ਪੰਚਾਇਤ ਚੋਣਾਂ ਤੇ ਅਸੀਂ 

Panchayat, Elections

ਪੰਚਾਇਤ ਚੋਣਾਂ ਸਿਆਸਤ ਦਾ ਮੁੱਢ ਹੁੰਦਾ ਹੈ ਬਹੁਤੇ ਸਿਆਸਤਦਾਨ ਪਿੰਡ ਦੀ ਪੰਚਾਇਤ ਮੈਂਬਰੀ ਤੋਂ ਹੀ ਸਿਆਸੀ ਸ਼ੁਰੂਆਤ ਕਰਕੇ ਮੁੱਖ ਮੰਤਰੀ ਦੀ ਕੁਰਸੀ ‘ਤੇ ਜਾ ਬਿਰਾਜਮਾਨ ਹੁੰਦੇ ਹਨ। ਦੇਸ਼ ਅਤੇ ਸੂਬੇ ਦੀ ਸਿਆਸਤ ਵੀ ਪੰਚਾਇਤ ਚੋਣਾਂ ‘ਚੋਂ ਹੀ ਆਪਣਾ ਅਧਾਰ ਚਿਤਵਦੀ ਹੈ। ਪਿੰਡ ਦੀ ਪੰਚਾਇਤ ਨੂੰ ਮਿੰਨੀ ਪਾਰਲੀਮੈਂਟ ਆਖਿਆ ਜਾਂਦਾ ਹੈ, ਉਸ ਦੀ ਆਪਣੀ ਬਹੁਤ ਤਾਕਤ ਹੁੰਦੀ ਹੈ ਅਨਪੜ੍ਹਤਾ ਤੇ ਅਗਿਆਨਤਾ ਕਾਰਨ ਬਹੁਤੇ ਪਿੰਡ ਇਹ ਤਾਕਤ ਵਰਤਣ ਤੋਂ ਅਸਮਰੱਥ ਹੀ ਰਹਿੰਦੇ ਹਨ। ਇਸ ਵਾਰ 31 ਦਸੰਬਰ ਨੂੰ ਹੋ ਰਹੀਆਂ ਚੋਣਾਂ ‘ਚ ਸਰਬਸੰਮਤੀਆਂ ਦਾ ਕਾਫ਼ੀ ਰੁਝਾਨ ਵੇਖਣ ਨੂੰ ਮਿਲਿਆ ਹੈ ਤੇ ਜਵਾਨੀ ਨੂੰ ਚੋਣ ਮੈਦਾਨ ‘ਚ ਵੇਖਿਆ ਜਾ ਰਿਹਾ ਹੈ ਜੋ ਕਿ ਦੇਸ਼ ਲਈ ਸ਼ੁੱਭ ਸ਼ਗਨ ਹੈ। ਅਗਾਂਹਵਧੂ ਪੜ੍ਹੇ-ਲਿਖੇ ਨੌਜਵਾਨ ਹੀ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਵਾ ਸਕਦੇ ਹਨ।

