ਸਿਟ ਦੇ ਚਾਰ ਮੈਂਬਰਾਂ ‘ਤੇ ਸਾਨੂੰ ਨਹੀਂ ਕੋਈ ਇਤਰਾਜ਼ : ਸੁਖਬੀਰ ਬਾਦਲ

SIT, Members, SukhbirBadal

ਕੁੰਵਰ ਵਿਜੈ ਪ੍ਰਤਾਪ ‘ਤੇ ਕਾਂਗਰਸ ਦੇ ਏਜੰਟ ਵਾਂਗ ਕੰਮ ਕਰਨ ਦਾ ਦੋਸ਼

ਕਾਂਗਰਸ ਅਤੇ ਬਰਗਾੜੀ ਵਾਲੇ ਆਪਸ ਵਿੱਚ ਮਿਲੇ ਹੋਏ, ਇਸੇ ਕਰਕੇ ਬੋਲ ਰਹੇ ਨੇ ਇੱਕ ਦੂਜੇ ਦੀ ਬੋਲੀ

ਪਟਿਆਲਾ, ਖੁਸ਼ਵੀਰ ਸਿੰਘ ਤੂਰ

ਐਸ.ਆਈ.ਟੀ. ਦੇ ਪੰਜ ਮੈਂਬਰ ਹਨ, ਸਾਨੂੰ ਸਿਰਫ਼ ਇੱਕ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ‘ਤੇ ਇਤਰਾਜ ਸੀ ਜੋ ਕਾਂਗਰਸ ਦਾ ਏਜੰਟ ਬਣ ਕੇ ਕੰਮ ਕਰ ਰਿਹਾ ਸੀ ਜਦਕਿ ਚਾਰ ਮੈਂਬਰਾਂ ਤੇ ਸਾਨੂੰ ਕੋਈ ਇਤਰਾਜ ਨਹੀਂ ਸੀ। ਇਸ ਕਰਕੇ ਹੀ ਅਕਾਲੀ ਦਲ ਵੱਲੋਂ ਉਸ ਇਕੱਲੇ ਮੈਂਬਰ ਦੀ ਹੀ ਸ਼ਿਕਾਇਤ ਕੀਤੀ ਗਈ ਸੀ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਨੌਰ ਵਿਖੇ ਰੈਲੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਕੁੰਵਰ ਵਿਜੈ ਨੂੰ ਹਟਾਉਣ ਨਾਲ ਸਭ ਤੋਂ ਵੱਧ ਮਿਰਚਾਂ ਕਾਂਗਰਸ ਨੂੰ ਲੱਗੀਆਂ ਹਨ ਅਤੇ ਨਾਲ ਉਨ੍ਹਾਂ ਦੇ ਸਾਥੀ ਜੋ ਬਰਗਾੜੀ ਵਿਖੇ ਧਰਨੇ ‘ਤੇ ਬੈਠੇ ਸਨ, ਉਹ ਵੀ ਅੱਗ ਭਬੂਕੇ ਹੋ ਗਏ ਹਨ। ਇਸ ਤੋਂ ਸਾਬਤ ਹੋ ਰਿਹਾ ਹੈ ਕਿ ਇਹ ਲੋਕ ਵੀ ਕਾਂਗਰਸ ਦੀ ਟੀਮ ਹੈ। ਉਨ੍ਹਾਂ ਕੁੰਵਰ ਵਿਜੈ ਪ੍ਰਤਾਪ ਸਬੰਧੀ ਖੁਲਾਸਾ ਕਰਦਿਆਂ ਕਿਹਾ ਕਿ ਉਹ ਪਿਛਲੇ ਸਮੇਂ ਦੌਰਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਲੱਗੇ ਸਨ, ਪਰ ਕਿਸੇ ਕਾਰਨ ਉਹ ਰੁਕ ਗਏ।

