ਪੰਜਾਬ ਦੀ ਇੱਕਲੌਤੀ ਯੂਨੀਵਰਸਿਟੀ ਪੀਏਯੂ ਲੁਧਿਆਣਾ ਬਣੇਗੀ ਸਿਆਸੀ ਗਲਿਆਰਿਆਂ ਦਾ ਹਿੱਸਾ

Punjab Agriculture University
 ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ।

ਪੰਜਾਬ ਸਰਕਾਰ ਨੇ ਯੂਨੀਵਰਸਿਟੀ ਦੇ ਡਾ. ਮਨਮੋਹਣ ਸਿੰਘ ਆਡੋਟੋਰੀਅਮ ਹਾਲ ਨੂੰ 1 ਨਵੰਬਰ ਲਈ ਕਰਵਾਇਆ ਬੁੱਕ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਪੰਜਾਬ ਦੀ ਇੱਕਲੌਤੀ ਯੂਨੀਵਰਸਿਟੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜ਼ਕਾਲ ਦੌਰਾਨ ਸਿਆਸੀ ਗਲਿਆਰਿਆਂ ਦਾ ਹਿੱਸਾ ਬਣਨ ਜਾ ਰਹੀ ਹੈ। ਜਿਸ ਲਈ ਪੰਜਾਬ ਸਰਕਾਰ ਵੱਲੋਂ ਯੂਨੀਵਰਸਿਟੀ ਦੇ ਡਾ. ਮਨਮੋਹਨ ਸਿੰਘ ਆਡੋਟੋਰੀਅਮ ਹਾਲ ਨੂੰ ਬੁੱਕ ਕਰਵਾਇਆ ਗਿਆ ਹੈ। ਇਸ ਦੀ ਪੁਸ਼ਟੀ ਯੂਨੀਵਰਸਿਟੀ ਦੇ ਵਧੀਕ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤੀ।

ਐੱਸਵਾਈਐੱਲ ਮੁੱਦੇ ਨੂੰ ਲੈ ਕੇ ਮਾਹੌਲ ਗਰਮ (Punjab Agriculture University)

ਜਿਕਰਯੋਗ ਹੈ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਵਿਚਕਾਰ ਪੰਜਾਬ ਦੇ ਐੱਸਵਾਈਐੱਲ ਸਮੇਤ ਹੋਰ ਮੁੱਦਿਆਂ ਨੂੰ ਲੈ ਕੇ ਸ਼ੋਸਲ ਮੀਡੀਆ ’ਤੇ ਕਾਫ਼ੀ ਬਹਿਸ ਚੱਲ ਰਹੀ ਹੈ। ਪਿਛਲੇ ਦਿਨੀਂ ਐੱਸਵਾਈਐੱਲ ਮੁੱਦੇ ਨੂੰ ਲੈ ਕੇ ਐਕਸ ’ਤੇ ਹੋਈ ਬਹਿਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਖੁੱਲ੍ਹੀ ਬਹਿਸ ਕਰਨ ਦਾ ਸੱਦਾ ਦਿੱਤਾ ਸੀ। (Punjab Agriculture University)

ਮੁੱਖ ਮੰਤਰੀ ਮਾਨ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਸਮੇਤ ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਕਬੂਲ ਕੀਤਾ ਸੀ ਪਰ ਲੰਘੇ ਕੱਲ੍ਹ ਭਾਜਪਾ ਦੇ ਸੁਨੀਲ ਜਾਖੜ ਨੇ ਇਸ ਬਹਿਸ ’ਚ ਸ਼ਾਮਲ ਹੋਣ ਤੋਂ ਨਾਂਹ ਕਰ ਦਿੱਤੀ। ਜਦਕਿ ਬਾਕੀ ਹਾਲੇ ਵੀ ਬਹਿਸ ’ਚ ਹਿੱਸਾ ਲੈਣ ਨੂੰ ਫ਼ਿਲਹਾਲ ਤਿਆਰ ਹਨ। ਬਹਿਸ ਲਈ ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਵਿਖੇ ਟੈਗੋਰ ਥੀਏਟਰ ਬੁੱਕ ਕਰਵਾਇਆ ਗਿਆ ਸੀ, ਜਿੱਥੋਂ ਕਥਿੱਤ ਜਵਾਬ ਮਿਲਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਲੁਧਿਆਣਾ ਵਿਖੇ ਸਥਿੱਤ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਡਾ. ਮਨਮੋਹਣ ਸਿੰਘ ਆਡੋਟੋਰੀਅਮ ਹਾਲ ਨੂੰ 1 ਨਵੰਬਰ ਲਈ ਬੁੱਕ ਕਰਵਾਇਆ ਗਿਆ ਹੈ।

Punjab Agriculture University
 ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ।

ਇਹ ਵੀ ਪੜ੍ਹੋ : ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਵੱਲੋਂ 12 ਕਿਲੋ ਹੈਰੋਇਨ ਸਮੇਤ ਦੋ ਕਾਬੂ

