ਘਰ ਬੈਠਿਆਂ ਨੂੰ ਇੱਕ ਕਲਿੱਕ ‘ਤੇ ਮਿਲੇਗਾ ਮਨਪਸੰਦ ਤੇ ਮੁਫ਼ਤ ਬੂਟਾ

Home, Find, Favorite, Free, Plant

‘ਆਈ ਹਰਿਆਲੀ’ ਐਪ ਪੰਜਾਬ ਸਰਕਾਰ ਦੀ ਵਿਲੱਖਣ ਪਹਿਲਕਦਮੀ

  • ਆਪਣੀ ਨੇੜਲੀ ਸਰਕਾਰੀ ਨਰਸਰੀ ਤੋਂ ਬੂਟੇ ਹੋ ਸਕਣਗੇ ਬੁੱਕ

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਹੁਣ ਤੱਕ ਬੂਟਿਆਂ ਦੀ ਭਾਲ ‘ਚ ਨਰਸਰੀ ਘੁੰਮਣ ਵਾਲੇ ਆਮ ਲੋਕਾਂ ਲਈ ਖ਼ੁਸ਼ਖਬਰੀ ਹੈ ਕਿ ਉਹ ਹੁਣ ਨਾ ਸਿਰਫ਼ ਆਨਲਾਈਨ ਬੂਟੇ ਨੂੰ ਬੁੱਕ ਕਰਵਾ ਸਕਣਗੇ, ਸਗੋਂ ਉਨ੍ਹਾਂ ਨੂੰ ਮਨਪਸੰਦ ਬੂਟਾ ਮੁਫ਼ਤ ਵੀ ਲੈ ਸਕਣਗੇ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਸੂਬੇ ਨੂੰ ਹਰਾ-ਭਰਾ ਤੇ ਤੰਦਰੁਸਤ ਬਣਾਉਣ ਲਈ ਸ਼ੁਰੂ ਕੀਤੀ ‘ਆਈ ਹਰਿਆਲੀ’ ਐਪ ਇੱਕ ਵਿਲੱਖਣ ਪਹਿਲਕਦਮੀ ਹੈ। ਇਸ ਐਪ ਦੀ ਖੂਬਸੂਰਤੀ ਇਹ ਹੈ ਕਿ ਇਸ ਰਾਹੀਂ ਘਰ ਬੈਠਿਆਂ ਹੀ ਸੂਬੇ ਦਾ ਕੋਈ ਵੀ ਨਾਗਰਿਕ ਇੱਕ ਬਟਨ ਦੇ ਕਲਿੱਕ ਰਾਹੀਂ ਅਸਾਨੀ ਨਾਲ ਆਪਣੀ ਪਸੰਦ ਦੇ ਬੂਟੇ ਬੁੱਕ ਕਰ ਸਕਦਾ ਹੈ।

‘ਆਈ ਹਰਿਆਲੀ’ ਐਪ ਰਾਹੀਂ ਮਿਲਣ ਵਾਲੀ ਇਸ ਸਹੂਲਤ ਜ਼ਰੀਏ ਸੂਬੇ ਦਾ ਹਰ ਨਾਗਰਿਕ ਆਪਣੀ ਸਭ ਤੋਂ ਨੇੜੜੀ ਸਰਕਾਰੀ ਨਰਸਰੀ ਤੋਂ ਆਪਣੀ ਪਸੰਦ ਦੇ ਬੂਟੇ ਹਾਸਲ ਕਰ ਸਕਦਾ ਹੈ। ਇਸ ਐਪ ਨੂੰ ਆਪਣੇ ਮੋਬਾਇਲ ਵਿੱਚ ਪਲੇਅ ਸਟੋਰ ਤੋਂ ਮੁਫ਼ਤ ਡਾਊਨ ਲੋਡ ਕੀਤਾ ਜਾ ਸਕਦਾ ਹੈ। ਇਸ ਐਪ ਨੂੰ ਸ਼ੁਰੂ ਕਰਨ ਦਾ ਉਦੇਸ਼ ਬਰਸਾਤ ਦੇ ਚਾਲੂ ਸੀਜ਼ਨ ਦੌਰਾਨ ਵੱਧ ਤੋਂ ਵੱਧ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਾਉਣ ਲਈ ਪ੍ਰੇਰਿਤ ਕਰਨਾ ਹੈ ਤਾਂ ਜੋ ਵਾਤਾਵਰਨ ਨੂੰ ਹੋਰ ਪ੍ਰਦੂਸ਼ਤ ਹੋਣ ਤੋਂ ਬਚਾਇਆ ਜਾ ਸਕੇ। ਹਰ ਨਾਗਰਿਕ ਲਈ ਬੂਟੇ ਲਗਾਉਣ ਦੇ ਨਾਲ-ਨਾਲ ਇਨ੍ਹਾਂ ਦੀ ਸਾਂਭ-ਸੰਭਾਲ ਵੀ ਕਰਨੀ ਜ਼ਰੂਰੀ ਸ਼ਰਤ ਮਿੱਥੀ ਗਈ ਹੈ, ਕਿਉਂਕਿ ਬੂਟੇ ਲਾਉਣੇ ਤੇ ਪਾਲਣੇ ਇੱਕੋ ਜਿੰਨੇ ਜ਼ਰੂਰੀ ਹਨ ਤਾਂ ਹੀ ‘ਮਿਸ਼ਨ ਤੰਦਰੁਸਤ ਪੰਜਾਬ’ ਦੇ ਮਕਸਦ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ।

ਬੂਟਿਆਂ ਦੀ ਬੁਕਿੰਗ ਉਪਰੰਤ ਨੇੜਲੀ ਨਰਸਰੀ ਦੇ ਮੁਲਾਜ਼ਮ ਜਾਂ ਫਾਰੈਸਟ ਗਾਰਡ ਦਾ ਮੋਬਾਇਲ ਨੰਬਰ ਬੂਟੇ ਬੁੱਕ ਕਰਨ ਵਾਲੇ ਵਿਅਕਤੀ ਦੇ ਮੋਬਾਇਲ ‘ਤੇ ਇੱਕ ਮੈਸੇਜ ਰਾਹੀਂ ਪਹੁੰਚ ਜਾਵੇਗਾ। ਵਰਣਨਯੋਗ ਹੈ ਕਿ ਇਸ ਪ੍ਰਕਿਰਿਆ ਰਾਹੀਂ ਇੱਕ ਨਾਗਰਿਕ ਨੂੰ ਵੱਧ ਤੋਂ ਵਧ 25 ਬੂਟੇ ਦਿੱਤੇ ਜਾਣਗੇ। ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸੁਪਨਮਈ ਪ੍ਰੋਜੈਕਟ ‘ਮਿਸ਼ਨ ਤੰਦਰੁਸਤ ਪੰਜਾਬ’ ਨੂੰ ਸਫ਼ਲ ਬਣਾਉਣ ਲਈ ਸੂਬੇ ਦੇ ਸਮੂਹ ਨਾਗਰਿਕਾਂ ਨੂੰ ਬਰਸਾਤ ਦੇ ਇਸ ਮੌਸਮ ਦੌਰਾਨ ਵੱਧ ਤੋਂ ਵੱਧ ਬੂਟੇ ਲਾ ਕੇ ਆਪਣਾ ਨਿੱਗਰ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਕਿ ਪੰਜਾਬ ਨੂੰ ਇੱਕ ਵਾਰ ਫੇਰ ਤੋਂ ਹਰਾ-ਭਰਾ ਬਣਾਇਆ ਜਾ ਸਕੇ।