ਲੋਕਾਂ ਦਾ ਰੁਝਾਨ ਫਿਰ ਤੋਂ ਸਰਕਾਰੀ ਸਕੂਲਾਂ ਵੱਲ ਵਧਣਾ ਸ਼ਲਾਘਾਯੋਗ

ਲੋਕਾਂ ਦਾ ਰੁਝਾਨ ਫਿਰ ਤੋਂ ਸਰਕਾਰੀ ਸਕੂਲਾਂ ਵੱਲ ਵਧਣਾ ਸ਼ਲਾਘਾਯੋਗ

ਅੱਜ-ਕੱਲ੍ਹ ਜਿਸ ਤਰ੍ਹਾਂ ਪੂਰੇ ਪੰਜਾਬ ਵਿੱਚ ਕਰੋਨਾ ਮਹਾਂਮਾਰੀ ਕਾਰਨ ਸਮੂਹ ਸਕੂਲ ਬੰਦ ਹਨ। ਫਿਰ ਵੀ ਸਰਕਾਰ ਦੇ ਸਿੱਖਿਆ ਵਿਭਾਗ ਅਤੇ ਅਧਿਆਪਕਾਂ ਵੱਲੋਂ ਬਹੁਤ ਹੀ ਸਖਤ ਮਿਹਨਤ ਕਰਕੇ ਈ ਕਨਟੈਂਟ, ਲੈਸਨ ਪਲਾਨ, ਲੈਕਚਰ, ਨੋਟਸ, ਅਸਾਇਨਮੈਂਟਸ, ਕੁਇਜ ਮੁਕਾਬਲਿਆਂ ਦੀਆਂ ਐਪਸ ਆਦਿ ਤਿਆਰ ਕਰਕੇ ਸਰਕਾਰੀ ਸਕੂਲਾਂ ਦੇ ਘਰ ਬੈਠੇ ਵਿਦਿਆਰਥੀਆਂ ਨੂੰ ਵੱਖ-ਵੱਖ ਸੋਸ਼ਲ ਮੀਡੀਆ ਦੇ ਜਰੀਏ ਆਨਲਾਈਨ ਸਿੱਖਿਆ ਦੇ ਕੇ ਪੜ੍ਹਾਈ ਨਾਲ ਜੋੜਿਆ ਗਿਆ ਹੈ ਤਾਂ ਕਿ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਸਰਕਾਰ ਵੱਲੋਂ ਮਿਹਨਤੀ ਸਰਕਾਰੀ ਅਧਿਆਪਕਾਂ ਦੇ ਸਹਿਯੋਗ ਨਾਲ ਤਿਆਰ ਕੀਤੇ ਲੈਕਚਰਾਂ ਨੂੰ ਡੀ ਡੀ ਪੰਜਾਬੀ ਚੈਨਲ (ਜਲੰਧਰ ਦੂਰਦਰਸ਼ਨ) ‘ਤੇ ਦਿਖਾਇਆ ਜਾ ਰਿਹਾ ਹੈ ਕਿਉਂਕਿ ਅੱਜ-ਕੱਲ੍ਹ ਹਰੇਕ ਘਰ ਟੀ. ਵੀ. ਹੈ ਤੇ ਜਲੰਧਰ ਦੂਰਦਰਸ਼ਨ ਹਰੇਕ ਟੀ. ਵੀ. ‘ਤੇ ਚਲਦਾ ਹੈ ਸਮੂਹ ਵਿਦਿਆਰਥੀ ਇਨ੍ਹਾਂ ਲੈਕਚਰਾਂ ਦਾ ਬਹੁਤ ਹੀ ਜ਼ਿਆਦਾ ਲਾਭ ਉਠਾ ਰਹੇ ਹਨ।

ਸਰਕਾਰੀ ਦੇ ਨਾਲ-ਨਾਲ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਵੀ ਇਨ੍ਹਾਂ ਲੈਕਚਰਾਂ ਦਾ ਲਾਭ ਉਠਾ ਰਹੇ ਹਨ। ਨਤੀਜੇ ਵਜੋਂ ਪ੍ਰਾਈਵੇਟ ਸਕੂਲਾਂ ਦੇ ਬੱਚੇ ਵੀ ਹਟ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਹੋ ਰਹੇ ਹਨ। ਹਰ ਕੋਈ ਚਾਹੁੰਦਾ ਹੈ ਕਿ ਉਸਦੇ ਬੱਚੇ ਵਧੀਆ ਪੜ੍ਹਾਈ-ਲਿਖਾਈ ਕਰਨ ਕਿÀੁਂਕਿ ਬੱਚੇ ਦੇ ਭਵਿੱਖ ਲਈ ਪੜ੍ਹਾਈ ਇੱਕ ਅਣਮੁੱਲਾ ਗਹਿਣਾ ਹੈ। ਇਸ ਲਈ ਜਿਸਦੀ ਥੋੜ੍ਹੀ-ਬਹੁਤ ਪਹੁੰਚ ਹੁੰਦੀ ਹੈ ਉਹ ਆਪਣੇ ਬੱਚੇ ਨੂੰ ਪ੍ਰਾਈਵੇਟ ਸਕੂਲ ਵਿੱਚ ਲਾਉਣਾ ਪਸੰਦ ਕਰਦਾ ਹੈ। ਮਾਪੇ ਸੋਚਦੇ ਹਨ ਕਿ ਪ੍ਰਾਈਵੇਟ ਸਕੂਲਾਂ ਵਿੱਚ ਅਧਿਆਪਕਾਂ ਕੋਲ ਕੋਈ ਗੈਰ-ਵਿੱਦਿਅਕ ਕੰਮ ਨਹੀਂ ਹੁੰਦਾ ਜਿਸ ਕਾਰਨ ਉਨ੍ਹਾਂ ਦੇ ਬੱਚੇ ਵਧੀਆ ਸਿੱਖਿਆ ਹਾਸਲ ਕਰਨਗੇ। ਪਰ ਇਹ ਸੋਚ ਗਲਤ ਹੈ। ਸਰਕਾਰੀ ਸਕੂਲਾਂ ਵਿੱਚ ਬਹੁਤ ਹੀ ਯੋਗ ਤੇ ਕਾਬਲ ਅਧਿਆਪਕ ਹੁੰਦੇ ਹਨ ਜੋ ਕਿ ਉੱਚੀਆਂ ਡਿਗਰੀਆਂ, ਟੈਸਟ ਪਾਸ ਕਰਕੇ ਮੈਰਿਟ ‘ਚ ਆ ਕੇ ਨੌਕਰੀ ਹਾਸਲ ਕਰਦੇ ਹਨ ਤੇ ਵਿਦਿਆਰਥੀਆਂ ਨੂੰ ਪੂਰੀ ਤਨਦੇਹੀ ਨਾਲ ਪੜ੍ਹਾਈ ਕਰਵਾਉਂਦੇ ਹਨ ਪਰ ਕਈ ਵਾਰ ਗੈਰ-ਵਿੱਦਿਅਕ ਕੰਮਾਂ ਦੇ ਬੋਝ ਕਾਰਨ ਉਨ੍ਹਾਂ ਨੂੰ ਪੜ੍ਹਾਉਣ ਵਿੱਚ ਮੁਸ਼ਕਲ ਜਰੂਰ ਆਉਂਦੀ ਹੈ ਪਰ ਹਰੇਕ ਅਧਿਆਪਕ ਦੀ ਕੋਸ਼ਿਸ਼ ਹੁੰਦੀ ਹੈ ਕਿ ਬੱਚੇ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਅਸੀਂ ਦੇਖਦੇ ਹਾਂ ਕਿ ਸਰਕਾਰੀ ਸਕੂਲਾਂ ਤੋਂ ਪੜ੍ਹੇ ਵਿਦਿਆਰਥੀ ਹੀ ਉੱਚੇ ਅਹੱਦੇ ਹਾਸਲ ਕਰਦੇ ਸਨ, ਅਜੋਕੇ ਹਾਲਾਤ ਵਿੱਚ ਵੀ ਜ਼ਿਆਦਾਤਰ ਅਫਸਰ, ਡੀ. ਸੀ, ਡਾਕਟਰ, ਇੰਜੀਨੀਅਰ, ਅਧਿਆਪਕ, ਸਰਕਾਰੀ ਮੁਲਾਜ਼ਮ ਆਦਿ ਸਰਕਾਰੀ ਸਕੂਲਾਂ ਦੇ ਹੀ ਪੜ੍ਹੇ ਹੋਏ ਹਨ।

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਸੈਸ਼ਨ 2018-19 ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਦੇ ਨਤੀਜਿਆਂ ਵਿੱਚ ਸਰਕਾਰੀ ਸਕੂਲਾਂ ਨੇ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਨਤੀਜੇ ਦੇ ਕੇ ਨਵਾਂ ਇਤਿਹਾਸ ਸਿਰਜਿਆ ਹੈ। ਪਿਛਲੇ ਸਾਲ ਦਸਵੀਂ ਦੇ ਨਤੀਜਿਆਂ ਵਿੱਚ ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 88.21% ਫੀਸਦੀ ਰਹੀ ਸੀ ਜੋ ਕਿ ਸਾਰੇ ਤਰ੍ਹਾਂ ਦੇ ਸਕੂਲਾਂ ਨਾਲੋਂ ਵੱਧ ਸੀ। ਸਰਕਾਰੀ ਸਕੂਲਾਂ ਦਾ ਨਤੀਜਾ ਪਿਛਲੇ ਸਾਲ ਨਾਲੋਂ 30.07 % ਫੀਸਦੀ ਵਧੀਆ ਰਿਹਾ। ਸਰਕਾਰੀ ਸਕੂਲ ਨਤੀਜੇ ਵਿੱਚ ਪ੍ਰਾਈਵੇਟ ਸਕੂਲਾਂ ਨਾਲੋਂ 8.7% ਅੱਗੇ ਰਹੇ। ਇਸੇ ਤਰ੍ਹਾਂ  2018-19 ਵਿੱਚ ਬਾਰ੍ਹਵੀਂ ਜਮਾਤ ਵਿੱਚ ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 88.14% ਫੀਸਦੀ ਰਹੀ। ਬਾਰ੍ਹਵੀਂ ਦੇ ਨਤੀਜੇ ਵਿੱਚ ਪਿਛਲੇ ਸਾਲ ਨਾਲੋਂ 20.44 % ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਬੋਰਡ ਜਮਾਤਾਂ ਦਾ ਸੌ ਪ੍ਰਤੀਸ਼ਤ ਨਤੀਜਾ ਦੇਣ ਵਾਲੇ ਸਮੂਹ ਵਿਸ਼ਾ ਅਧਿਆਪਕਾਂ, ਮੁੱਖ ਅਧਿਆਪਕਾਂ, ਪ੍ਰਿੰਸੀਪਲਾਂ ਆਦਿ ਨੂੰ ਮਾਣਯੋਗ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸਿੱਟੇ ਵਜੋਂ ਸਮੂਹ ਅਧਿਆਪਕਾਂ ਨੇ ਪ੍ਰਣ ਕੀਤਾ ਇਸ ਸਾਲ ਉਹ ਬੱਚਿਆਂ ਨੂੰ ਹੋਰ ਵੀ ਸਖਤ ਮਿਹਨਤ ਕਰਵਾਉਣਗੇ ਤੇ ਸੌ ਪ੍ਰਤੀਸ਼ਤ ਨਤੀਜੇ ਦੇਣਗੇ, ਪਿਛਲੇ 3-4 ਮਹੀਨਿਆਂ ਤੋਂ ਕਈ ਅਧਿਆਪਕਾਂ ਵੱਲੋਂ ਵਾਧੂ ਕਲਾਸਾਂ ਲਾ ਕੇ ਵੀ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ। ਵਧੀਆ ਨਤੀਜੇ ਆਉਣ ਕਾਰਨ ਹੁਣ ਫਿਰ ਤੋਂ ਲੋਕਾਂ ਦਾ ਰੁਝਾਨ ਸਰਕਾਰੀ ਸਕੂਲਾਂ ਵੱਲ ਵਧਣਾ ਸ਼ੁਰੂ ਹੋ ਗਿਆ ਹੈ।