ਹਜ਼ਾਰਾਂ ਕਿਸਾਨ ਮੁੜ ਖਨੌਰੀ ਬਾਰਡਰ ਰਾਹੀਂ ਦਿੱਲੀ ਨੂੰ ਰਵਾਨਾ

ਕਿਸਾਨਾਂ ਕੋਲ ਕੋਰੋਨਾ ਲਈ ਦਵਾਈਆਂ, ਸੈਨੇਟਾਈਜ਼ਰ ਤੇ ਡਾਕਟਰਾਂ ਦਾ ਪੂਰਾ ਪ੍ਰਬੰਧ: ਉਗਰਾਹਾਂ

ਬਲਕਾਰ ਸਿੰਘ, ਖਨੌਰੀ। ਇੱਕ ਪਾਸੇ ਦਿੱਲੀ ਵਿਖੇ ਕੋਰੋਨਾ ਕਾਰਨ ਲਾਕ ਡਾਊਨ ਵਰਗੀ ਸਥਿਤੀ ਪੈਦਾ ਹੋ ਚੁੱਕੀ ਹੈ ਇਸ ਦੇ ਬਾਵਜੂਦ ਅੱਜ ਕੋਰੋਨਾ ਦੇ ਖ਼ਤਰੇ ਨੂੰ ਦਰਕਿਨਾਰ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਡੀ ਗਿਣਤੀ ਕਿਸਾਨ ਖਨੌਰੀ ਬਾਰਡਰ ਰਾਹੀਂ ਦਿੱਲੀ ਨੂੰ ਰਵਾਨਾ ਹੋਏ ਇਸ ਜਥੇ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗ਼ਿੰਦਰ ਸਿੰਘ ਉਗਰਾਹਾਂ ਵੱਲੋਂ ਕੀਤੀ ਗਈ

ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਹੇਠ ਵੱਡਾ ਕਾਫਲਾ ਖਨੌਰੀ ਬਾਰਡਰ ਤੋਂ ਰਵਾਨਾ ਹੋਇਆ ਹੈ। ਇਸ ਮੌਕੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਦੀ ਹਕੂਮਤ ਆਪਣੀਆਂ ਮਾੜੀਆਂ ਨੀਤੀਆਂ ਤੋਂ ਬਾਜ਼ ਆ ਜਾਵੇ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਤੋਂ ਇਲਾਵਾ ਹਰਿਆਣੇ ’ਚੋਂ ਵੀ ਵੱਡੀ ਗਿਣਤੀ ’ਚ ਕਿਸਾਨ ਦਿੱਲੀ ਬਾਰਡਰ ’ਤੇ ਪਹੁੰਚ ਰਹੇ ਹਨ।

ਉਗਰਾਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਧਰਨਾ ਚੁਕਾਉਣ ਲਈ ਆਪਣਾ ਸੋਚ ਸਮਝ ਕੇ ਆਵੇ ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਸਰਕਾਰ ਨੂੰ ਜਵਾਬ ਦੇਣ ਲਈ ਤਿਆਰ ਬਰ ਤਿਆਰ ਹਨ। ਉਨ੍ਹਾਂ ਕਿਹਾ ਕਿ ਕੋਵਿਡ ਕਾਰਨ ਜਥੇਬੰਦੀ ਵੱਲੋਂ ਦਵਾਈਆਂ, ਡਾਕਟਰਾਂ ਅਤੇ ਸੈਨੇਟਾਈਜ਼ਰ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਵੱਲੋਂ ਦਿੱਤੀ ਗਈ ਕੋਈ ਵੀ ਦਵਾਈ ਨਹੀਂ ਲਵਾਂਗੇ।

ਇਸ ਮੌਕੇ ਉਨ੍ਹਾਂ ਕਿਹਾ ਕਿ ਕੋਰੋਨਾ ਨਾਲ ਤਾਂ ਇੱਕ ਦਿਨ ਮਰਾਂਗੇ। ਪਰ ਭੁੱਖ ਨਾਲ ਰੋਜ਼-ਰੋਜ਼ ਮਰਾਂਗੇ । ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਪੰਦਰ੍ਹਾਂ ਹਜ਼ਾਰ ਤੋਂ ਵੀ ਵੱਧ ਕਾਫਲਾ ਪੰਜਾਬ ਦਾ ਦਿੱਲੀ ਜਾ ਰਿਹਾ ਹੈ। ਇਸ ਕਰਕੇ ਅਸੀਂ ਇਸ ਸਰਕਾਰ ਤੋਂ ਬਿੱਲ ਵਾਪਸ ਕਰਾ ਕੇ ਹੀ ਮੁੜਾਂਗੇ । ਇਸ ਮੌਕੇ ਕਿਸਾਨ ਯੂਨੀਅਨ ਉਗਰਾਹਾਂ ਦੇ ਇਕਾਈ ਖਨੌਰੀ ਚੱਠੇਗੋਬਿੰਦਪੁਰਾ ਦੇ ਸਮੁੂਹ ਮੈਂਬਰ ਹਾਜ਼ਰ ਸੀ।

ਕੋਰੋਨਾ ਤੋਂ ਬੇਫਿਕਰ ਦਿਸੇ ਕਿਸਾਨ

ਖਨੌਰੀ ਬਾਰਡਰ ਰਾਹੀਂ ਦਿੱਲੀ ਰਵਾਨਾ ਹੋਣ ਸਮੇਂ ਅੱਜ ਵੱਡੀ ਗਿਣਤੀ ਜੱਥਿਆਂ ’ਚ ਕਿਸਾਨ ਸ਼ਾਮਿਲ ਸਨ। ਵੱਡੀ ਗਿਣਤੀ ਕਿਸਾਨਾਂ ਵੱਲੋਂ ਕਿਸੇ ਨੇ ਵੀ ਮਾਸਕ ਨਹੀਂ ਲਾਇਆ ਗਿਆ ਸੀ ਅਤੇ ਸੋਸਲ ਡਿਸਟੈਂਸ ਦੇ ਨਿਯਮਾਂ ਦਾ ਵੀ ਕੋਈ ਖਿਆਲ ਨਹੀਂ ਰੱÎਖਿਆ ਗਿਆ। ਕਿਸਾਨ ਕੋਰੋਨਾ ਤੋਂ ਬੇਖੌਫ਼ ਦਿਸੇ ਕਈ ਕਿਸਾਨਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਖੇਤੀ ਕਾਨੂੰਨਾਂ ਕਾਰਨ ਉਨ੍ਹਾਂ ਦੀ ਜ਼ਿੰਦਗੀ ਦਾਅ ’ਤੇ ਲੱਗੀ ਹੋਈ ਹੈ, ਕੋਰੋਨਾ ਵਰਗੀਆਂ ਬਿਮਾਰੀਆਂ ਤਾਂ ਛੋਟੀਆਂ ਹਨ ਪਰ ਕਿਸਾਨਾਂ ਦੇ ਮਾਮਲੇ ਵੱਡੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।