ਚੋਰੀ ਦੀਆਂ ਅੱਠ ਗੱਡੀਆਂ ਸਮੇਤ ਦੋ ਕਾਬੂ

Two, Chorm With, Eight, Cars

ਵੱਖ-ਵੱਖ ਸੂਬਿਆਂ ‘ਚ ਚੋਰੀ ਦੀਆਂ ਗੱਡੀਆਂ ਕਾਰਾਂ ਦੇ ਕਾਗਜ਼ਾਂ ‘ਚ ਛੇੜਛਾੜ ਕਰਕੇ ਵੇਚਦੇ ਸਨ ਅੱਗੇ

  • ਵੱਖਰੇ ਮਾਮਲੇ ‘ਚ ਦੋਸਤ ਕਤਲ ਮਾਮਲੇ ਦੇ ਕਥਿਤ ਦੋਸ਼ੀ ਰਿਵਾਲਵਰ ਸਮੇਤ ਕਾਬੂ

ਬਰਨਾਲਾ, (ਜੀਵਨ ਰਾਮਗੜ੍ਹ/ਜਸਵੀਰ ਸਿੰਘ)। ਬਰਨਾਲਾ ਪੁਲਿਸ ਨੇ ਪੰਜਾਬ ਤੇ ਹੋਰ ਸਟੇਟਾਂ ‘ਚੋਂ ਚੋਰੀ ਕੀਤੀਆਂ ਗੱਡੀਆਂ/ਕਾਰਾਂ ‘ਤੇ ਜਾਅਲੀ ਨੰਬਰ ਲਾ ਕੇ ਅੱਗੇ ਵੇਚਣ ਦੇ ਮਾਮਲੇ ‘ਚ 2 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 8 ਗੱਡੀਆਂ, ਕਾਰਾਂ ਬਰਾਮਦ ਕੀਤੀਆਂ ਹਨ। ਦੂਸਰੇ ਮਾਮਲੇ ‘ਚ ਆਪਣੇ ਦੋਸਤ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਤਿੰਨ ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ ਪੁਲਿਸ ਨੇ ਵਾਰਦਾਤ ਸਮੇਂ ਵਰਤਿਆ ਰਿਵਾਲਵਰ ਵੀ ਬਰਾਮਦ ਕਰ ਲਿਆ ਹੈ।

ਐੱਸਐੱਸਪੀ ਦਫ਼ਤਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸਐੱਸਪੀ ਹਰਜੀਤ ਸਿੰਘ ਤੇ ਐੱਸਪੀ (ਡੀ) ਸੁਖਦੇਵ ਸਿੰਘ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਥਾਣਾ ਤਪਾ ਵਿਖੇ 29 ਮਈ 2018 ਨੂੰ ਆਈਪੀਸੀ ਦੀ ਧਾਰਾ 379, 411, 420, 468, 471, 120 ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਤਹਿਤ ਪੰਜਾਬ ਤੇ ਹੋਰ ਬਾਹਰਲੀਆਂ ਸਟੇਟਾਂ ਤੋਂ ਗੱਡੀਆਂ/ਕਾਰਾਂ ਚੋਰੀ ਕਰਨ ਉਪਰੰਤ ਕਾਗਜ਼ਾਂ ਨਾਲ ਛੇੜਛਾੜ ਕਰਕੇ ਅੱਗੇ ਵੇਚਣ ਵਾਲੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਥਾਣੇਦਾਰ ਬਲਜੀਤ ਸਿੰਘ ਇੰਚਾਰਜ਼ ਸੀਆਈਏ ਸਟਾਫ਼ ਬਰਨਾਲਾ ਤੇ ਸਹਾਇਕ ਥਾਣੇਦਾਰ ਗੁਰਬਚਨ ਸਿੰਘ ਨੇ ਸਮੇਤ ਪੁਲਿਸ ਪਾਰਟੀ ਪਿੰਡ ਘੁੰਨਸ ਦੀ ਡਰੇਨ ‘ਤੇ ਨਾਕਾਬੰਦੀ ਦੌਰਾਨ ਹਰਦੀਪ ਸਿੰਘ ਉਰਫ਼ ਬਾਬਾ ਵਾਸੀ ਗੋਨਿਆਣਾ (ਬਠਿੰਡਾ) ਤੇ ਸੋਨੂੰ ਕੁਮਾਰ ਵਾਸੀ ਮਲੋਟ ਨੂੰ ਇਨੋਵਾ ਗੱਡੀ ਨੰਬਰ ਐੱਚਆਰ-55 ਟੀ-8947 ‘ਚ ਆਉਂਦਿਆਂ ਕਾਬੂ ਕੀਤਾ ਜੋ ਕਿ ਚੋਰੀ ਦੀ ਪਾਈ ਗਈ ਸੀ।

ਕਾਬੂ ਵਿਅਕਤੀਆਂ ਪਾਸੋਂ ਪੁਲਿਸ ਰਿਮਾਂਡ ਦੌਰਾਨ ਉਕਤ ਗੱਡੀ ਤੋਂ ਇਲਾਵਾ ਹੌਂਡਾ ਇਮੇਜ਼ ਨੰਬਰ ਐੱਚਆਰ-26 ਸੀਐੱਮ-3199, ਇਨੋਵਾ ਨੰਬਰ ਪੀਬੀ-11 ਏ ਵਾਈ-8209, ਇਨੋਵਾ ਨੰਬਰ ਐੱਚ ਆਰ-49 ਬੀ- 9637, ਅਲਟੋ ਕੇ-10 ਨੰਬਰ ਐੱਚਆਰ –29 ਜੈੱਡ-7672, ਲੀਵਾ ਨੰਬਰ ਡੀਐੱਲ-01 ਵਾਈਡੀ-3875, ਇਨੋਵਾ ਨੰਬਰ ਐੱਚਆਰ-64-4793, ਇਨੀਗੋ ਨੰਬਰ ਡੀਐੱਲ-01 ਵਾਈਸੀ-4618 ਕੁੱਲ 8 ਗੱਡੀਆਂ/ਕਾਰਾਂ ਬਰਾਮਦ ਕੀਤੀਆਂ ਗਈਆਂ, ਜੋ ਚੋਰੀ ਹੋਈਆਂ ਪਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਗੱਡੀਆਂ/ਕਾਰਾਂ ਦੇ ਕਾਗਜ਼ਾਂ ‘ਚ ਛੇੜਛਾੜ ਕਰਕੇ ਅੱਗੇ ਭੋਲੇ-ਭਾਲੇ ਲੋਕਾਂ ਨੂੰ ਵੇਚਕੇ ਠੱਗੀਆਂ ਮਾਰਦੇ ਸਨ, ਜਿਸ ‘ਚ ਉਕਤ ਦੋਸ਼ੀਆਂ ਤੋਂ ਇਲਾਵਾ ਮਨਜੀਤ ਸਿੰਘ ਉਰਫ਼ ਬੰਟੀ ਵਾਸੀ ਕੋਟਫੱਤਾ ਤੇ ਸੁਰਮੁੱਖ ਸਿੰਘ ਵਾਸੀ ਬਠਿੰਡਾ ਵੀ ਸ਼ਾਮਲ ਹਨ।

ਐੱਸਪੀ (ਡੀ) ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਸਥਾਨਕ ਕਾਲਾ ਮਾਹਿਰ ਸਟੇਡੀਅਮ ਨਜ਼ਦੀਕ 3 ਦੋਸਤਾਂ ਵੱਲੋਂ ਆਪਣੇ ਹੀ ਇੱਕ ਦੋਸਤ ਪਰਮਜੀਤ ਸਿੰਘ ਵਾਸੀ ਬਰਨਾਲਾ ਨੂੰ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਸੀ। ਜਿਸ ਦੇ ਦੋਸ਼ ‘ਚ ਅਜੀਤਪਾਲ ਸਿੰਘ ਤੇ ਸੁਰੇਸ਼ ਸਿੰਘ ਵਾਸੀਆਨ ਬਰਨਾਲਾ ਤੇ ਜਰਨੈਲ ਸਿੰਘ ਉਰਫ਼ ਕਾਕਾ ਵਾਸੀ ਸੰਘੇੜਾ ਖਿਲਾਫ਼ ਆਈਪੀਸੀ ਦੀ ਧਾਰਾ 302, 34 ਅਤੇ 25, 27, 54, 59 ਅਸਲਾ ਐਕਟ ਤਹਿਤ ਥਾਣਾ ਸਿਟੀ ਬਰਨਾਲਾ ਵਿਖੇ ਮਾਮਲਾ ਦਰਜ਼ ਕੀਤਾ ਗਿਆ ਸੀ। ਉਨਾਂ ਦੱਸਿਆ ਕਿ ਉਕਤ ਦੋਸ਼ੀ ਆਪਣੀ ਗ੍ਰਿਫਤਾਰੀ ਹੋਣ ਦੇ ਡਰੇ ਟਲੇ ਫਿਰਦੇ ਸਨ। ਜਿਨ੍ਹਾਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜਿੰਨਾਂ ਵਿੱਚੋਂ ਦੋਸ਼ੀ ਅਜੀਤਪਾਲ ਸਿੰਘ ਪਾਸੋਂ ਵਾਰਦਾਤ ਸਮੇਂ ਵਰਤਿਆਂ ਗਿਆ ਰਿਵਾਲਵਰ ਵੀ ਬਰਾਮਦ ਕਰ ਲਿਆ ਗਿਆ ਹੈ। ਇਸ ਮੌਕੇ ਡੀਐੱਸਪੀ ਕੁਲਦੀਪ ਸਿੰਘ ਵਿਰਕ, ਡੀਐੱਸਪੀ ਰਾਜੇਸ਼ ਛਿੱਬਰ ਤੋਂ ਇਲਾਵਾ ਹੋਰ ਕਾਰਮਚਾਰੀ ਵੀ ਹਾਜ਼ਰ ਸਨ।