ਸਰਕਾਰੀ ਸਕੂਲਾਂ ਵਿੱਚ ਨਵੇਂ ਸੈਸ਼ਨ ਦੇ ਨਵੇਂ ਦਾਖਲਿਆਂ ਲਈ ਜੋ ਦਾਖਲਾ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਹ ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਉਪਰਾਲਾ ਹੈ ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਦਿੱਤੇ ਗਏ ਸਹੀ ਦਿਸ਼ਾ-ਨਿਰਦੇਸ਼ਾਂ ਦਾ ਹੀ ਸਿੱਟਾ ਹੈ ਕਿ ਅੱਜ ਸਰਕਾਰੀ ਸਕੂਲਾਂ ਦੀ ਦਿਸ਼ਾ ਅਤੇ ਦਸ਼ਾ ਵਿੱਚ ਬਹੁਤ ਸੁਧਾਰ ਹੋ ਚੁੱਕਾ ਹੈ ਇਸ ਤਰ੍ਹਾਂ ਹੋਣ ਨਾਲ ਜਿੱਥੇ ਸਰਕਾਰੀ ਸਕੂਲਾਂ ਵਿੱਚ ਨਵੇਂ ਦਾਖਲਿਆਂ ਵਿੱਚ ਵਾਧਾ ਹੋ ਰਿਹਾ ਹੈ, ਉੱਥੇ ਆਮ ਲੋਕਾਂ ਅਤੇ ਮਾਪਿਆਂ ਤੱਕ ਨੂੰ ਵੀ ਸਰਕਾਰੀ ਸਕੂਲਾਂ ਦੀ ਬਦਲ ਰਹੀ ਨੁਹਾਰ ਨੇ ਪ੍ਰਭਾਵਿਤ ਕੀਤਾ ਹੈ ਆਮ ਜਨਤਾ ਵਿੱਚ ਸਰਕਾਰੀ ਸਕੂਲਾਂ ਪ੍ਰਤੀ ਨਵੀਂ ਛਵੀ ਉੱਭਰ ਕੇ ਸਾਹਮਣੇ ਆ ਰਹੀ ਹੈ ਸਕੂਲ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਮਾਨਯੋਗ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਜੀ ਦੀ ਯੋਗ ਅਗਵਾਈ ਹੇਠ ਚੱਲੀ ਇਸ ਦਾਖਲਾ ਮੁਹਿੰਮ ਤੋਂ ਪ੍ਰੇਰਿਤ ਹੋ ਕੇ ਮਾਪੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਰਹੇ ਹਨ

ਕੰਪਿਊਟਰ ਸਿੱਖਿਆ ਹਾਸਲ ਕਰਨੀ ਸਭ ਤੋਂ ਵੱਧ ਮਹੱਤਵਪੂਰਨ

ਇਸ ਤੋਂ ਇਲਾਵਾ ਸਮੂਹ ਸਰਕਾਰੀ ਸਕੂਲਾਂ ਵਿੱਚ ਅੰਗਰੇਜੀ ਮਾਧਿਅਮ ਵੀ ਆਪਸ਼ਨਲ ਤੌਰ ‘ਤੇ ਸ਼ੁਰੂ ਕੀਤਾ ਹੈ ਅਗਰ ਕੋਈ ਵਿਦਿਆਰਥੀ ਅੰਗਰੇਜੀ ਮਾਧਿਆਮ ਰੱਖਣਾ ਚਾਹੇ ਤਾਂ ਰੱਖ ਸਕਦਾ ਹੈ। ਅੱਜ ਦਾ ਯੁੱਗ ਕੰਪਿਊਟਰ ਦਾ ਯੁੱਗ ਹੈ ਇਸ ਲਈ ਬਾਕੀ ਵਿਸ਼ਿਆਂ ਦੀ ਪੜ੍ਹਾਈ ਨੇ ਨਾਲ-ਨਾਲ ਕੰਪਿਊਟਰ ਸਿੱਖਿਆ ਹਾਸਲ ਕਰਨੀ ਸਭ ਤੋਂ ਵੱਧ ਮਹੱਤਵਪੂਰਨ ਹੈ ਕਿਉਂਕਿ ਅੱਜ-ਕੱਲ੍ਹ ਹਰ ਇੱਕ ਬੱਚੇ ਤੋਂ ਲੈ ਕੇ ਬਜੁਰਗ ਤੱਕ ਮੋਬਾਇਲ ਅਤੇ ਇੰਟਰਨੈੱਟ ਆਦਿ ਦੀ ਵਰਤੋਂ ਕਰਦਾ ਹੈ ਇਸ ਲਈ ਮੋਬਾਇਲ ਅਤੇ ਕੰਪਿਊਟਰ ਦੇ ਫੰਕਸ਼ਨਾਂ ਦੀ ਜਾਣਕਾਰੀ ਹਾਸਲ ਕਰਨ ਲਈ ਕੰਪਿਊਟਰ ਵਿਸ਼ੇ ਦੀ ਸਿੱਖਿਆ ਹਰੇਕ ਲਈ ਲਾਜ਼ਮੀ ਹੋਣੀ ਚਾਹੀਦੀ ਹੈ। ਪੰਜਾਬ ਦੇ ਸਮੂਹ ਸਰਕਾਰੀ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕੰਪਿਊਟਰ ਸਾਇੰਸ ਵਿਸ਼ੇ ਦੀ ਬਹੁਤ ਹੀ ਵਧੀਆ ਪੜ੍ਹਾਈ ਕਰਵਾਈ ਜਾਂਦੀ ਹੈ। ਸਕੂਲਾਂ ਵਿੱਚ ਕੰਪਿਊਟਰ ਸਿਖਾਉਣ ਲਈ ਬਹੁਤ ਹੀ ਯੋਗ ਕੰਪਿਊਟਰ ਅਧਿਆਪਕ, ਵਧੀਆ ਕੰਪਿਊਟਰ ਲੈਬਾਂ, ਐਜੂਸੈਟ ਲੈਬਾਂ, ਆਰ. ਓ. ਟੀ ਲੈਬਜ਼, ਮਲਟੀਮੀਡੀਆ ਲੈਬਜ਼, ਸਾਇੰਸ ਲੈਬ, ਮੈਥ ਲੈਬ, ਐਸ.ਐਸ. ਲੈਬ, ਅੰਗਰੇਜ਼ੀ ਲੈਬ, ਗਾਈਡੈਂਸ ਕਾਰਨਰ, ਖੇਡਾਂ ਦੇ ਗਰਾਊਂਡ, ਨਵੀਆਂ ਬਿਲਡਿੰਗਾਂ, ਫਰਨੀਚਰ ਆਦਿ ਦੀਆਂ ਸਹੂਲਤਾਂ ਹਨ। ਇਸ ਦੇ ਸਿੱਟੇ ਵਜੋਂ ਲੋਕਾਂ ਦਾ ਝੁਕਾਅ ਫਿਰ ਤੋਂ ਸਰਕਾਰੀ ਸਕੂਲਾਂ ਵੱਲ ਵਧਣਾ ਸ਼ੁਰੂ ਹੋ ਗਿਆ ਹੈ। ਪੂਰੇ ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਬੱਚਿਆਂ ਦੇ ਦਾਖਲੇ ਸਬੰਧੀ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਪਿਛਲੇ ਦਿਨੀਂ ਘਰ-ਘਰ ਜਾ ਕੇ ਦਾਖਲੇ ਸਬੰਧੀ ਮੁਹਿੰਮ ਚਲਾਈ ਗਈ। ਸਰਕਾਰੀ ਸਕੂਲਾਂ ਦੇ ਮੁਖੀਆਂ ਤੇ ਅਧਿਆਪਕਾਂ ਵੱਲੋਂ ਬੱਚਿਆਂ ਦੀ ਘਟ ਰਹੀ ਗਿਣਤੀ ਨੂੰ ਧਿਆਨ ‘ਚ ਰੱਖਦਿਆਂ ਸਕੂਲ ‘ਚ ਨਵੇਂ ਦਾਖਲੇ ਵੱਧ ਤੋਂ ਵੱਧ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਸਰਕਾਰੀ ਸਕੂਲਾਂ ਅੰਦਰ ਮਿਲ ਰਹੀਆਂ ਸਹੂਲਤਾਂ ਜਿਵੇਂ ਐਸ.ਸੀ. ਅਤੇ ਬੀ.