ਸੇਵਾ ਕੇਂਦਰ ਬੰਦ ਕਰਨ ਪੁੱਜੇ ਅਧਿਕਾਰੀਆਂ ਦਾ ਪਿੰਡ ਵਾਸੀਆਂ ਵੱਲੋਂ ਵਿਰੋਧ

Residents, Center, protested, Villagers

ਮਹਿਲ ਕਲਾਂ, (ਜਸਵੰਤ ਸਿੰਘ /ਸੱਚ ਕਹੂੰ ਨਿਊਜ਼)। ਕੈਪਟਨ ਸਰਕਾਰ ਵੱਲੋਂ ਪਿੰਡਾਂ ‘ਚ ਲੋਕਾਂ ਨੂੰ ਵੱਖ-ਵੱਖ ਸਹੂਲਤਾਂ ਦੇ ਰਹੇ ਸੇਵਾ ਕੇਂਦਰਾਂ ਨੂੰ ਬੰਦ ਕਰਨ ਦੇ ਦਿੱਤੇ ਫਰਮਾਨ ਤੋਂ ਬਾਅਦ ਅੱਜ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਸਹੌਰ ਵਿਖੇ ਚੱਲ ਰਹੇ ਸੇਵਾ ਕੇਂਦਰ ਨੂੰ ਬੰਦ ਕਰਨ ਲਈ ਪੁੱਜੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਸਰਪੰਚ ਜੀਤ ਸਿੰਘ ਸਹੌਰ ਅਤੇ ਸਮੁੱਚੀ ਗ੍ਰਾਮ ਪੰਚਾਇਤ, ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਆਗੂ ਨਛੱਤਰ ਸਿੰਘ ਸਹੌਰ ਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਕੇਵਲ ਸਿੰਘ ਸਹੌਰ ਦੀ ਅਗਵਾਈ ਹੇਠ ਪਿੰਡ ਵਾਸੀਆਂ ਵੱਲੋਂ ਵਿਰੋਧ ਕਰਦਿਆਂ ਪੰਜਾਬ ਸਰਕਾਰ ਵਿਰੁੱਧ ਰੋਸ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਕਿਸਾਨ ਆਗੂਆਂ ਤੇ ਗਰਾਮ ਪੰਚਾਇਤ ਦੀ ਹਾਜਰੀ ‘ਚ ਆਪਣੇ ਵੱਲੋਂ ਜਿੰਦਰਾ ਲਗਾ  ਕੇ ਹਰ ਹਾਲਤ ‘ਚ ਚਲਦਾ ਰੱਖਣ ਦੀ ਮੰਗ ਕੀਤੀ।

ਇਸ ਮੌਕੇ ਸਰਪੰਚ ਜੀਤ ਸਿੰਘ ਸਹੌਰ, ਕਿਸਾਨ ਆਗੂ ਨਛੱਤਰ ਸਿੰਘ ਸਹੌਰ ਤੇ ਕੇਵਲ ਸਿੰਘ ਸਹੌਰ ਨੇ ਕਿਹਾ ਕਿ ਪਿੰਡ ਅੰਦਰ ਚੱਲ ਰਹੇ ਇਸ ਸੇਵਾ ਕੇਂਦਰ ਤੋ ਪਿੰਡ ਸਹੌਰ, ਖਿਆਲੀ ਤੇ ਸਹਿਜੜਾ ਤੋਂ ਇਲਾਵਾ ਹੋਰਨਾਂ ਪਿੰਡਾ ਦੇ ਲੋਕ ਜਨਮ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਬਿਜਲੀ ਬਿੱਲ, ਬੁਢਾਪਾ, ਵਿਧਵਾ, ਅੰਗਹੀਣ ਤੇ ਆਸ਼ਰਿਤ ਪੈਨਸ਼ਨਾਂ, ਰਿਹਾਇਸ਼ੀ ਸਰਟੀਫਿਕੇਟ, ਆਮਦਨੀ ਸਰਟੀਫਿਕੇਟ ਤੇ ਲੋੜੀਂਦੀਆਂ ਸਹੂਲਤਾਂ ਲੈ ਰਹੇ ਹਨ। ਇਸ ਸੇਵਾ ਕੇਂਦਰ ਦੇ ਬੰਦ ਹੋਣ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਸਮੇਤ ਪ੍ਰਾਈਵੇਟ ਦੁਕਾਨਾਂ ਵਾਲਿਆਂ ਤੋਂ ਲੁੱਟ ਦਾ ਸ਼ਿਕਾਰ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਕੀਮਤ ‘ਤੇ ਉਕਤ ਸੇਵਾ ਕੇਂਦਰ ਨੂੰ ਬੰਦ ਨਹੀ ਹੋਣ ਦੇਣਗੇ ਚਾਹੇ ਕੋਈ ਵੀ ਸੰਘਰਸ਼ ਦਾ ਰੁਖ ਅਖਤਿਆਰ ਕਰਨਾ ਪਵੇ।

ਇਸ ਸਮੇਂ ਪਿੰਡ ਸਹੌਰ ਦੇ ਸੇਵਾ ਕੇਂਦਰ ਨੂੰ ਚਾਲੂ ਰੱਖਣ ਸਬੰਧੀ ਸਬੰਧੀ ਪਿੰਡ ਵਾਸੀਆ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਦੇ ਨਾਂਅ ਹੇਠ ਮੰਗ ਪੱਤਰ ਵੀ ਅਧਿਕਾਰੀਆਂ ਨੂੰ ਸੌਂਪਿਆ ਗਿਆ ਇਸ ਮੌਕੇ ਏਐੱਸਐੱਮ ਬਰਨਾਲਾ ਭੂਸ਼ਨ ਕੁਮਾਰ, ਤਹਿਸੀਲਦਾਰ ਬਰਨਾਲਾ ਬਲਕਰਨ ਸਿੰਘ, ਬੀਡੀਪੀਓ ਬਰਨਾਲਾ ਨੀਰੂ ਗਰਗ, ਕੰਪਨੀ ਅਧਿਕਾਰੀ ਬੀਐੱਸਐੱਲ, ਬਿਜਲੀ ਬੋਰਡ, ਮੰਡੀ ਬੋਰਡ ਤੇ ਪ੍ਰਸ਼ਾਸਨਿਕ ਸੁਧਾਰ ਚੰਡੀਗੜ੍ਹ ਦੀ ਟੀਮ ਤੇ ਈ ਗਵਰਨੈਂਸ ਦੇ ਜ਼ਿਲ੍ਹਾ ਕੋਆਰਡੀਨੇਟਰ ਸੰਜੇ ਅਹੂਜਾ ਵੀ ਹਾਜ਼ਰ ਸਨ।