ਹਰ ਪੰਜ ਸਾਲ ਬਾਅਦ ਅਕਸਰ ਹੀ ਸੁਣਨ ਨੂੰ ਮਿਲਦਾ ਹੈ ਕਿ ਯਾਰ ਗਲਤ ਬੰਦੇ ਜਿਤਾ ਲਏ, ਹੁਣ ਭੁਗਤ ਰਹੇ ਹਾਂ। ਇਸ ਵਾਰ ਮੌਕਾ ਹੈ ਕਿ ਰਬੜ ਦੀਆਂ ਮੋਹਰਾਂ ਬਣਨ ਵਾਲੇ ਪੰਚਾਂ-ਸਰਪੰਚਾਂ ਦੀ ਬਜਾਏ ਯੋਗ ਪੜ੍ਹੇ-ਲਿਖੇ ਅਗਾਂਹਵਧੂ, ਇਮਾਨਦਾਰ ਸੋਚ ਦੇ ਧਾਰਨੀ ਤੇ ਇਨਸਾਨੀ ਗੁਣਾਂ ਵਾਲੇ ਇਮਾਨਦਾਰ ਵਿਅਕਤੀਆਂ ਦੀ ਹੀ ਮੱਦਦ ਕੀਤੀ ਜਾਵੇ। ਅਜਿਹੀਆਂ ਬਹੁਪੱਖੀ ਸ਼ਖਸੀਅਤਾਂ ਹੀ ਪਿੰਡ ਦਾ ਵਿਕਾਸ ਕਰ ਸਕਦੀਆਂ ਹਨ ਤੇ ਪਿੰਡਾਂ ਵਿੱਚ ਭਾਈਚਾਰਾ ਬਣਿਆ ਰਹਿ ਸਕਦਾ ਹੈ। ਬੇਸ਼ੱਕ ਪਾਰਟੀਆਂ ਨਾਲ ਲੋਕ ਬੱਝੇ  ਹੁੰਦੇ ਹਨ ਪਰ ਪਿੰਡਾਂ ਨੂੰ ਪਾਰਟੀਆਂ ਤੇ ਦੁਸ਼ਮਣੀਆਂ ਵਾਲੇ ਝੰਜਟਾਂ ‘ਚੋਂ ਕੱਢਣ ਦੀ ਲੋੜ ਹੈ। ਜਿਨ੍ਹਾਂ ਪਿੰਡਾਂ ਵਿੱਚ ਸਰਬਸੰਮਤੀ ਰਹਿ ਗਈ ਉਨ੍ਹਾਂ  ਪਿੰਡਾਂ  ਵਿੱਚ ਵਿਧਾਇਕਾਂ, ਸਾਂਸਦਾਂ ਤੇ ਹੋਰ ਵੱਡੇ ਲੀਡਰਾਂ ਜਾਂ ਸਮਾਜ ਵਿੱਚ ਅਧਾਰ ਰੱਖਣ ਵਾਲੀਆਂ ਸ਼ਖਸੀਅਤਾਂ ਨਾਲ ਹਮਮਸ਼ਵਰਾ ਹੋ ਕੇ ਚੰਗੇ ਲੋ- ਪੱਖੀ ਤੇ ਯੋਗ ਇਮਾਨਦਾਰ ਬੰਦਿਆਂ, ਸ਼ਖਸੀਅਤਾਂ ਖਾਸਕਰ ਨੌਜਵਾਨਾਂ ਨੂੰ ਪੰਚ ,ਸਰਪੰਚ ਬਣਨ ਦਾ ਮੌਕਾ ਦੇਣਾ ਚਾਹੀਦਾ ਹੈ। ਕਿਉਂਕਿ ਹਰ ਪਿੰਡ ਵਿੱਚ ਦਸ-ਵੀਹ ਤੋਂ ਪੰਜਾਹ ਲੱਖ ਤੋਂ ਵੱਧ ਤੱਕ ਰੁਪਏ ਦਾ ਚੋਣ ਖਰਚਾ ਲਾਜ਼ਮੀ ਹੈ। ਇਹੀ ਪੈਸਾ ਪਿੰਡ ਦੇ ਵਿਕਾਸ ਤੇ ਭਾਈਚਾਰਕ ਕੰਮਾਂ ‘ਤੇ ਲਾਇਆ ਜਾਵੇ। ਚੋਣਾਂ ਨੂੰ ਨੱਕ ਤੇ ਮੁੱਛ ਦਾ ਸਵਾਲ ਬਣਾਉਣ ਦੀ ਬਜਾਏ ਆਮ ਵਰਤਾਰਾ ਸਮਝਿਆ ਜਾਵੇ। ਤਾਂ ਜੋ ਹਰ ਪਿੰਡ ਅਮਨ-ਅਮਾਨ ਨਾਲ ਚੋਣਾਂ ਹੋਣ ਵਾਲਾ ਮਿਸਾਲੀ ਪਿੰਡ ਬਣੇ।

ਰਾਜਵਿੰਦਰ ਰੌਂਤਾ, ਰੌਂਤਾ (ਮੋਗਾ)।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।