ਭਾਣਜੇ ਨੂੰ ਅਗਵਾ ਕਰਨ ਵਾਲੇ ਮਾਮੇ ਨੂੰ ਪੁਲਿਸ ਨੇ 3 ਘੰਟਿਆਂ ’ਚ ਹੀ ਕੀਤਾ ਕਾਬੂ

Kidnappers
ਕਾਬੂ ਕੀਤਾ ਗਿਆ ਮੁਲਜ਼ਮ ਪੁਲਿਸ ਪਾਰਟੀ ਨਾਲ।

ਡੇਰਾ ਬੱਸੀ (ਐੱਮ.ਕੇ.ਸ਼ਾਇਨਾ)। ਮੁਹਾਲੀ ਜ਼ਿਲੇ੍ਹ ਦੇ ਡੇਰਾਬੱਸੀ ’ਚ ਅੱਜ ਇੱਕ ਨੌਜਵਾਨ ਨੇ 7 ਸਾਲਾਂ ਬੱਚੇ ਨੂੰ ਅਗਵਾ (Kidnappers) ਕਰ ਲਿਆ ਪਰ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ 3 ਘੰਟਿਆਂ ’ਚ ਹੀ ਉਸ ਨੂੰ ਕਾਬੂ ਕਰ ਲਿਆ। ਮਾਮਲਾ ਡੇਰਾਬੱਸੀ ਦੇ ਪਿੰਡ ਹੈਬਤਪੁਰ ਦਾ ਹੈ। ਪੁਲਿਸ ਨੇ ਅਗਵਾਕਾਰ ਅਤੇ ਬੱਚੇ ਦੋਵਾਂ ਨੂੰ ਟਰੈਸ ਕਰ ਕੇ ਅਗਵਾਕਾਰ ਨੂੰ ਕਾਬੂ ਕਰਕੇ ਬੱਚੇ ਨੂੰ ਮਾਪਿਆਂ ਹਵਾਲੇ ਕਰ ਦਿਤਾ ਹੈ। ਪੁਲਿਸ ਨੇ ਮੁਲਜ਼ਮ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਬੱਚੇ ਦੀ ਮਾਂ ਦੇ ਮਾਮੇ ਦਾ ਲੜਕਾ ਹੈ।

ਡੇਰਾਬੱਸੀ ਦੇ ਐਸਐਸਪੀ ਡਾ.ਦਰਪਨ ਆਹਲੂਵਾਲੀਆ ਨੇ ਦੱਸਿਆ ਕਿ ਪੁਲਿਸ ਨੂੰ ਉਮਾ ਦੇਵੀ ਪਤਨੀ ਪੁਨਦੇਵ ਮਹਤੋ ਵਾਸੀ ਪਿੰਡ ਹੈਬਤਪੁਰ ਨੇ ਸੂਚਨਾ ਦਿੱਤੀ ਕਿ ਉਸ ਦਾ ਛੋਟਾ ਲੜਕਾ ਪ੍ਰਕਾਸ ਕੁਮਾਰ ਉਮਰ ਕਰੀਬ 7 ਸਾਲ ਹੋਰ ਬੱਚਿਆਂ ਨਾਲ ਕਮਰੇ ’ਚ ਸੀ। ਅਚਾਨਕ ਉਸ ਦੇ ਮਾਮੇ ਦਾ ਲੜਕਾ ਭੂਧਨ ਕੁਮਾਰ ਅਗਲੇ ਕਮਰੇ ’ਚ ਆ ਗਿਆ ਅਤੇ ਉਸ ਨਾਲ ਮਾਰ-ਕੁੱਟ ਕਰਨ ਲੱਗਾ। ਉਸ ਨੇ ਸਿਗਰਟ ਜਗਾਈ ਅਤੇ ਆਪਣੇ ਲੜਕੇ ਪ੍ਰਕਾਸ਼ ਕੁਮਾਰ ਦੇ ਸੱਜੇ ਹੱਥ ’ਤੇ ਰੱਖ ਦਿਤੀ।

ਇਹ ਵੀ ਪੜ੍ਹੋ : ਮਕਾਨ ਦੀ ਛੱਤ ਡਿੱਗਣ ਨਾਲ ਲੜਕੀ ਦੀ ਮੌਤ, ਤਿੰਨ ਜਖ਼ਮੀ

ਔਰਤ ਅਨੁਸਾਰ ਉਸ ਨੇ ਭੂਧਨ ਕੁਮਾਰ ਨੂੰ ਅਜਿਹਾ ਕਰਨ ’ਤੇ ਝਿੜਕਿਆ ਤਾਂ ਉਹ ਗੁੱਸੇ ’ਚ ਆ ਗਿਆ। ਉਸ ਨੇ ਲੜਕੇ ਪ੍ਰਕਾਸ਼ ਕੁਮਾਰ ਨੂੰ ਚੁੱਕ ਲਿਆ ਅਤੇ ਇਹ ਕਹਿ ਕੇ ਭੱਜ ਗਿਆ ਕਿ ਹੁਣ ਮੈਂ ਤੁਹਾਡੇ ਲੜਕੇ ਪ੍ਰਕਾਸ਼ ਨੂੰ ਆਪਣੇ ਨਾਲ ਲੈ ਕੇ ਜਾ ਰਿਹਾ ਹਾਂ। ਉਨ੍ਹਾਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਡੇਰਾਬੱਸੀ ਮੁਬਾਰਕਪੁਰ ਥਾਣਾ ਇੰਚਾਰਜ ਰਣਬੀਰ ਸਿੰਘ ਨੇ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਪੈਸ਼ਲ ਟੀਮ ਬਣਾ ਕੇ ਡੇਰਾਬੱਸੀ ’ਚ ਕਈ ਥਾਵਾਂ ’ਤੇ ਨਾਕਾਬੰਦੀ ਕੀਤੀ ਗਈ ਸੀ।

ਏਐਸਆਈ ਗੌਰਵ ਸ਼ਰਮਾ ਖੁਦ ਪੁਲਿਸ ਪਾਰਟੀ ਨਾਲ ਹੈਬਤਪੁਰ ਰੋਡ ’ਤੇ ਨਾਕੇ ’ਤੇ ਮੌਜੂਦ ਸਨ, ਜਿੱਥੇ ਉਕਤ ਵਿਅਕਤੀ 7 ਸਾਲਾਂ ਬੱਚੇ ਨੂੰ ਆਪਣੇ ਨਾਲ ਪੈਦਲ ਲੈ ਕੇ ਜਾ ਰਿਹਾ ਸੀ। ਪੁਲਿਸ ਨੇ ਜਦੋਂ ਉਸ ਨੂੰ ਰੋਕ ਕੇ ਪੁੱਛਗਿੱਛ ਕੀਤੀ ਤਾਂ ਮੁਲਜ਼ਮ ਦੀ ਪਛਾਣ ਹੋ ਗਈ, ਜਿਸ ਨੂੰ ਪੁਲਿਸ ਨੇ ਤੁਰੰਤ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮ ਖਿਲਾਫ ਧਾਰਾ 365 ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਪ੍ਰਕਾਸ ਨੂੰ ਸੁਰੱਖਿਅਤ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਹੈ।