ਕਬੱਡੀ ਦਾ ਚਮਕਦਾ ਸਿਤਾਰਾ, ਮਾਲਾ ਗੋਬਿੰਦਪੁਰਾ

ਕਬੱਡੀ ਦਾ ਚਮਕਦਾ ਸਿਤਾਰਾ, ਮਾਲਾ ਗੋਬਿੰਦਪੁਰਾ

ਜ਼ਿਲ੍ਹਾ ਮਾਨਸਾ ਦੀ ਤਹਿਸੀਲ ਬੁਢਲਾਡਾ ਨਾਲ ਸਬੰਧਤ ਪਿੰਡ ਗੋਬਿੰਦਪੁਰਾ ਨੌਵੇਂ ਅਤੇ ਦਸਵੇਂ ਪਾਤਸ਼ਾਹ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਹੈ । ਇਸ ਪਿੰਡ ਵਿੱਚ ਜ਼ਿਆਦਾਤਰ ਅਬਾਦੀ ਧਾਲੀਵਾਲ ਲੋਕਾਂ ਦੀ ਹੈ।

ਸੰਨ 1990 ਦੇ ਪਹਿਲੇ ਮਹੀਨੇ ਦੀ 12 ਤਰੀਕ ਨੂੰ ਧਾਲੀਵਾਲ ਪਰਿਵਾਰ ਵਿੱਚ ਸ੍ਰ. ਗੁਰਨੈਬ ਸਿੰਘ ਦੇ ਗ੍ਰਹਿ ਵਿਖੇ ਮਾਤਾ ਸ੍ਰੀਮਤੀ ਗੁਰਜੀਤ ਕੌਰ ਦੀ ਕੁੱਖੋਂ ਜਨਮਿਆ ਮਲਵਿੰਦਰ ਸਿੰਘ ਮਾਲਾ ਕਬੱਡੀ ਜਗਤ ‘ਚ ਵਿਸ਼ੇਸ਼ ਪਹਿਚਾਣ ਬਣਾ ਚੁੱਕਾ ਹੈ। ਮਲਵਿੰਦਰ ਸਿੰਘ ਨੇ ਦਸਵੀਂ ਤੱਕ ਦੀ ਵਿੱਦਿਆ ਆਪਣੇ ਪਿੰਡ ਦੇ ਹੀ ਸਰਕਾਰੀ ਹਾਈ ਸਕੂਲ ਤੋਂ ਅਤੇ ਬਾਰ੍ਹਵੀਂ ਆਦਰਸ਼ ਪਬਲਿਕ ਸਕੂਲ ਬਰੇਟਾ ਤੋਂ ਕਰਨ ਉਪਰੰਤ ਗ੍ਰੈਜੂਏਸ਼ਨ ਗੁਰੂ ਨਾਨਕ ਕਾਲਜ ਬੁਢਲਾਡਾ ਤੋਂ ਪਾਸ ਕੀਤੀ ।

ਛੋਟੇ ਹੁੰਦਿਆਂ ਹੀ ਮਲਵਿੰਦਰ ਆਪਣੇ ਚਾਚਾ ਕਰਨੈਲ ਸਿੰਘ ਨਾਲ ਪਿੰਡ ਦੇ ਮੈਦਾਨ ਵਿੱਚ ਜਾਣ ਲੱਗ ਪਿਆ। ਪਿੰਡ ਵਿੱਚ ਕਬੱਡੀ ਦਾ ਮਹੌਲ ਹੋਣ ਕਰਕੇ ਮਾਲਾ ਵੀ ਬਚਪਨ ਤੋਂ ਹੀ ਪੇਂਡੂ ਖਿੱਤੇ ਦੀ ਖੇਡ ਘੇਰੇ ਵਾਲੀ ਕਬੱਡੀ ਨਾਲ ਜੁੜ ਗਿਆ। ਮੁੱਢਲੀ ਪੜ੍ਹਾਈ ਦੌਰਾਨ ਪੰਜਵੀਂ ਜਮਾਤ ‘ਚ ਪੜ੍ਹਦਿਆਂ ਮਲਵਿੰਦਰ ਨੇ ਦਿਆਲਪੁਰਾ ਵਿਖੇ ਕਰਵਾਏ ਗਏ 28 ਦੰਦਾਂ ਵਾਲੇ ਖਿਡਾਰੀਆਂ ਦੇ ਕਬੱਡੀ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਇੱਕ ਕਾਪੀ ਤੇ ਪੈੱਨ ਇਨਾਮ ਵਜੋਂ ਜਿੱਤੇ।

