ਸੁਨਹਿਰੀ ਤੰਦ ਵਰਗੀ ਹੁੰਦੀ ਹੈ ਸੱਚੀ ਦੋਸਤੀ

ਸੁਨਹਿਰੀ ਤੰਦ ਵਰਗੀ ਹੁੰਦੀ ਹੈ ਸੱਚੀ ਦੋਸਤੀ

ਮਨੁੱਖ ਦੇ ਜੀਵਨ ਵਿਚ ਰਿਸ਼ਤਿਆਂ ਦਾ ਜਾਲ ਵਿਛਿਆ ਹੋਇਆ ਹੈ। ਭਾਵੇਂ ਸਾਡੇ ਸਮਾਜਿਕ ਜੀਵਨ ਵਿਚ ਰਹਿਣੀ-ਬਹਿਣੀ ਸਮੇਂ ਰਿਸ਼ਤਿਆਂ ਦੀ ਸਾਂਝ ਸੁੰਦਰਤਾ ਬਿਖੇਰਦੀ ਹੈ ਪਰ ਬਿਨਾਂ ਭਾਵੁਕ ਸਾਂਝ ਦੇ ਰਿਸ਼ਤੇ ਤਾਂ ਬੱਸ ਸੜਕੀ ਆਵਾਜਾਈ ਵਾਂਗ ਹੀ ਚੱਲਦੇ ਰਹਿੰਦੇ ਹਨ ਭਾਵੇਂ ਇਹ ਖੂਨ ਦੇ ਹੋਣ ਜਾਂ ਜੀਵਨ ਵਿਚ ਵਿਚਰਦੇ ਸਮੇਂ ਮਿਲੇ ਹੋਣ। ਅਜੋਕੇ ਪਦਾਰਥਵਾਦੀ ਯੁੱਗ ਵਿਚ ਇਨਸਾਨ ਬਹੁਤੇ ਰਿਸ਼ਤਿਆਂ ਨੂੰ ਬੋਝ ਸਮਝ ਕੇ ਹੀ ਨਿਭਾਈ ਜਾਂਦਾ ਹੈ ਕਿਉਂਕਿ ਇਹ ਪਿਆਰ, ਵਿਸ਼ਵਾਸ ਤੇ ਭਾਵੁਕ ਸਾਂਝ ਤੋਂ ਸੱਖਣੇ ਹੁੰਦੇ ਹਨ। ਸ਼ਾਇਦ ਇਸੇ ਕਰਕੇ ਹੀ ਅੱਜ ਰਿਸ਼ਤੇ ਰਸਹੀਣ ਹੋ ਗਏ ਹਨ। ਜ਼ਿੰਦਗੀ ਵਿਚ ਵਿਚਰਦੇ ਸਮੇਂ ਜਦੋਂ ਲੋਕ ਇੱਕ-ਦੂਜੇ ਨਾਲ ਇੱਕੋ-ਜਿਹੀ ਤਾਰੰਗਤਾ ਨੂੰ ਸਾਂਝਾ ਕਰਦੇ ਹਨ ਤਾਂ ਇੱਕ ਨਵੇਂ-ਨਿਵੇਕਲੇ ਰਿਸ਼ਤੇ ਦਾ ਜਨਮ ਹੁੰਦਾ ਹੈ, ਜਿਸ ਨੂੰ ਦੋਸਤੀ ਕਹਿੰਦੇ ਹਨ।

ਦੋਸਤੀ ਖੁਦ ਦਾ ਸਿਰਜਿਆ ਸੱਚਾ-ਸੁੱਚਾ ਅਹਿਸਾਸ ਹੁੰਦਾ ਹੈ ਜਿਸ ਦਾ ਸਬੰਧ ਖੂਨ ਜਾਂ ਜੀਨ, ਪਦ-ਪ੍ਰਤਿਸ਼ਠਾ, ਅਮੀਰੀ-ਗਰੀਬੀ ਤੇ ਰੰਗ-ਰੂਪ ਨਾਲ ਨਹੀਂ ਬਲਕਿ ਸਨੇਹ ਅਤੇ ਵਿਸ਼ਵਾਸ ਨਾਲ ਹੁੰਦਾ ਹੈ। ਵਿਅਕਤੀ ਦੇ ਜੀਵਨ ਵਿਚ ਨਿਰਸਵਾਰਥ ਸੁਭਾਅ ਦਾ ਸਭ ਤੋਂ ਕੀਮਤੀ ਰਿਸ਼ਤਾ ਦੋਸਤੀ ਦਾ ਹੁੰਦਾ ਹੈ। ਅਨਮੋਲ ਰਤਨਾਂ ਵਰਗੇ ਹੁੰਦੇ ਹਨ ਸੱਚੇ ਦੋਸਤ ਜੋ ਸਾਡੀ ਹਰ ਮੁਸ਼ਕਲ ਵਿਚ ਕਦੇ ਵੀ ਸਾਡਾ ਸਾਥ ਨਹੀਂ ਛੱਡਦੇ।

ਇਹ ਇੰਨੇ ਭਰੋਸੇਯੋਗ ਹੁੰਦੇ ਹਨ ਕਿ ਅਸੀਂ ਉਨ੍ਹਾਂ ਨਾਲ ਆਪਣੀਆਂ ਸਾਰੀਆਂ ਗੱਲਾਂ ਸਾਂਝੀਆਂ ਕਰ ਲੈਂਦੇ ਹਾਂ। ਦੋਸਤੀ ਨੂੰ ਪਰਖਣ ਦਾ ਸਹੀ ਸਮਾਂ ਔਖਾ ਵੇਲਾ ਹੁੰਦਾ ਹੈ। ਜੋ ਔਖੇ ਸਮੇਂ ਬਿਨ ਬੁਲਾਏ ਹੀ ਤੁਰੰਤ ਮੱਦਦ ਲਈ ਪਹੁੰਚਦੇ ਹਨ ਉਹ ਹੀ ਸੱਚੇ ਦੋਸਤ ਹੁੰਦੇ ਹਨ ਅਤੇ ਜੋ ਅਜਿਹੇ ਸਮੇਂ ਸਾਥ ਛੱਡ ਜਾਣ ਜਾਂ ਟਾਲ-ਮਟੋਲ ਕਰਨ ਉਨ੍ਹਾਂ ਨੂੰ ਦੋਸਤ ਨਹੀਂ ਕਿਹਾ ਜਾ ਸਕਦਾ ਭਾਵੇਂ ਉਹ ਕਿੰਨੇ ਵੀ ਮਿੱਠ-ਬੋਲੜੇ ਕਿਉਂ ਨਾ ਹੋਣ। ਅਜਿਹੇ ਝੂਠੇ ਜਾਂ ਵਿਖਾਵੇ ਦੇ ਦੋਸਤਾਂ ਤੋਂ ਹਰ ਹਾਲਤ ਵਿਚ ਕਿਨਾਰਾ ਕਰ ਲੈਣਾ ਚਾਹੀਦਾ ਹੈ ਕਿਉਂਕਿ ਅਜਿਹੇ ਲੋਕ ਆਪਣੇ ਨਾਲ ਤੁਹਾਨੂੰ ਵੀ ਮੁਸ਼ਕਲ ਵਿਚ ਪਾ ਦਿੰਦੇ ਹਨ।

ਅਸਲ ਵਿਚ ਦੋਸਤੀ ਤਾਂ ਇੱਕ ਸੁਰੱਖਿਆ ਕਵਚ ਹੁੰਦਾ ਹੈ। ਜੀਵਨ ਵਿਚ ਵਿਅਕਤੀ ਦਾ ਕਮਜ਼ੋਰ ਜਾਂ ਮਜ਼ਬੂਤ ਹੋਣਾ ਦੋਸਤਾਂ ’ਤੇ ਹੀ ਨਿਰਭਰ ਕਰਦਾ ਹੈ। ਸਿਆਣੇ ਕਹਿੰਦੇ ਹਨ ਕਿ ਸੱਚੇ ਦੋਸਤ ਜੀਵਨ ਨੂੰ ਸਵਰਗ ਬਣਾ ਦਿੰਦੇ ਹਨ। ਚੰਗੀ ਦੋਸਤੀ ਤਾਂ ਮਨੁੱਖਤਾ ਵੱਲ ਵਧਦਾ ਕਦਮ ਹੈ। ਵੱਡੀ ਉਮਰੇ ਜਦੋਂ ਦੋਸਤਾਂ ਦੀਆਂ ਗੱਲਾਂ ਚੱਲਦੀਆਂ ਹਨ ਤਾਂ ਰੂਹਾਂ ਤਿ੍ਰਪਤ ਹੋ ਜਾਂਦੀਆਂ ਹਨ। ਚਿੰਤਾ-ਮੁਕਤ ਮਨ ਫਿਰ ਢੋਲੇ ਗਾਉਣ ਲੱਗਦਾ ਹੈ।