ਸੀ. (ਗਰੀਬ) ਬੱਚਿਆਂ ਲਈ ਵਜੀਫੇ, ਫੀਸ ਮੁਆਫੀ, ਮੁਫਤ ਕਿਤਾਬਾਂ, ਮੁਫਤ ਵਰਦੀਆਂ, ਮਿਡ ਡੇ ਮੀਲ ਅਧੀਨ ਮੁਫਤ ਖਾਣਾ, ਮਹਿੰਗੇ ਇਲਾਜਾਂ ਵਾਲੀਆਂ ਬਿਮਾਰੀਆਂ ਦਾ ਮੁਫਤ ਇਲਾਜ, ਕੁੜੀਆਂ ਲਈ ਮੁਫਤ ਸਿੱਖਿਆ, ਹੁਸ਼ਿਆਰ ਬੱਚਿਆਂ ਲਈ ਵਜੀਫਾ, ਪ੍ਰੀਖਿਆ ਪਾਸ ਕਰਨ ‘ਤੇ ਵਜ਼ੀਫੇ ਪ੍ਰਦਾਨ ਕੀਤੇ ਜਾਂਦੇ ਹਨ। ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਤੇ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਨੂੰ ਦਰਸਾਉਂਦੇ ਫਲੈਕਸ ਬੋਰਡ ਵੀ ਸਕੂਲਾਂ ਵੱਲੋਂ ਲਾਏ ਗਏ ਹਨ। ਕਈ ਸਕੂਲਾਂ ਵੱਲੋਂ ਦਾਖਲੇ ਸਬੰਧੀ ਪਰਚੇ ਛਪਵਾ ਕੇ ਵੀ ਵੰਡੇ ਜਾ ਰਹੇ ਹਨ।

ਅਧਿਆਪਕ ਆਪਣੇ ਵੱਲੋਂ ਸਕੂਲਾਂ ਨੂੰ ਸੁੰਦਰ ਬਣਾਉਣ ਲਈ ਕਰ ਰਹੇ ਪੂਰੀ ਮਿਹਨਤ

ਇਸ ਤੋਂ ਇਲਾਵਾ ਪੰਜਾਬ ਦੇ ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਗਿਆ ਹੈ। ਲਗਭਗ ਹਰੇਕ ਸਰਕਾਰੀ ਸਕੂਲ ਦੇ ਅਧਿਆਪਕ ਆਪਣੇ ਵੱਲੋਂ ਸਕੂਲਾਂ ਨੂੰ ਸੁੰਦਰ ਬਣਾਉਣ ਲਈ ਪੂਰੀ ਮਿਹਨਤ ਕਰ ਰਹੇ ਹਨ ਸਿੱਟੇ ਵਜੋਂ ਪੰਜਾਬ ਦੇ ਬਹੁਤੇ ਸਕੂਲਾਂ ਦੀਆਂ ਬਿਲਡਿੰਗਾਂ, ਪੇਂਟ, ਕੰਧਾਂ ਦੇ ਸੁੰਦਰ ਮਾਟੋ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਵਧੀਆ ਤੇ ਸੁੰਦਰ ਬਣਾਏ ਗਏ ਹਨ। ਸਿੱਟੇ ਵਜੋਂ ਨਵੇਂ ਵਿਦਿਆਰਥੀਆਂ ਨੂੰ ਆਪਣੇ ਵੱਲ ਖਿੱਚ ਰਹੇ ਹਨ। ਇੱਥੇ ਇਹ ਵੀ ਸਪੱਸ਼ਟ ਹੈ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਦੇ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਉੱਜਵਲ ਬਣਾਉਣ ਲਈ ਗੁਣਾਤਮਿਕ ਸਿੱਖਿਆ ਦੇ ਨਾਲ-ਨਾਲ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਸਰਕਾਰ ਨੂੰ ਵੀ ਅਪੀਲ ਹੈ ਕਿ ਸਰਕਾਰੀ ਸਕੂਲਾਂ ‘ਚ ਪੁਰਾਣੇ ਸਮੇਂ ਵਾਂਗ ਵਧੀਆ ਪੜ੍ਹਾਈ ਦਾ ਮਾਹੌਲ ਦਿੱਤਾ ਜਾਵੇ, ਸਿਲੇਬਸ ਅਨੁਸਾਰ ਕਿਤਾਬਾਂ ਸਮੇਂ ਸਿਰ ਸਕੂਲਾਂ ਵਿੱਚ ਪਹੁੰਚਾਈਆਂ ਜਾਣ, ਸਮੂਹ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਅਧੀਨ ਲਿਆ ਕੇ ਪੂਰੀਆਂ ਤਨਖਾਹਾਂ ਸਮੇਂ ਸਿਰ ਦਿੱਤੀਆਂ ਜਾਣ, ਅਧਿਆਪਕਾਂ ਦੀਆਂ ਬਦਲੀਆਂ ਘਰਾਂ ਦੇ ਨੇੜੇ ਕੀਤੀਆਂ ਜਾਣ ਤੇ ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਨਾ ਲਏ ਜਾਣ ਤਾਂ ਜੋ ਅਧਿਆਪਕ ਆਪਣਾ ਪੂਰਾ ਸਮਾਂ ਵਿਦਿਆਰਥੀਆਂ ਨੂੰ ਦੇ ਸਕਣ ਤੇ ਸਕੂਲਾਂ ਨੂੰ ਤਰੱਕੀ ਦੀਆਂ ਬੁਲੰਦੀਆਂ ‘ਤੇ ਪੁਹੰਚਾ ਸਕਣ। ਪੰਜਾਬ ਸਰਕਾਰ ਦਾ ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਦੀ ਦਸ਼ਾ ਵਿੱਚ ਸੁਧਾਰ ਕਰਨ ਲਈ ਯਤਨਸ਼ੀਲ ਹੈ ਸਮਾਰਟ ਸਕੂਲਾਂ ਦਾ ਨਿਰਮਾਣ ਅਤੇ ਈ ਕੰਨਟੈਂਟ ਰਾਹੀਂ ਸਿੱਖਿਆ ਦੇਣਾ ਇੱਕ ਚੰਗਾ ਫੈਸਲਾ ਹੈ, ਜੋ ਕਿ ਵਿਭਾਗ ਦੀ ਇੱਕ ਵੱਡੀ ਪ੍ਰਾਪਤੀ ਹੈ ਇਸ ਰਾਹੀਂ ਵਿਦਿਆਰਥੀ ਅਸਾਨੀ ਨਾਲ਼ ਅਤੇ ਵੇਖ ਕੇ ਜਲਦੀ ਸਿੱਖਦੇ ਹਨ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਵਿੱਚ ਰੂਚੀ ਦਿਖਾਉਂਦੇ ਹੋਏ ਲੋੜ ਅਨੁਸਾਰ ਸਾਰੇ ਸਕੂਲਾਂ ਨੂੰ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਵਿਭਾਗ ਦੁਆਰਾ ਲੋੜ ਅਨੁਸਾਰ ਬੱਚਿਆਂ ਲਈ ਨਵੇਂ ਕਮਰੇ, ਨਵੇਂ ਡੈਸਕ, ਗਰੀਨ ਬੋਰਡ, ਵਾਈਟ ਬੋਰਡ, ਆਧੁਨਿਕ ਪ੍ਰੋਜੈਕਟਰ, ਐਲ ਈ ਡੀ,  ਖੇਡਾਂ ਦਾ ਸਾਮਾਨ, ਲਾਇਬ੍ਰੇਰੀ ਲਈ ਪੁਸਤਕਾਂ ਤੇ ਹੋਰ ਕੰਮਾਂ ਲਈ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਸਰਕਾਰੀ ਸਕੂਲਾਂ ਦੀ ਦਿਸ਼ਾ ਨੂੰ ਹੋਰ ਸੁਧਾਰਿਆ ਜਾ ਸਕੇ।

