ਮੰਤਰੀ ਨੂੰ ਖੁਸ਼ ਕਰਨ ਲਈ ਢਾਹੀ ਕੰਧ, ਮੁੱਖ ਸਕੱਤਰ ਨੇ ਲਾਈ ਚੀਫ਼ ਇੰਜੀਨੀਅਰ ਦੀ ਕਲਾਸ

Collapse, Wall, Chief, Secretary, Engineer, Minister

ਪੰਜਾਬ ਸਿਵਲ ਸਕੱਤਰੇਤ ਨੂੰ ਮਿਲਿਆ ਹੋਇਆ ਐ ਹੈਰੀਟੇਜ ਦਰਜ਼ਾ, ਬਿਨਾਂ ਮਨਜ਼ੂਰੀ ਤੋਂ ਨਹੀਂ ਕੀਤੀ ਜਾ ਸਕਦੀ ਛੇੜ-ਛਾੜ

  • ਮੰਤਰੀ ਰਾਣਾ ਗੁਰਮੀਤ ਸੋਢੀ ਨੂੰ ਚਾਹੀਦਾ ਸੀ ਵੱਡਾ ਦਫ਼ਤਰ, ਪੀ.ਡਬਲਯੂ.ਡੀ. ਨੇ ਢਾਹ ਦਿੱਤੀ ਸਟਾਫ਼ ਦਫ਼ਤਰ ਦੀ ਕੰਧ

ਚੰਡੀਗੜ੍ਹ,(ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਖੁਸ਼ ਕਰਨ ਲਈ ਪੀ.ਡਬਲਯੂ.ਡੀ. ਵਿਭਾਗ ਨੇ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਸਿਵਲ ਸਕੱਤਰੇਤ ਵਿਖੇ ਸਟਾਫ਼ ਦਫ਼ਤਰ ਦੀ ਕੰਧ ਢਾਹ ਦਿੱਤੀ ਤਾਂ ਕਿ ਉਸ ਸਟਾਫ਼ ਦਫ਼ਤਰ ਨੂੰ ਮੰਤਰੀ ਦੇ ਦਫ਼ਤਰ ਨਾਲ ਮਿਲਾਉਂਦੇ ਹੋਏ ਦਫ਼ਤਰ ਨੂੰ ਵੱਡਾ ਕੀਤਾ ਜਾ ਸਕੇ। ਪੀ.ਡਬਲਯੂ.ਡੀ. ਵਿਭਾਗ ਨੇ ਨਾ ਹੀ ਆਮ ਅਤੇ ਰਾਜ ਪ੍ਰਬੰਧ ਵਿਭਾਗ ਤੋਂ ਮਨਜ਼ੂਰੀ ਲਈ ਸੀ ਅਤੇ ਨਾ ਤਾਂ ਇਸ ਬਾਰੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਜਾਣਕਾਰੀ ਦਿੱਤੀ ਸੀ। ਹੈਰੀਟੇਜ ਦਾ ਦਰਜ਼ਾ ਹਾਸਲ ਸਿਵਲ ਸਕੱਤਰੇਤ ਵਿਖੇ ਨਿਯਮਾਂ ਤੋਂ ਉਲਟ ਕੰਧ ਢਾਹੁਣ ਕਾਰਨ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਇੰਨੇ ਜਿਆਦਾ ਨਰਾਜ਼ ਹੋ ਗਏ ਕਿ ਉਨ੍ਹਾਂ ਨੇ ਚੀਫ਼ ਇੰਜੀਨੀਅਰ ਅਰਵਿੰਦਰ ਸਿੰਘ ਨੂੰ ਸੱਦ ਕੇ ਹੀ ਕਲਾਸ ਲਾ ਦਿੱਤੀ।

ਪੀ.ਡਬਲਯੂ.ਡੀ. ਵਿਭਾਗ ਨੇ ਇਹ ਪਹਿਲੀ ਵਾਰ ਨਹੀਂ ਕੀਤਾ ਹੈ, ਸਗੋਂ ਇਸ ਤੋਂ ਪਹਿਲਾਂ ਇਸੇ ਵਿਭਾਗ ਦੇ ਮੰਤਰੀ ਬਣੇ ਵਿਜੈਇੰਦਰ ਸਿੰਗਲਾ ਲਈ ਆਲੀਸ਼ਾਨ ਦਫ਼ਤਰ ਬਣਾਉਣ ਲਈ ਸਟਾਫ਼ ਦੇ ਦਫ਼ਤਰ ਦੀ ਕੰਧ ਢਾਹੀ ਸੀ, ਜਿਸ ਨਾਲ ਵਿਜੈਇੰਦਰ ਸਿੰਗਲਾ ਦੇ ਦਫ਼ਤਰ ਨੂੰ ਵੱਡਾ ਬਣਾਇਆ ਗਿਆ।