ਜਦੋਂ ਇਹ ਦੋਸਤ ਇਕੱਠੇ ਹੋ ਜਾਣ ਤਾਂ ਹਾਸੇ-ਠੱਠੇ ਕਰਦਿਆਂ ਹਵਾ ਵਿਚ ਬਾਹਵਾਂ ਆਪਣੇ-ਆਪ ਹੁਲਾਰੇ ਖਾਣ ਲੱਗਦੀਆਂ ਹਨ। ਸਕੂਲ ਜਾਂ ਕਾਲਜ ਵੇਲੇ ਦੀ ਦੋਸਤੀ ਤਾਂ ਬਹੁਤ ਹੰਢਣਸਾਰ ਹੁੰਦੀ ਹੈ ਕਿਉਂਕਿ ਉਸ ਸਮੇਂ ਸਾਡੇ ਅੰਦਰ ਭਾਵਨਾਵਾਂ ਦਾ ਵਹਾਅ ਜ਼ਿਆਦਾ ਹੁੰਦਾ ਹੈ ਤੇ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਦੋਸਤ ਹੀ ਉੱਤਮ ਸਾਧਨ ਹੁੰਦੇ ਹਨ। ਉਸ ਸਮੇਂ ਕਿਸੇ ਨੂੰ ਵੀ ਇਹ ਪਤਾ ਨਹੀਂ ਹੁੰਦਾ ਕਿ ਵੱਡਾ ਹੋ ਕੇ ਉਹ ਕੀ ਬਣੇਗਾ? ਉਸ ਸਮੇਂ ਹੁੰਦੀਆਂ ਹਨ ਤਾਂ ਸਿਰਫ ਭਾਵਨਾਵਾਂ। ਦੋਸਤੀ ਗਿਆਨ ਅਤੇ ਪੈਸੇ ਤੋਂ ਵੀ ਵੱਡੀ ਹੁੰਦੀ ਹੈ ਕਿਉਂਕਿ ਜਦੋਂ ਗਿਆਨ ਅਤੇ ਪੈਸਾ ਅਸਫਲ ਹੋ ਜਾਵੇ ਤਾਂ ਦੋਸਤਾਂ ਨਾਲ ਹੀ ਸਥਿਤੀ ਸੰਭਾਲੀ ਜਾ ਸਕਦੀ ਹੈ। ਸੱਚੇ ਦੋਸਤਾਂ ਨਾਲ ਹੀ ਜੀਵਨ ਸਾਰਥਕ ਬਣਦਾ ਹੈ। ਮਰਹਮ ਵਾਂਗ ਹੁੰਦੇ ਹਨ ਸੱਚੇ ਦੋਸਤ, ਜਦੋਂ ਕੁਝ ਸ਼ਬਦ ਬੋਲਦੇ ਹਨ ਤਾਂ ਦਰਦ ਆਪਣੇ-ਆਪ ਹੀ ਠੀਕ ਹੋ ਜਾਂਦਾ ਹੈ।

ਚੰਗੇ ਦੋਸਤਾਂ ਦਾ ਸਬੰਧ ਉਸ ਗੰਨੇ ਦੇ ਸਮਾਨ ਹੁੰਦਾ ਹੈ ਜਿਸ ਨੂੰ ਜਿੰਨਾ ਮਰਜ਼ੀ ਤੋੜੋ, ਮਰੋੜੋ, ਕੱਟੋ, ਤੁਹਾਨੂੰ ਉਸ ਵਿਚੋਂ ਰਸ ਸਦਾ ਮਿੱਠਾ ਹੀ ਮਿਲੇਗਾ। ਇਸ ਲਈ ਦੋਸਤੀ ਚਿਹਰਾ ਵੇਖ ਕੇ ਨਹੀਂ ਇਖਲਾਕ ਵੇਖ ਕੇ ਬਣਾਓ। ਕਹਿਣ ਨੂੰ ਤਾਂ ਬਹੁਤ ਆਪਣੇ ਹੁੰਦੇ ਹਨ ਪਰ ਜਦੋਂ ਮਨ ਉਦਾਸ ਹੋਵੇ ਤਾਂ ਸੱਚੇ ਦੋਸਤਾਂ ਤੋਂ ਬਿਨਾਂ ਕੋਈ ਪੁੱਛਣ ਵਾਲਾ ਨਹੀਂ ਹੁੰਦਾ। ਜੀਵਨ ਵਿਚ ਬਹੁਤੇ ਦੋਸਤ ਬਣਾਉਣਾ ਕੋਈ ਚਮਤਕਾਰ ਨਹੀਂ ਹੁੰਦਾ, ਚਮਤਕਾਰ ਤਾਂ ਉਦੋਂ ਹੁੰਦਾ ਹੈ ਜਦੋਂ ਇੱਕ ਅਜਿਹਾ ਦੋਸਤ ਹੋਵੇ

ਜੋ ਉਸ ਸਮੇਂ ਵੀ ਤੁਹਾਡੇ ਨਾਲ ਖੜ੍ਹਾ ਹੋਵੇ ਜਦੋਂ ਬਹੁਤੇ ਤੁਹਾਡੇ ਖਿਲਾਫ ਹੋ ਜਾਣ। ਜੋ ਤੁਹਾਡੀ ਸੁਣ ਸਕੇ ਤੇ ਤੁਹਾਨੂੰ ਆਪਣੀ ਸੁਣਾ ਸਕੇ ਕਿਉਂਕਿ ਦੋਸਤੀ ਹੀ ਇੱਕ ਅਜਿਹਾ ਰਿਸ਼ਤਾ ਹੁੰਦਾ ਹੈ ਜਿਸ ਵਿਚ ਕੋਈ ਦੀਵਾਰ ਨਹੀਂ ਹੁੰਦੀ ਬਲਕਿ ਇੱਕ-ਦੂਸਰੇ ਲਈ ਖੁੱਲ੍ਹਾ ਦਿਲ ਹੁੰਦਾ ਹੈ। ਗਲਤ ਵਿਅਕਤੀ ਕਿੰਨਾ ਵੀ ਮਿੱਠਾ ਬੋਲੇ, ਇੱਕ ਦਿਨ ਬਿਮਾਰੀ ਬਣ ਜਾਵੇਗਾ ਜਦੋਂ ਕਿ ਚੰਗਾ ਵਿਅਕਤੀ ਕਿੰਨਾ ਵੀ ਕੌੜਾ ਬੋਲੇ, ਇੱਕ ਦਿਨ ਦਵਾਈ ਬਣ ਕੇ ਕੰਮ ਆਵੇਗਾ। ਚਾਣੱਕਿਆ ਨੀਤੀ ਅਨੁਸਾਰ, ਅਸਲੀ ਦੋਸਤ ਉਹ ਹੁੰਦੇ ਹਨ ਜੋ ਤੁਹਾਨੂੰ ਕੁਝ ਅਜਿਹੀਆਂ ਸਥਿਤੀਆਂ ਵਿਚ ਕਦੇ ਵੀ ਇਕੱਲਾ ਨਾ ਛੱਡੇ:-

‘ਲੋੜ ਪੈਣ ’ਤੇ, ਕੋਈ ਦੁਰਘਟਨਾ ਹੋ ਜਾਣ ਸਮੇਂ, ਜਦੋਂ ਕਾਲ ਪਿਆ ਹੋਵੇ, ਜਦੋਂ ਰਾਜੇ ਦੇ ਦਰਬਾਰ ਵਿਚ ਜਾਣਾ ਹੋਵੇ ਜਾਂ ਜਦੋਂ ਸ਼ਮਸ਼ਾਨਘਾਟ ਜਾਣਾ ਹੋਵੇ’। ਪਹਿਲਾਂ ਲੋਕ ਭਾਵੁਕ ਸਨ, ਦੋਸਤੀ ਨਿਭਾਉਂਦੇ ਸਨ। ਫਿਰ ਲੋਕ ਪ੍ਰੈਕਟੀਕਲ ਹੋਏ ਤਾਂ ਦੋਸਤੀ ਦਾ ਫਾਇਦਾ ਉਠਾਉਣ ਲੱਗੇ। ਹੁਣ ਲੋਕ ਪ੍ਰੋਫੈਸ਼ਨਲ ਹੋ ਗਏ ਹਨ, ਦੋਸਤ ਕੇਵਲ ਇਸ ਕਰਕੇ ਹੀ ਬਣਾਉਂਦੇ ਹਨ ਤਾਂ ਜੋ ਫਾਇਦਾ ਉਠਾਇਆ ਜਾ ਸਕੇ। ਇਸ ਲਈ ਦੋਸਤ ਬਣਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਪਰਖ ਲੈਣਾ ਜ਼ਰੂਰੀ ਹੁੰਦਾ ਹੈ ਕਿਉਂਕਿ:-

  • ਦੋਸਤੀ ਨਾਂ ਹੈ ਸੁੱਖ-ਦੁੱਖ ਦੀ ਕਹਾਣੀ ਦਾ, ਦੋਸਤੀ ਨਾਂ ਹੈ ਸਦਾ ਮੁਸਕਰਾਉਣ ਦਾ,
  • ਇਹ ਕੋਈ ਪਲ ਭਰ ਦੀ ਜਾਣ-ਪਹਿਚਾਣ ਨਹੀਂ, ਦੋਸਤੀ ਤਾਂ ਵਾਅਦਾ ਹੈ ਉਮਰ ਭਰ ਸਾਥ ਨਿਭਾਉਣ ਦਾ।

ਜੌਨ ਐਵਲਿਨੀ ਜੀ ਦੇ ਕਥਨ ਅਨੁਸਾਰ:-

‘‘ਦੋਸਤੀ ਇੱਕ ਅਜਿਹਾ ਸੁਨਹਿਰੀ ਤੰਦ ਹੈ ਜਿਸ ਵਿਚ ਕੇਵਲ ਪਿਆਰ, ਵਿਸ਼ਵਾਸ ਅਤੇ ਨਿਰਸਵਾਰਥ ਦਿਲ ਹੀ ਪਰੋਏ ਜਾ ਸਕਦੇ ਹਨ।’’
ਸੱਚੇ ਦੋਸਤ ਤਾਂ ਹੀਰਿਆਂ ਦੀ ਉਸ ਮਾਲਾ ਵਰਗੇ ਹੁੰਦੇ ਹਨ ਜੋ ਜਿੰਨੀ ਵਾਰ ਮਰਜ਼ੀ ਟੁੱਟ ਜਾਵੇ ਸਦਾ ਇਸ ਨੂੰ ਜੋੜ ਕੇ ਰੱਖਣਾ ਹੀ ਬਿਹਤਰ ਹੁੰਦਾ ਹੈ। ਇਸੇ ਲਈ ਸੱਚਾ ਦੋਸਤ ਕਦੇ ਨਰਾਜ਼ ਵੀ ਹੋ ਜਾਵੇ ਤਾਂ ਉਸ ਨੂੰ ਛੱਡਣਾ ਨਹੀਂ ਚਾਹੀਦਾ ਕਿਉਂਕਿ:-