ਇਹ ਉਸਦੇ ਖੇਡ ਸਫਰ ਦਾ ਪਹਿਲਾ ਮੁਕਾਬਲਾ, ਪਹਿਲੀ ਜਿੱਤ ਤੇ ਪਹਿਲਾ ਇਨਾਮ ਸੀ, ਜੋ ਕਿ ਸਾਰੇ ਪਰਿਵਾਰ ਲਈ ਇੱਕ ਮਾਣ ਵਾਲੀ ਗੱਲ ਸੀ ਕਿਉਂਕਿ ਮਲਵਿੰਦਰ ਦਾ ਪਿਤਾ ਅਤੇ ਚਾਚੇ-ਤਾਏ ਸਿਰਫ ਦਰਸ਼ਕ ਵਜੋਂ ਹੀ ਕਬੱਡੀ ਨਾਲ ਜੁੜੇ ਹੋਏ ਸਨ। ਖੇਤੀਬਾੜੀ ਦੇ ਕੰਮਾਂ ਵਿੱਚ ਰੁੱਝੇ ਰਹਿਣ ਕਰਕੇ ਉਹ ਆਪਣਾ ਖਿਡਾਰੀ ਬਣਨ ਦਾ ਸੁਪਨਾ ਨਹੀਂ ਪੂਰਾ ਕਰ ਸਕੇ ।ਘਰਦਿਆਂ ਤੋਂ ਮਿਲੀ ਹੱਲਾਸ਼ੇਰੀ ਤੇ ਮਾਸਟਰ ਜਸਵੰਤ ਸਿੰਘ ਖੁਡਾਲ ਦੀ ਪ੍ਰੇਰਨਾ ਸਦਕਾ ਮਲਵਿੰਦਰ ਨੇ ਕਬੱਡੀ ਦੇ ਨਾਲ-ਨਾਲ ਸਕੂਲੀ ਸਮੇਂ ਦੌਰਾਨ ਅਥਲੈਟਿਕਸ ਦੇ ਇਵੈਂਟਾਂ ਵਿੱਚ ਵੀ ਜੋਰ ਅਜ਼ਮਾਈ ਕਰਨੀ ਆਰੰਭ ਦਿੱਤੀ। ਦਸਵੀਂ ‘ਚ ਪੜ੍ਹਦੇ ਮਲਵਿੰਦਰ ਨੇ ਅਥਲੈਟਿਕਸ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲੰਮੀ ਛਾਲ, 100 ਮੀਟਰ ਦੌੜ ਤੇ ਤੀਹਰੀ ਛਾਲ ‘ਚ ਵਧੀਆ ਪ੍ਰਦਰਸ਼ਨ ਕਰਦਿਆਂ ਸੋਨ ਤਗਮੇ ਜਿੱਤਣ ਵਿੱਚ ਸਫਲਤਾ ਹਾਸਲ ਕੀਤੀ।

ਜ਼ਿਕਰਯੋਗ ਹੈ ਕਿ ਉਨ੍ਹਾਂ ਸਮਿਆਂ ਦੌਰਾਨ ਜਦੋਂ ਇਲਾਕੇ ਵਿੱਚ ਕੋਈ ਵੀ ਕਬੱਡੀ ਮੇਲਾ ਹੁੰਦਾ ਤਾਂ ਮਲਵਿੰਦਰ ਦਾ ਪਿਤਾ ਗੁਰਨੈਬ ਸਿੰਘ ਜਲਦੀ-ਜਲਦੀ ਆਪਣੇ ਕੰਮ-ਧੰਦੇ ਨਿਬੇੜ ਕੇ ਟੂਰਨਾਮੈਂਟ ਵੇਖਣ ਲਈ ਚਲਾ ਜਾਂਦਾ ਸੀ ਤੇ ਖੇਡ ਮੇਲੇ ‘ਤੇ ਪਹੁੰਚੇ ਹੋਏ ਨਾਮਵਰ ਖਿਡਾਰੀ ਗੁਲਜ਼ਾਰੀ ਮੂਣਕ ਦੀਆਂ ਪੈਂਦੀਆਂ ਰੇਡਾਂ ਨੂੰ ਬੜੀ ਰੀਝ ਨਾਲ ਵੇਖਦਾ, ਫਿਰ ਘਰ ਆ ਕੇ ਕਈ-ਕਈ ਦਿਨਾਂ ਤੱਕ ਗੁਲਜ਼ਾਰੀ ਦੀ ਖੇਡ ਦੀਆਂ ਸਿਫਤਾਂ ਕਰਦਾ ਰਹਿੰਦਾ। ਜਦੋਂ ਕਿਸੇ ਟੂਰਨਾਮੈਂਟ ‘ਤੇ ਗੁਲਜ਼ਾਰੀ ਨਾ ਪਹੁੰਚਦਾ ਤਾਂ ਮਲਵਿੰਦਰ ਦੇ ਪਿਤਾ ਨੇ ਘਰ ਆ ਕੇ ਕਹਿਣਾ ਕਿ ਅੱਜ ਮੂਣਕ ਵਾਲਾ ਗੁਲਜ਼ਾਰੀ ਨਹੀਂ ਖੇਡਿਆ ਇਸ ਲਈ ਟੂਰਨਾਮੈਂਟ ਵੇਖਣ ਦਾ ਸੁਆਦ ਨਹੀਂ ਆਇਆ । ਬਾਪੂ ਦੇ ਮੂੰਹੋਂ ਸੁਣੀਆਂ ਗੁਲਜ਼ਾਰੀ ਮੂਣਕ ਦੀਆਂ ਤਰੀਫਾਂ ਨੇ ਮਲਵਿੰਦਰ ਦਾ ਕਬੱਡੀ ਪ੍ਰਤੀ ਜਜ਼ਬਾ ਹੋਰ ਵਧਾ ਦਿੱਤਾ।

ਬਾਰਵੀਂ ਦੀ ਪੜ੍ਹਾਈ ਤੋਂ ਬਾਅਦ ਅਥਲੈਟਿਕਸ ਦਾ ਚੰਗਾ ਕੋਚ ਨਾ ਮਿਲਣ ਕਾਰਨ ਅਤੇ ਬਾਪੂ ਦੀਆਂ ਨਜ਼ਰਾਂ ਵਿੱਚ ਗੁਲਜ਼ਾਰੀ ਵਰਗਾ ਰੇਡਰ ਬਣਨ ਦੀ ਤਾਂਘ ਨੇ ਮਲਵਿੰਦਰ ਨੂੰ ਪੱਕੇ ਤੌਰ ‘ਤੇ ਹੀ ਕਬੱਡੀ ਨਾਲ ਜੋੜ ਦਿੱਤਾ। ਸਾਲ 2008 ਵਿੱਚ ਮਲਵਿੰਦਰ ਨੇ ਆਪਣੇ ਸਾਥੀਆਂ ਪੱਪੂ ਕੁਲਰੀਆਂ, ਰਾਜੂ ਕੁਲਰੀਆਂ ਅਤੇ ਨਾਨਕ ਕੁਲਰੀਆਂ ਨਾਲ ਮਿਲ ਕੇ 70 ਕਿੱਲੋ ਭਾਰ ਵਰਗ ਦੀ ਟੀਮ ਬਣਾ ਕੇ ਕਬੱਡੀ ਮੇਲਿਆਂ ‘ਤੇ ਆਪਣੀ ਖੇਡ ਦੀ ਚੋਖੀ ਪਹਿਚਾਣ ਬਣਾ ਲਈ।