ਚਰਚਾ ਹੈ ਕਿ ਚੰਡੀਗੜ੍ਹ ਤੋਂ ਜਵਾਬ ਮਿਲਣ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਲੁਧਿਆਣਾ ਦੀ ਯੂਨੀਵਰਸਿਟੀ ਵਿਹੜੇ ਵਿਰੋਧੀਆਂ ਨਾਲ ਬਹਿਸ ਕਰਨਗੇ। ਜਿਸ ਨਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਸਿਆਸੀ ਗਲਿਆਰਿਆਂ ਦਾ ਹਿੱਸਾ ਬਨਣ ਵਾਲੀ ਸੂਬੇ ਦੀ ਇਕਲੌਤੀ ਯੂਨੀਵਰਸਿਟੀ ਬਣ ਜਾਵੇਗੀ। ਦੱਸਣਾ ਬਣਦਾ ਹੈ ਕਿ ਪ੍ਰਤਾਪ ਸਿੰਘ ਕੈਰੋਂ ਜੋ 1947 ’ਚ ਅਜ਼ਾਦੀ ਤੋਂ ਬਾਅਦ ਚੁਣੀ ਗਈ ਰਾਜ ਸਰਕਾਰ ’ਚ 1947 ਤੋਂ 1949 ਤੱਕ ਮੁੜ ਵਸੇਬਾ ਮੰਤਰੀ, ਵਿਕਾਸ ਮੰਤਰੀ ਅਤੇ 21 ਜਨਵਰੀ 1956 ਤੋਂ 23 ਜੂਨ 1964 ਤੱਕ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ, ਵੱਲੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਹਿੱਤ ’ਚ ਵੱਡੇ ਕੰਮ ਕੀਤੇ ਗਏ।

ਜਿਸ ਕਰਕੇ ਯੂਨੀਵਰਸਿਟੀ ਵਿਹੜੇ ਪ੍ਰਤਾਪ ਸਿੰਘ ਕੈਰੋਂ ਦੀ ਯਾਦ ਨੂੰ ਤਾਜ਼ਾ ਕਰਵਾਉਂਦਾ ‘ਕੈਰੋਂ ਕਿਸਾਨ ਘਰ’ ਵੀ ਬਣਿਆ ਹੋਇਆ ਹੈ। ਯੂਨੀਵਰਸਿਟੀ ਵਿਹੜੇ 1 ਨਵੰਬਰ ਨੂੰ ਬਹਿਸ ਦੌਰਾਨ ਕੌਣ, ਕਿਸ ’ਤੇ ਹਾਵੀ ਹੁੰਦਾ ਹੈ ਫ਼ਿਲਹਾਲ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਹ ਤੈਅ ਹੈ ਕਿ ਆਉਣ ਵਾਲੇ ਸਮੇਂ ਲਈ ਯੂਨੀਵਰਸਿਟੀ ਵੀ ਸਿਆਸੀ ਮੁੱਦਿਆਂ ’ਤੇ ਸਮੁੱਚੀਆਂ ਪਾਰਟੀਆਂ ਵਿਚਕਾਰ ਹੋਈ ਬਹਿਸ ਦੀ ਗਵਾਹ ਬਣੇਗੀ।

-ਏਐਸਏਪੀ ਨੇ ਦਿੱਤੀ ਵਿਰੋਧ ਦੀ ਚੇਤਾਵਨੀ-

ਐਗਰੀਕਲਚਰ ਸਟੂਡੈਂਟ ਐਸੋਸੀਏਸ਼ਨ ਪੰਜਾਬ (ਏਐਸਏਪੀ) ਵੱਲੋਂ ਪੀਏਯੂ ਲੁਧਿਆਣਾ ਵਿਖੇ ਮੁੱਖ ਮੰਤਰੀ ਮਾਨ ਵੱਲੋਂ ਹੋਰਨਾਂ ਨਾਲ ਕੀਤੀ ਜਾਣ ਵਾਲੀ ਬਹਿਸ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਹੈ। ਏਐਸਏਪੀ ਦੇ ਅੰਗਰੇਜ ਮਾਨ ਤੇ ਵਿਦਿਆਰਥੀ ਆਗੂ ਲਵਪ੍ਰੀਤ ਸਿੰਘ ਕੰਬੋਜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਯੂਨੀਵਰਸਿਟੀ ਤੋਂ ਖੇਤੀ ਨਾਲ ਸਬੰਧਿਤ ਡਿਗਰੀ ਪ੍ਰਾਪਤ ਕਰ ਚੁੱਕੇ ਵਿਦਿਆਰਥੀਆਂ ਨਾਲ ਕੀਤੇ ਚੋਣਾਵੀ ਵਾਅਦੇ ਨੂੰ ਪੂਰਾ ਕਰਦੇ ਹੋਏ ਖੇਤੀ ਮਾਸਟਰਾਂ ਦੀ ਭਰਤੀ ਕਰਨ। ਨਹੀਂ ਤਾਂ ਉਹ ਇੱਕ ਨਵੰਬਰ ਨੂੰ ਹੋਣ ਵਾਲੇ ਪ੍ਰੋਗਰਾਮ ਦਾ ਧਰਨਾ ਲਗਾ ਕੇ ਜ਼ਬਰਦਸਤ ਵਿਰੋਧ ਕਰਨਗੇ।