ਲੋਕਾਂ ਦਾ ਰੁਝਾਨ ਫਿਰ ਤੋਂ ਸਰਕਾਰੀ ਸਕੂਲਾਂ ਵਾਲੇ ਪਾਸੇ ਵਧੇਗਾ

ਸਕੂਲ ਦੇ  ਬੱਚਿਆਂ ਲਈ ਗੁਣਾਤਮਿਕ ਪੱਖ ਤੋਂ ਅੱਜ ਦਾ ਪ੍ਰਸ਼ਨ, ਅੰਗਰੇਜੀ ਵਿਸ਼ੇ ਦੇ ਔਖੇ ਸ਼ਬਦ, ਪੰਜਾਬੀ ਦੇ ਔਖੇ ਸ਼ਬਦ ਰੋਜ਼ਾਨਾ ਸਵੇਰ ਦੀ ਸਭਾ ਵਿੱਚ ਸਮਝਾਏ ਜਾਂਦੇ ਹਨ ਇਸ ਤੋਂ ਇਲਾਵਾ ਕਵਿਤਾਵਾਂ, ਕਹਾਣੀਆਂ, ਪਹਾੜਿਆਂ, ਭਾਸ਼ਣ, ਅੰਗਰੇਜ਼ੀ ਬੋਲਣ ਦੀ ਕੁਸ਼ਲਤਾ, ਸਭ ਤਰ੍ਹਾਂ ਦੀਆਂ ਖੇਡਾਂ ਆਦਿ ਦੇ ਮੁਕਾਬਲੇ ਕਰਵਾ ਕੇ ਬੱਚਿਆਂ ਦਾ ਸਰਵਪੱਖੀ ਵਿਕਾਸ ਕੀਤਾ ਜਾਂਦਾ ਹੈ। ਸਕੂਲਾਂ ਵਿੱਚ ਐਸ.ਸੀ.ਸੀ., ਐਨ.ਐਸ.ਐਸ., ਸਕਾਊਟ ਗਰੁੱਪ ਸ਼ੁਰੂ ਕਰਕੇ ਵੀ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਸਿੱਟੇ ਵਜੋਂ ਮਾਪਿਆਂ ਦੁਆਰਾ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਦੀ ਰੂਚੀ ਦਿਖਾਈ ਦੇਣੀ ਸ਼ੁਰੂ ਹੋ ਗਈ ਹੈ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਅਧਿਕਾਰੀ ਅਤੇ ਅਧਿਆਪਕ ਇਸ ਤਰ੍ਹਾਂ ਦੇ ਸਾਂਝੇ ਉਪਰਾਲਿਆਂ ਲਈ ਵਧਾਈ ਦੇ ਪਾਤਰ ਹਨ  ਉਮੀਦ ਹੈ ਕਿ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਜਰੂਰ ਹੀ ਦਾਖਲੇ ਵਧਣਗੇ ਅਤੇ ਲੋਕਾਂ ਦਾ ਰੁਝਾਨ ਫਿਰ ਤੋਂ ਸਰਕਾਰੀ ਸਕੂਲਾਂ ਵਾਲੇ ਪਾਸੇ ਵਧੇਗਾ।
ਪ੍ਰਮੋਦ ਧੀਰ ਜੈਤੋ ,
ਕੰਪਿਊਟਰ ਅਧਿਆਪਕ, ਸਰਕਾਰੀ ਹਾਈ ਸਕੂਲ ਢੈਪਈ (ਫਰੀਦਕੋਟ) ਮੋ. 98550-31081

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