  • ਸੱਚਾ ਦੋਸਤ ਕਦੇ ਵੀ ਪੁਰਾਣਾ ਨਹੀਂ ਹੁੰਦਾ, ਕੁਝ ਦਿਨ ਗੱਲ ਨਾ ਕਰੇ ਤਾਂ ਬੇਗਾਨਾ ਨਹੀਂ ਹੁੰਦਾ
  • ਦੋਸਤੀ ਵਿਚ ਦੂਰੀ ਤਾਂ ਆਉਂਦੀ-ਜਾਂਦੀ ਰਹਿੰਦੀ ਹੈ, ਪਰ ਦੂਰੀ ਦਾ ਮਤਲਬ ਭੁਲਾਉਣਾ ਨਹੀਂ ਹੁੰਦਾ।

ਇਸ ਲਈ ਸੱਚੇ ਦੋਸਤਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ ਕਿਉਂਕਿ ਦੋਸਤੀ ਦਾ ਰਿਸ਼ਤਾ ਤਾਂ ਇੱਕ ਪਰਿੰਦੇ ਵਾਂਗ ਹੁੰਦਾ ਹੈ। ਜ਼ੋਰ ਨਾਲ ਪਕੜੋਗੇ ਤਾਂ ਮਰ ਜਾਵੇਗਾ, ਨਰਮੀ ਨਾਲ ਪਕੜੋਗੇ ਤਾਂ ਉੱਡ ਜਾਵੇਗਾ ਤੇ ਜੇਕਰ ਪਿਆਰ ਨਾਲ ਪਕੜੋਗੇ ਤਾਂ ਸਾਰੀ ਜ਼ਿੰਦਗੀ ਨਿਭਾਏਗਾ। ਯਾਦ ਰੱਖੋ, ਸੋਨਾ ਰੱਖਣ ਲਈ ਲਾਕਰ ਮਿਲ ਜਾਂਦਾ ਹੈ, ਰੁਪਏ ਰੱਖਣ ਲਈ ਬੈਂਕ ਮਿਲ ਜਾਂਦਾ ਹੈ ਪਰ ਦਿਲ ਦੀ ਗੱਲ ਕਹਿਣ ਲਈ ਸੱਚਾ ਦੋਸਤ ਬੜੀ ਮੁਸ਼ਕਲ ਨਾਲ ਮਿਲਦਾ ਹੈ। ਸ਼ਾਇਦ ਇਸੇ ਕਰਕੇ ਹੀ ਕਿਸੇ ਸਿਆਣੇ ਨੇ ਕਿੰਨਾ ਖੁਬਸੂਰਤ ਕਿਹਾ ਹੈ ਕਿ:-

ਜੇਕਰ ਖੁਦਾ ਨੇ ਦੋਸਤੀ ਦਾ ਰਿਸ਼ਤਾ ਨਾ ਬਣਾਇਆ ਹੁੰਦਾ ਤਾਂ ਇਨਸਾਨ ਕਦੇ ਯਕੀਨ ਨਾ ਕਰਦਾ ਕਿ ਅਜਨਬੀ ਲੋਕ ਆਪਣਿਆਂ ਨਾਲੋਂ ਵੀ ਵੱਧ ਪਿਆਰੇ ਹੁੰਦੇ ਹਨ। ਦੋਸਤੀ ਵਿਸ਼ਵਾਸ ’ਤੇ ਟਿਕੀ ਹੁੰਦੀ ਹੈ। ਇਹ ਦੀਵਾਰ ਬੜੀ ਮੁਸ਼ਕਲ ਨਾਲ ਖੜ੍ਹੀ ਹੁੰਦੀ ਹੈ। ਕਦੇ ਵਿਹਲ ਮਿਲੇ ਤਾਂ ਪੜ੍ਹਨਾ ਕਿਤਾਬ ਰਿਸ਼ਤਿਆਂ ਦੀ। ਦੋਸਤੀ ਖੂਨ ਦੇ ਰਿਸ਼ਤਿਆਂ ਤੋਂ ਵੀ ਵੱਡੀ ਹੁੰਦੀ ਹੈ।
ਰਣਜੀਤ ਐਵੀਨਿਊ, ਅੰਮ੍ਰਿਤਸਰ
ਮੋ. 98774-66607
ਕੈਲਾਸ਼ ਚੰਦਰ ਸ਼ਰਮਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