ਬੇਰੁਜ਼ਗਾਰ ਸਿਹਤ ਵਰਕਰ ਮੁੜ ਪਟਿਆਲੇ ਵੱਲ ਕੂਚ ਕਰਨ ਦੀਆਂ ਤਿਆਰੀਆਂ ‘ਚ

ਵਾਰ-ਵਾਰ ਭਰੋਸਾ ਮਿਲਣ ਮਗਰੋਂ ਵੀ ਬੇਰੁਜਗਾਰਾਂ ਦੀਆਂ ਮੰਗਾਂ ਨੂੰ ਨਹੀਂ ਪੈ ਰਿਹਾ ਬੂਰ : ਆਗੂ

ਫਿਰੋਜ਼ਪੁਰ/ਫਾਜ਼ਿਲਕਾ (ਸਤਪਾਲ ਥਿੰਦ/ਰਜਨੀਸ਼ ਰਵੀ) । ਸਿਹਤ ਵਿਭਾਗ ਪੰਜਾਬ ਵਿੱਚ ਮਲਟੀਪਰਪਜ਼ ਹੈਲਥ ਵਰਕਰਾਂ ਦੀ ਨਵੀਂ ਭਰਤੀ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਹੈਲਥ ਵਰਕਰਾਂ ਨੇ 2 ਦਸੰਬਰ ਤੋਂ 8 ਦਸੰਬਰ ਤੱਕ ਪਟਿਆਲਾ ਵਿਖੇ ਪੱਕਾ ਮੋਰਚਾ ਲਗਾ ਕੇ ਰੱਖਿਆ ਸੀ ਅਤੇ 10 ਦਸੰਬਰ ਨੂੰ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨਾਲ ਚੰਡੀਗੜ ਵਿਖੇ ਹੋਈ ਮੀਟਿੰਗ ਵਿੱਚ ਜਲਦੀ ਖਾਲੀ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ ਦਾ ਭਰੋਸਾ ਦਿੱਤਾ ਸੀ, ਪਰ ਹੁਣ ਸਾਲ ਖਤਮ ਹੋਣ ਕਿਨਾਰੇ ਹੈ ਤਾਂ ਵੀ ਬੇਰੁਜਗਾਰਾਂ ਦੀਆਂ ਮੰਗਾਂ ਨੂੰ ਬੂਰ ਨਹੀਂ ਪਿਆ, ਜਿਸ ਦੇ ਰੋਸ ‘ਚ ਆਏ ਬੇਰੁਜ਼ਗਾਰਾਂ ਨੇ ਮੁੜ ਪਟਿਆਲੇ ਮੋਰਚਾ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਜ਼ਿਲ੍ਹਾ ਫਿਰੋਜ਼ਪੁਰ ‘ਚ ਤੇ ਫਾਜ਼ਿਲਕਾ ‘ਚ ਬੇਰੁਜ਼ਗਾਰਾਂ ਦੀ ਮੀਟਿੰਗ ਯੂਨੀਅਨ ਆਗੂ ਸੁਖਦੇਵ ਸਿੰਘ ਤੇ ਬਲਵਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ।

ਉਹਨਾਂ ਦੱਸਿਆ ਕਿ ਸਿਹਤ ਮਹਿਕਮੇ ਵਿੱਚ ਖਾਲੀ ਪਈਆਂ ਸਾਰੀਆਂ ਅਸਾਮੀਆਂ ਦਾ ਉਮਰ ਹੱਦ ਵਿੱਚ ਛੋਟ ਦੇ ਕੇ ਜਲਦ ਇਸ਼ਤਿਹਾਰ ਜਾਰੀ ਨਾ ਕੀਤਾ ਤਾਂ 29 ਦਸੰਬਰ ਤੋਂ ਮੁੜ ਪਟਿਆਲਾ ਵਿਖੇ ਪੱਕਾ ਧਰਨਾ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਹਰਬੰਸ ਸਿੰਘ, ਸੁਖਜੀਤ ਸਿੰਘ, ਦੀਪ ਸਿੰਘ, ਸਵਰਨ ਸਿੰਘ, ਅਮਨ ਬਾਜੇ ਕੇ, ਜਸਬੀਰ ਸਿੰਘ, ਅਵਤਾਰ ਸਿੰਘ, ਸੁਖਵੰਤ ਸਿੰਘ ਅਤੇ ਗੁਰਪ੍ਰੀਤ ਸਿੰਘ ਆਦਿ ਵਰਕਰ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।