UGC NET Preparation Tips: ਨੈੱਟ ਪ੍ਰੀਖਿਆ ਦੀ ਤਿਆਰੀ ਦਾ ਰਾਹ

ਮੁੱਖ ਵਿਸ਼ੇ ਦੇ ਨਾਲ ਪਹਿਲੇ ਪ੍ਰਸ਼ਨ-ਪੱਤਰ ਸਫ਼ਲਤਾ ਦਾ ਆਧਾਰ

Khushdeep Singh Picture
Published On

ਡਾ. ਸੰਦੀਪ ਸਿੰਹਮਾਰ। ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂਜੀਸੀ) ਵੱਲੋਂ ਕਰਵਾਈ ਜਾਂਦੀ ਕੌਮੀ ਯੋਗਤਾ ਪ੍ਰੀਖਿਆ (ਨੈੱਟ) ਦੇਸ਼ ਦੀਆਂ ਪ੍ਰਮੁੱਖ ਅਤੇ ਚੁਣੌਤੀਪੂਰਨ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚੋਂ ਇੱਕ ਹੈ। ਇਸ ਪ੍ਰੀਖਿਆ ਨੂੰ ਪਾਸ ਕਰਨ ਵਾਲੇ ਉਮੀਦਵਾਰ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਸਹਾਇਕ ਪ੍ਰੋਫੈਸਰ ਦੇ ਅਹੁਦੇ ਲਈ ਯੋਗ ਹੋ ਜਾਂਦੇ ਹਨ। ਇਸ ਦੇ ਨਾਲ ਹੀ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਉਮੀਦਵਾਰਾਂ ਨੂੰ ਜੂਨੀਅਰ ਖੋਜ ਫੈਲੋਸ਼ਿਪ ਪ੍ਰਾਪਤ ਕਰਨ ਦਾ ਮੌਕਾ ਵੀ ਮਿਲਦਾ ਹੈ।

ਹਰ ਸਾਲ ਲੱਖਾਂ ਉਮੀਦਵਾਰ ਇਸ ਪ੍ਰੀਖਿਆ ਵਿੱਚ ਹਿੱਸਾ ਲੈਂਦੇ ਹਨ, ਪਰ ਸਫ਼ਲਤਾ ਉਨ੍ਹਾਂ ਨੂੰ ਹੀ ਮਿਲਦੀ ਹੈ ਜੋ ਸਾਰੇ ਵਿਸ਼ਿਆਂ ਦੀ ਤਿਆਰੀ ਸੋਚੀ-ਸਮਝੀ ਅਤੇ ਯੋਜਨਾਬੱਧ ਰਣਨੀਤੀ ਨਾਲ ਕਰਦੇ ਹਨ। ਅਕਸਰ ਉਮੀਦਵਾਰ ਆਪਣੇ ਮੁੱਖ ਵਿਸ਼ੇ ’ਤੇ ਵਧੇਰੇ ਧਿਆਨ ਦਿੰਦੇ ਹਨ ਅਤੇ ਪਹਿਲੇ ਪ੍ਰਸ਼ਨ-ਪੱਤਰ ਦੀ ਤਿਆਰੀ ਨੂੰ ਲੋੜੀਂਦੀ ਅਹਿਮੀਅਤ ਨਹੀਂ ਦਿੰਦੇ। ਇਹ ਗੱਲ ਉਨ੍ਹਾਂ ਦੀ ਸਫ਼ਲਤਾ ਦੇ ਰਾਹ ਵਿੱਚ ਰੁਕਾਵਟ ਬਣ ਸਕਦੀ ਹੈ। ਨੈੱਟ ਪ੍ਰੀਖਿਆ ਵਿੱਚ ਦੋ ਪ੍ਰਸ਼ਨ-ਪੱਤਰ ਹੁੰਦੇ ਹਨ।

ਪਹਿਲਾ ਪ੍ਰਸ਼ਨ-ਪੱਤਰ ਸਾਰੇ ਉਮੀਦਵਾਰਾਂ ਲਈ ਲਾਜ਼ਮੀ ਹੁੁੰਦਾ ਹੈ। ਇਸ ਵਿੱਚ ਅਧਿਆਪਨ ਅਤੇ ਖੋਜ ਦੀ ਯੋਗਤਾ ਨਾਲ ਸਬੰਧਤ 50 ਸਵਾਲ ਪੁੱਛੇ ਜਾਂਦੇ ਹਨ। ਇਹ ਪ੍ਰਸ਼ਨ-ਪੱਤਰ ਕੁੱਲ 100 ਅੰਕਾਂ ਦਾ ਹੁੰਦਾ ਹੈ। ਅੰਤਿਮ ਨਤੀਜੇ ਵਿੱਚ ਪਹਿਲੇ ਪ੍ਰਸ਼ਨ-ਪੱਤਰ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸ ਲਈ ਉਮੀਦਵਾਰਾਂ ਨੂੰ ਇਸ ਨੂੰ ਸਿਰਫ਼ ਰਸਮੀ ਕਾਰਵਾਈ ਨਾ ਸਮਝਦਿਆਂ ਗੰਭੀਰਤਾ ਨਾਲ ਤਿਆਰ ਕਰਨਾ ਚਾਹੀਦਾ ਹੈ। ਵਧੀਆ ਨਤੀਜੇ ਲਈ ਆਪਣੀ ਰੋਜ਼ਾਨਾ ਪੜ੍ਹਾਈ ਦੀ ਯੋਜਨਾ ਵਿੱਚ ਘੱਟੋ-ਘੱਟ ਦੋ ਤੋਂ ਤਿੰਨ ਘੰਟੇ ਪਹਿਲੇ ਪ੍ਰਸ਼ਨ-ਪੱਤਰ ਨੂੰ ਦੇਣੇ ਚਾਹੀਦੇ ਹਨ।

ਮੁੱਖ ਵਿਸ਼ੇ ਅਤੇ ਪਹਿਲੇ ਪ੍ਰਸ਼ਨ-ਪੱਤਰ ਦੀ ਤਿਆਰੀ ਵਿਚਕਾਰ ਸੰਤੁਲਨ ਬਣਾ ਕੇ ਰੱਖਣ ਨਾਲ ਨੈੱਟ ਅਤੇ ਜੂਨੀਅਰ ਖੋਜ ਫੈਲੋਸ਼ਿਪ ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ਵਧ ਸਕਦੀਆਂ ਹਨ। ਪਹਿਲੇ ਪ੍ਰਸ਼ਨ-ਪੱਤਰ ਦੇ ਵੱਖ-ਵੱਖ ਭਾਗਾਂ ਨੂੰ ਸਮਝੋ: ਪਹਿਲੇ ਪ੍ਰਸ਼ਨ-ਪੱਤਰ ਦੇ ਦਸ ਭਾਗਾਂ ਵਿੱਚ ਅਧਿਆਪਨ ਅਤੇ ਖੋਜ ਯੋਗਤਾ, ਬੋਧ-ਸ਼ਕਤੀ, ਸੰਚਾਰ, ਗਣਿਤਕ ਅਤੇ ਤਰਕਸ਼ੀਲ ਸੋਚ, ਅੰਕੜਿਆਂ ਦੀ ਵਿਆਖਿਆ, ਸੂਚਨਾ ਅਤੇ ਸੰਚਾਰ ਤਕਨਾਲੋਜੀ, ਲੋਕ ਅਤੇ ਵਿਕਾਸ ਤੇ ਵਾਤਾਵਰਨ ਅਤੇ ਉੱਚ ਸਿੱਖਿਆ ਪ੍ਰਣਾਲੀ ਸ਼ਾਮਲ ਹਨ। ਇਨ੍ਹਾਂ ਦੀ ਤਿਆਰੀ ਲਈ ਸੰਤੁਲਿਤ ਰਣਨੀਤੀ ਅਪਣਾਓ। ਜੇਕਰ ਗਣਿਤ ਦੀ ਮੁੱਢਲੀ ਸਮਝ ਕਮਜ਼ੋਰ ਹੈ ਤਾਂ ਨਿਯਮਤ ਅਭਿਆਸ ਕਰੋ।

ਮੌਜੂਦਾ ਤਕਨੀਕੀ ਤਰੱਕੀ, ਵਾਤਾਵਰਨ ਨਾਲ ਜੁੜੇ ਮੁੱਦਿਆਂ ਅਤੇ ਸਰਕਾਰੀ ਨੀਤੀਆਂ ਵੱਲ ਵਿਸ਼ੇਸ਼ ਧਿਆਨ ਦਿਓ। ਅਧਿਆਪਨ ਅਤੇ ਖੋਜ ਯੋਗਤਾ ਦੇ ਸਿਧਾਂਤਾਂ ਨੂੰ ਸਿਰਫ਼ ਰਟਣ ਦੀ ਥਾਂ ਚੰਗੀ ਤਰ੍ਹਾਂ ਸਮਝੋ, ਕਿਉਂਕਿ ਇਨ੍ਹਾਂ ਨਾਲ ਸਬੰਧਤ ਪ੍ਰਸ਼ਨ ਅਕਸਰ ਵਿਹਾਰਕ ਸਥਿਤੀਆਂ ’ਤੇ ਆਧਾਰਿਤ ਹੁੰਦੇ ਹਨ।   ਮੁੱਖ ਵਿਸ਼ੇ ’ਤੇ ਮਜ਼ਬੂਤ ਪਕੜ ਅਤੇ ਸੰਤੁਲਿਤ ਤਿਆਰੀ: ਮੁੱਖ ਵਿਸ਼ੇ ’ਤੇ ਮਜ਼ਬੂਤ ਪਕੜ ਬਣਾਉਣਾ ਸਫ਼ਲਤਾ ਲਈ ਬਹੁਤ ਜ਼ਰੂਰੀ ਹੈ। ਪਰ ਪਹਿਲੇ ਪ੍ਰਸ਼ਨ-ਪੱਤਰ ਦੀ ਤਿਆਰੀ ਦੇ ਨਾਲ ਦੂਜੇ ਪ੍ਰਸ਼ਨ-ਪੱਤਰ ਨੂੰ ਵੀ ਨਜ਼ਰਅੰਦਾਜ਼ ਨਾ ਕਰੋ, ਕਿਉਂਕਿ ਇਸ ਵਿੱਚ 100 ਪ੍ਰਸ਼ਨਾਂ ਰਾਹੀਂ ਕੁੱਲ 200 ਅੰਕਾਂ ਦੀ ਪ੍ਰੀਖਿਆ ਹੁੰਦੀ ਹੈ।

ਇਸ ਦੀ ਤਿਆਰੀ ਲਈ ਰਾਸ਼ਟਰੀ ਸਿੱਖਿਆ ਖੋਜ ਅਤੇ ਸਿਖਲਾਈ ਪਰਿਸ਼ਦ (ਐਨਸੀਈਆਰਟੀ) ਦੀਆਂ ਕਿਤਾਬਾਂ ਦੇ ਨਾਲ-ਨਾਲ ਗ੍ਰੈਜੂਏਸ਼ਨ ਅਤੇ ਪੋਸਟ-ਗ੍ਰੈਜੂਏਸ਼ਨ ਪੱਧਰ ਦੀਆਂ ਭਰੋਸੇਯੋਗ ਕਿਤਾਬਾਂ ਦਾ ਡੂੰਘਾਈ ਨਾਲ ਅਧਿਐਨ ਕਰੋ। ਵਿਸ਼ਿਆਂ ਦੀਆਂ ਧਾਰਨਾਵਾਂ ਸਪੱਸ਼ਟ ਕਰੋ ਅਤੇ ਵਿਸ਼ਲੇਸ਼ਣ ਕਰਨ ਦੀ ਯੋਗਤਾ ਵਿਕਸਿਤ ਕਰੋ। ਇਸ ਦੇ ਨਾਲ ਹੀ ਆਪਣੇ ਸੰਖੇਪ ਅਤੇ ਤਰਤੀਬਵਾਰ ਨੋਟਸ ਤਿਆਰ ਕਰੋ, ਜੋ ਆਖ਼ਰੀ ਸਮੇਂ ਵਿੱਚ ਛੇਤੀ ਦੁਹਰਾਈ ਕਰਨ ਲਈ ਬਹੁਤ ਲਾਹੇਵੰਦ ਸਾਬਤ ਹੋਣਗੇ।

ਪਿਛਲੇ ਸਾਲਾਂ ਦੇ ਪ੍ਰਸ਼ਨ-ਪੱਤਰਾਂ ਦੀ ਅਹਿਮੀਅਤ

ਜਿਸ ਤਰ੍ਹਾਂ ਕਿਸੇ ਵੀ ਜੰਗ ਵਿੱਚ ਸਫ਼ਲਤਾ ਲਈ ਜੰਗ ਦੇ ਮੈਦਾਨ ਦੀ ਸਮਝ ਜ਼ਰੂਰੀ ਹੁੰਦੀ ਹੈ, ਉਸੇ ਤਰ੍ਹਾਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਪਿਛਲੇ ਸਾਲਾਂ ਦੇ ਪ੍ਰਸ਼ਨ-ਪੱਤਰਾਂ ਦਾ ਅਭਿਆਸ ਕਰਨਾ ਬਹੁਤ ਮਹੱਤਵਪੂਰਨ ਹੈ। ਘੱਟੋ-ਘੱਟ ਪਿਛਲੇ ਦਸ ਸਾਲਾਂ ਦੇ ਪ੍ਰਸ਼ਨ-ਪੱਤਰ ਹੱਲ ਕਰਨ ਨਾਲ ਨੈੱਟ ਪ੍ਰੀਖਿਆ ਵਿੱਚ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਦੀ ਕਿਸਮ, ਮਹੱਤਵਪੂਰਨ ਵਿਸ਼ਿਆਂ ਤੇ ਪ੍ਰੀਖਿਆ ਦੇ ਰੁਝਾਨ ਨੂੰ ਸਮਝਣ ਵਿੱਚ ਮੱਦਦ ਮਿਲਦੀ ਹੈ।

ਨਿਰਧਾਰਤ ਸਮੇਂ ਅੰਦਰ ਪੁਰਾਣੇ ਪ੍ਰਸ਼ਨ-ਪੱਤਰ ਹੱਲ ਕਰਨ ਨਾਲ ਤਿੰਨ ਘੰਟਿਆਂ ਦੀ ਪ੍ਰੀਖਿਆ ਲਈ ਸਮੇਂ ਦਾ ਸਹੀ ਪ੍ਰਬੰਧ ਕਰਨਾ ਸਿੱਖਿਆ ਜਾ ਸਕਦਾ ਹੈ। ਇਸ ਨਾਲ ਆਤਮ-ਵਿਸ਼ਵਾਸ ਵਧਦਾ ਹੈ ਤੇ ਆਪਣੀਆਂ ਕਮਜ਼ੋਰੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਮੇਂ ਸਿਰ ਦੂਰ ਕਰਨ ਦਾ ਮੌਕਾ ਮਿਲਦਾ ਹੈ। ਦਸੰਬਰ ਦੀ ਪ੍ਰੀਖਿਆ ਲਈ ਹੁਣ ਕੀ ਹੋਵੇ ਤੁਹਾਡੀ ਰਾਣਨੀਤੀ: ਪ੍ਰੀਖਿਆ ਵਿੱਚ ਹੁਣ ਕੁਝ ਹੀ ਦਿਨ ਬਾਕੀ ਹਨ।

ਅਜਿਹੀ ਸਥਿਤੀ ਵਿੱਚ ਸਮੇਂ ਦੀ ਸਹੀ ਵਰਤੋਂ ਕਰਨਾ ਹੀ ਸਫ਼ਲਤਾ ਦੀ ਅਹਿਮ ਕੁੰਜੀ ਹੈ। ਇੱਕ ਠੋਸ ਪੜ੍ਹਾਈ ਦੀ ਯੋਜਨਾ ਬਣਾਓ ਅਤੇ ਆਪਣੇ ਦਿਨ ਨੂੰ ਇਸ ਤਰ੍ਹਾਂ ਵੰਡੋ ਕਿ ਮੁੱਖ ਵਿਸ਼ੇ ਅਤੇ ਪਹਿਲੇ ਪ੍ਰਸ਼ਨ-ਪੱਤਰ ਦੋਵਾਂ ਨੂੰ ਬਰਾਬਰ ਸਮਾਂ ਮਿਲ ਸਕੇ। ਸਿਰਫ਼ ਪੜ੍ਹਨਾ ਹੀ ਕਾਫ਼ੀ ਨਹੀਂ, ਸਗੋਂ ਕੰਪਿਊਟਰ ਰਾਹੀਂ ਲਈ ਜਾਣ ਵਾਲੀ ਪ੍ਰੀਖਿਆ ਦੇ ਮਾਹੌਲ ਦੀ ਆਦਤ ਪਾਉਣ ਲਈ ਆਨਲਾਈਨ ਨਮੂਨਾ ਪ੍ਰੀਖਿਆਵਾਂ ਵੀ ਦਿਓ। ਹਫ਼ਤੇ ਦੇ ਅੰਤ ਵਿੱਚ ਪੜ੍ਹੇ ਹੋਏ ਸਾਰੇ ਵਿਸ਼ਿਆਂ ਦੀ ਦੁਹਰਾਈ ਜ਼ਰੂਰ ਕਰੋ।