ਜਾਣਕਾਰੀ ਅਨੁਸਾਰ ਬੀਤੇ ਮਈ ਮਹੀਨੇ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਕੀਤੇ ਗਏ ਕੈਬਨਿਟ ਵਿੱਚ ਵਾਧੇ ਤੋਂ ਬਾਅਦ ਅੱਧੀ ਦਰਜਨ ਤੋਂ ਵੱਧ ਮੰਤਰੀਆਂ ਨੂੰ ਆਪਣੇ ਦਫ਼ਤਰ ਹੀ ਪਸੰਦ ਨਹੀਂ ਆਏ ਤੇ ਹਰ ਕਿਸੇ ਨੇ ਆਪੋ-ਆਪਣੇ ਦਫ਼ਤਰ ਨੂੰ ਨਵਾਂ ਰੰਗ-ਰੂਪ ਦੇਣ ਲਈ ਪੀ. ਡਬਲਯੂ. ਡੀ. ਵਿਭਾਗ ਨੂੰ ਆਦੇਸ਼ ਜਾਰੀ ਕਰ ਦਿੱਤੇ। ਇਸ ਦੌਰਾਨ ਕੁਝ ਮੰਤਰੀਆਂ ਨੇ ਆਪਣੇ ਦਫ਼ਤਰ ਨੂੰ ਵੱਡਾ ਕਰਨ ਲਈ ਵੀ ਪੀ.ਡਬਲਯੂ. ਡੀ. ਵਿਭਾਗ ਨੂੰ ਕਿਹਾ।

ਹਰ ਮੰਤਰੀ ਦੇ ਦਫ਼ਤਰ ਦੇ ਨਾਲ ਹੀ ਵਿਭਾਗੀ ਕੰਮ ਕਰਨ ਲਈ ਸਟਾਫ਼ ਦਾ ਵੀ ਦਫ਼ਤਰ ਬਣਿਆ ਹੋਇਆ ਹੈ। ਪੀ. ਡਬਲਯੂ. ਡੀ. ਵਿਭਾਗ ਨੇ ਮੰਤਰੀਆਂ ਦੇ ਦਫ਼ਤਰ ਨੂੰ ਵੱਡਾ ਕਰਨ ਲਈ ਸਟਾਫ਼ ਦੇ ਦਫ਼ਤਰ ਵਿਚਕਾਰ ਵਾਲੀ ਕੰਧ ਤੋੜ ਸਭ ਤੋਂ ਪਹਿਲਾਂ ਮੰਤਰੀ ਵਿਜੈਇੰਦਰ ਸਿੰਗਲਾ ਦਾ ਦਫ਼ਤਰ ਵੱਡਾ ਕੀਤਾ। ਜਿਸ ਤੋਂ ਬਾਅਦ ਰਾਣਾ ਗੁਰਮੀਤ ਸੋਢੀ ਨੇ ਵੀ ਆਪਣਾ ਦਫ਼ਤਰ ਵੱਡਾ ਕਰਨ ਦੇ ਆਦੇਸ਼ ਚਾੜ੍ਹ ਦਿੱਤੇ। ਇਹ ਆਦੇਸ਼ ਮਿਲਣ ਤੋਂ ਤੁਰੰਤ ਬਾਅਦ ਪੀ.ਡਬਲਯੂ.ਡੀ. ਵਿਭਾਗ ਨੇ ਰਾਣਾ ਸੋਢੀ ਦੇ ਸਟਾਫ਼ ਮੈਂਬਰਾਂ ਨੂੰ ਦਫ਼ਤਰ ਤੋਂ ਬਾਹਰ ਕੱਢਦੇ ਹੋਏ ਸਟਾਫ਼ ਦਫ਼ਤਰ ਦੀ ਕੰਧ ਤੋੜ ਦਿੱਤੀ। ਜਿਸ ਨਾਲ ਰਾਣਾ ਗੁਰਮੀਤ ਸੋਢੀ ਦਾ ਦਫ਼ਤਰ ਤਾਂ ਵੱਡਾ ਹੋ ਗਿਆ ਪਰ ਇਸ ਨਾਲ ਮੁੱਖ ਸਕੱਤਰੇਤ ਕਰਨ ਅਵਤਾਰ ਸਿੰਘ ਕਾਫ਼ੀ ਜਿਆਦਾ ਗੁੱਸੇ ਵਿੱਚ ਆ ਗਏ।

ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਪੀ.ਡਬਲਯੂ.ਡੀ. ਵਿਭਾਗ ਦੇ ਚੀਫ਼ ਇੰਜੀਨੀਅਰ ਅਰਵਿੰਦਰ ਸਿੰਘ ਨੂੰ ਸੱਦ ਕੇ ਜੰਮ ਕੇ ਝਾੜ ਪਾਉਂਦੇ ਹੋਏ ਅੱਗੇ ਤੋਂ ਇਹੋ-ਜਿਹੀ ਗਲਤੀ ਨਾ ਕਰਨ ਲਈ ਕਿਹਾ ਹੈ।

ਨਹੀਂ ਲਈ ਕੋਈ ਪ੍ਰਵਾਨਗੀ, ਖ਼ੁਦ ਪੀ. ਡਬਲਯੂ. ਡੀ. ਵਿਭਾਗ ਜਿੰਮੇਵਾਰ

ਆਮ ਅਤੇ ਰਾਜ ਪ੍ਰਬੰਧ ਵਿਭਾਗ ਦੇ ਇੱਕ ਅਧਿਕਾਰੀਆਂ ਨੇ ਦੱਸਿਆ ਕਿ ਪੀ.ਡਬਲਯੂ.ਡੀ. ਵਿਭਾਗ ਨੇ ਇਸ ਤਰ੍ਹਾਂ ਕੰਧ ਤੋੜਨ ਦੀ ਕੋਈ ਪ੍ਰਵਾਨਗੀ ਵਿਭਾਗ ਤੋਂ ਨਹੀਂ ਲਈ ਹੈ ਤੇ ਨਾ ਹੀ ਉਹ ਪ੍ਰਵਾਨਗੀ ਦੇ ਸਕਦੇ ਹਨ ਪਰ ਫਿਰ ਵੀ ਪੀ.ਡਬਲਯੂ.ਡੀ. ਵਿਭਾਗ ਦੇ ਅਧਿਕਾਰੀਆਂ ਨੇ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਗਦੇ ਹੋਏ ਕੰਧ ਤੋੜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਚੰਡੀਗੜ੍ਹ ਹੈਰੀਟੇਜ ਵਿਭਾਗ ਨੂੰ ਸੂਚਨਾ ਮਿਲ ਗਈ ਤਾਂ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋ ਸਕਦੀ ਹੈ।

ਓ.ਪੀ. ਸੋਨੀ ਨੂੰ ਨਹੀਂ ਮਿਲੀ ਸੀ ਕੰਧ ਢਾਹੁਣ ਦੀ ਪ੍ਰਵਾਨਗੀ

ਵਿਜੈਇੰਦਰ ਸਿੰਗਲਾ ਅਤੇ ਰਾਣਾ ਗੁਰਮੀਤ ਸੋਢੀ ਵਾਂਗ ਆਪਣੇ ਦਫ਼ਤਰ ਦੇ ਨਾਲ ਲੱਗਦੇ ਹੋਰ ਦਫ਼ਤਰ ਦੀ ਕੰਧ ਤੋੜ ਕੇ ਆਪਣੇ ਦਫ਼ਤਰ ਨੂੰ ਵੱਡਾ ਕਰਨ ਲਈ ਮੰਤਰੀ ਓ.ਪੀ. ਸੋਨੀ ਨੇ ਪ੍ਰਵਾਨਗੀ ਮੰਗੀ ਸੀ ਪਰ ਆਮ ਅਤੇ ਰਾਜ ਪ੍ਰਬੰਧ ਵਿਭਾਗ ਨੇ ਪ੍ਰਵਾਨਗੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਓ.ਪੀ. ਸੋਨੀ ਬੱਸ ਇੱਥੇ ਹੀ ਗਲਤੀ ਕਰ ਗਏ ਕਿ ਉਹ ਪ੍ਰਵਾਨਗੀ ਲੈਣ ਦੇ ਚੱਕਰ ਵਿੱਚ ਪੈ ਗਏ, ਜਦੋਂ ਕਿ ਵਿਜੈਇੰਦਰ ਸਿੰਗਲਾ ਅਤੇ ਰਾਣਾ ਗੁਰਮੀਤ ਸੋਢੀ ਨੇ ਬਿਨਾ ਪ੍ਰਵਾਨਗੀ ਹੀ ਕੰਧ ਢਾਹ ਦਿੱਤੀ।