ਬਾਦਲ ਨੇ ਇੱਕ ਸੁਆਲ ਦੇ ਜਵਾਬ ਵਿੱਚ ਕਿਹਾ ਕਿ ਇਲੈਕਸ਼ਨ ਕਮਿਸ਼ਨ ਨੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੀ ਬਦਲੀ ਕੀਤੀ, ਉਸ ਬਾਰੇ ਕਾਂਗਰਸ ਚੁੱਪ ਰਹੀ। ਸਿਰਫ਼ ਕੁੰਵਰ ਵਿਜੈ ਪ੍ਰਤਾਪ ਦੀ ਬਦਲੀ ਤੇ ਹੀ ਕਾਂਗਰਸ ਐਨੀ ਕਿਉਂ ਭੜਕੀ। ਉਨ੍ਹਾਂ ਕਿਹਾ ਕਿ ਕਾਂਗਰਸ ਉਸ ਨੂੰ ਆਪਣੇ ਮਕਸਦ ਲਈ ਵਰਤਣਾ ਚਾਹੁੰਦੀ ਸੀ। ਬਾਦਲ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਕੁੰਵਰ ਵਿਜੈ ਪ੍ਰਤਾਪ ਖਿਲਾਫ਼ ਪੂਰੇ ਸਬੂਤ ਦਿੱਤੇ ਸਨ ਜਿਸ ਤੋਂ ਬਾਅਦ ਹੀ ਉਸ ਦੀ ਬਦਲੀ ਕੀਤੀ ਗਈ ਹੈ। ਸੁਖਬੀਰ ਬਾਦਲ ਨੇ ਆਖਿਆ ਕਿ ਪਰਨੀਤ ਕੌਰ ਚੋਣ ਜਿੱਤਣ ਲਈ ਗੈਂਗਸਟਰਾਂ ਦਾ ਸਹਾਰਾ ਲੈ ਰਹੀ ਹੈ, ਜਿਸ ਕਾਰਨ ਹੀ ਉਸ ਵੱਲੋਂ ਪਾਰਟੀ ਵਿੱਚ ਗੈਂਗਸਟਰ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਕਰਵਾਏ ਸਰਵੇਂ ਵਿੱਚ ਸੁਰਜੀਤ ਸਿੰਘ ਰੱਖੜਾ 6 ਫੀਸਦੀ ਵੋਟਾਂ ਨਾਲ ਅੱਗੇ ਚੱਲ ਰਹੇ ਹਨ ਅਤੇ ਇੱਥੋਂ ਮੁੱਖ ਮੰਤਰੀ ਦੀ ਪਤਨੀ ਨੂੰ ਕਰਾਰੀ ਹਾਰ ਦੇਣਗੇ। ਬਠਿੰਡਾ ਸਮੇਤ ਹੋਰ ਰਹਿੰਦੀਆਂ ਟਿਕਟਾਂ ਦੇ ਮਾਮਲੇ ਵਿੱਚ ਸੁਖਬੀਰ ਨੇ ਕਿਹਾ ਕਿ ਇੱਕ ਦੋਂ ਦਿਨਾਂ ਵਿੱਚ ਇਨ੍ਹਾਂ ਟਿਕਟਾਂ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਸੀਟਾਂ ਉੱਪਰ ਅਕਾਲੀ ਦਲ ਭਾਜਪਾ ਜਿੱਤ ਪ੍ਰਾਪਤ ਕਰੇਗੀ, ਕਿਉਂਕਿ ਪੰਜਾਬ ਦੇ ਲੋਕ ਕੈਪਟਨ ਸਰਕਾਰ ਤੋਂ ਦੋ ਸਾਲਾਂ ਵਿੱਚ ਹੀ ਅੱਕ ਚੁੱਕੇ ਹਨ। ਇਸ ਮੌਕੇ ਸੁਰਜੀਤ ਸਿੰਘ ਰੱਖੜਾ ਅਤੇ ਹਰਿੰਦਰਪਾਲ ਚੰਦੂਮਾਜਰਾ ਵੀ ਮੌਜ਼ੂਦ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।