜਾਣਗੇ ਉਨ੍ਹਾਂ ਕਿਹਾ ਕਿ ਬੱਚਾ ਲਗਭਗ 110 ਫੁੱਟ ਦੀ ਦੂਰੀ ਤੇ ਹੈ ਜਿਸ ਤੱਕ ਪਹੁੰਚਣ ਲਈ 8 ਤੋਂ 10 ਘੰਟੇ ਦਾ ਸਮਾਂ ਹੋਰ ਲੱਗ ਸਕਦਾ ਹੈ

ਦੂਜੇ ਪਾਸੇ ਫੌਜ ਦੇ ਅਧਿਕਾਰੀ ਅਨਿਲ ਕੁਮਾਰ ਨੇ ਦੱਸਿਆ ਕਿ ਉਹ ਸਮੂਹਿਕ ਤੌਰ ‘ਤੇ ਯਤਨ ਕਰ ਰਹੇ ਹਨ ਕਿ ਬੱਚਾ ਸਹੀ ਸਲਾਮਤ ਬਾਹਰ ਆ ਸਕੇ ਉਨ੍ਹਾਂ ਕਿਹਾ ਕਿ ਪਾਈਪ ਦੀ ਡੂੰਘਾਈ ਜ਼ਿਆਦਾ ਹੋਣ ਕਾਰਨ ਏਨਾ ਜ਼ਿਆਦਾ ਸਮਾਂ ਲੱਗ ਰਿਹਾ ਹੈ ਮੌਕੇ ‘ਤੇ ਮੌਜ਼ੂਦਾ ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਗਰਗ ਨੇ ਕਿਹਾ ਕਿ ਕੱਲ੍ਹ ਤੋਂ ਬਚਾਅ ਟੀਮਾਂ ਨੇ ਉਨ੍ਹਾਂ ਨੂੰ ਆਕਸੀਜ਼ਨ, ਸੀਸੀਟੀਵੀ ਕੈਮਰਿਆਂ ਆਦਿ ਦਾ ਪ੍ਰਬੰਧ ਪਹਿਲਾਂ ਕਰਨ ਲਈ ਕਿਹਾ ਸੀ, ਸ਼ਾਮ ਛੇ ਵਜੇ ਦੇ ਕਰੀਬ ਟੀਮਾਂ ਪਹੁੰਚੀਆਂ ਤਾਂ ਉਸ ਤੋਂ ਪਹਿਲਾਂ ਆਕਸੀਜਨ ਤੇ ਹੋਰ ਸਮਾਨ ਤਿਆਰ ਸੀ ਜਿਸ ਕਾਰਨ ਟੀਮ ਫੁਰਤੀ ਨਾਲ ਕੰਮ ਵਿੱਚ ਜੁਟ ਗਈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।