ਦੁਹਰਾਈ ਤੋਂ ਬਿਨਾਂ ਲੰਮੇ ਸਮੇਂ ਤੱਕ ਪੜ੍ਹੀ ਹੋਈ ਸਮੱਗਰੀ ਵੀ ਯਾਦ ਨਹੀਂ ਰਹਿੰਦੀ। ਸਕਾਰਾਤਮਕ ਨਜ਼ਰੀਆ ਅਪਣਾਓ: ਪ੍ਰੀਖਿਆ ਨੇੜੇ ਆਉਣ ਸਮੇਂ ਤਣਾਅ ਮਹਿਸੂਸ ਹੋਣਾ ਸੁਭਾਵਿਕ ਹੈ, ਪਰ ਸਹੀ ਰੋਜ਼ਾਨਾ ਜੀਵਨ-ਜਾਚ, ਲੋੜੀਂਦੀ ਨੀਂਦ ਅਤੇ ਹਾਂ-ਪੱਖੀ ਸੋਚ ਨਾਲ ਤਿਆਰੀ ਕਰਨ ਨਾਲ ਸਫ਼ਲਤਾ ਤੁਹਾਡੇ ਕਦਮ ਚੁੰਮੇਗੀ। ਨੈੱਟ ਪ੍ਰੀਖਿਆ ਸਿਰਫ਼ ਇੱਕ ਪ੍ਰੀਖਿਆ ਨਹੀਂ, ਸਗੋਂ ਤੁਹਾਡੇ ਸੁਨਹਿਰੀ ਭਵਿੱਖ ਅਤੇ ਅਕਾਦਮਿਕ ਜੀਵਨ ਦੀ ਪਹਿਲੀ ਪੌੜੀ ਹੈ।

ਵਿਸ਼ੇ ਦੇ ਗਿਆਨ ਦੇ ਨਾਲ ਪਹਿਲੇ ਪ੍ਰਸ਼ਨ-ਪੱਤਰ ’ਤੇ ਮਜ਼ਬੂਤ ਪਕੜ ਅਤੇ ਪਿਛਲੇ ਸਾਲਾਂ ਦੇ ਪ੍ਰਸ਼ਨ-ਪੱਤਰਾਂ ਦਾ ਅਭਿਆਸ ਹੀ ਉਹ ਤਿੰਨ ਅਹਿਮ ਗੱਲਾਂ ਹਨ, ਜੋ ਤੁਹਾਡੀ ਸਫ਼ਲਤਾ ਦਾ ਰਾਹ ਪੱਧਰਾ ਕਰ ਸਕਦੀਆਂ ਹਨ। ਆਪਣੀ ਮਿਹਨਤ ’ਤੇ ਭਰੋਸਾ ਰੱਖੋ ਅਤੇ ਪੂਰੀ ਲਗਨ ਨਾਲ ਆਪਣੇ ਟੀਚੇ ਵੱਲ ਅੱਗੇ ਵਧੋ।

ਇਹ ਵੀ ਪੜ੍ਹੋ : School Sports Competition Punjab: ਟੱਗ ਆਫ਼ ਵਾਰ ’ਚ ਚਨਾਰਥਲ ਕਲਾਂ ਦੇ ਸਕੂਲ ਨੇ ਪੰਜਾਬ ਭਰ ’ਚੋਂ ਹਾਸਲ ਕੀਤਾ ਦੂਜਾ ਸਥਾਨ, ਸਿਲਵਰ ਮੈਡਲ ਜਿੱਤਿਆ

Comments

Post Your Comment

About The Author

Related Posts