ਫਿਰ 2010 ਵਿੱਚ ਉਹ ਸੱਤੂ ਦਿਆਲਪੁਰਾ, ਕੁਲਬੀਰ ਕਾਲੀਆ, ਕਮਨ ਕਾਲੀਆ ਤੇ ਸੁਖਪਾਲ ਕੁਲਰੀਆਂ ਨਾਲ ਪਿੰਡ ਕਾਲੀਆ ਦੀ ਟੀਮ ਲਈ ਕਬੱਡੀ ਦੇ ਓਪਨ ਮੈਚਾਂ ਵਿੱਚ ਧੁੰਮਾਂ ਪਾਉਣ ਲੱਗ ਗਿਆ ਅਤੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਝੰਡੇ ਹੇਠ ਖੇਡਣ ਵਾਲੀ ਦਸਮੇਸ਼ ਕਬੱਡੀ ਕਲੱਬ ਦਾਤੇਵਾਸ ਲਈ ਚੁਣਿਆ ਗਿਆ। ਇਨ੍ਹਾਂ ਸਮਿਆਂ ਵਿੱਚ ਹੀ ਉਸਨੇ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਬੀਏ ‘ਚ ਪੜ੍ਹਦਿਆਂ ਖੋ-ਖੋ ਦੀ ਖੇਡ ਦੇ ਅੰਤਰ ਕਾਲਜ ਮੁਕਾਬਲਿਆਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਂਦਿਆਂ ਸਿਲਵਰ ਮੈਡਲ ਜਿੱਤਿਆ ਤੇ ਕਬੱਡੀ ਦੇ ਅੰਤਰ ਕਾਲਜ ਟੂਰਨਾਮੈਂਟ ਵਿੱਚ ਭਾਗ ਲਿਆ। ਅਗਲੇ ਸਾਲ 2011 ਵਿੱਚ ਮਾਲੇ ਨੂੰ ਮਸ਼ਹੂਰ ਕੋਚ ਹਰਪ੍ਰੀਤ ਸਿੰਘ ਬਾਬਾ ਨੇ ਹਰਜੀਤ ਬਾਜਾਖਾਨਾ ਕਲੱਬ ਮਲੂਕਾ (ਬਠਿੰਡਾ) ਦੀ ਟੀਮ ਦਾ ਪੱਕਾ ਮੈਂਬਰ ਬਣਾ ਲਿਆ। ਇਸ ਟੀਮ ਲਈ ਮਲਵਿੰਦਰ ਨੇ ਲਗਾਤਾਰ ਸੱਤ ਸਾਲ ਆਪਣੀ ਜ਼ਬਰਦਸਤ ਖੇਡ ਦਾ ਜਲਵਾ ਦਿਖਾਇਆ।

ਸਾਲ 2012 ਵਿੱਚ ਮਲਵਿੰਦਰ ਨੂੰ ਪਹਿਲੀ ਵਾਰ ਵਿਦੇਸ਼ੀ ਧਰਤੀ ਲਾਹੌਰ (ਪਾਕਿਸਤਾਨ) ਦੇ ਟੂਰਨਾਮੈਂਟ ‘ਤੇ ਭਾਰਤ ਦੀ ਨੁਮਾਇੰਦਗੀ ਕਰਨ ਦਾ ਅਵਸਰ ਪ੍ਰਾਪਤ ਹੋਇਆ । ਇਸੇ ਵਰ੍ਹੇ ਉਸਨੂੰ ਪੰਜਾਬ ਪੁਲਿਸ ਵਿਭਾਗ ਵਿੱਚ ਬਤੌਰ ਕਾਂਸਟੇਬਲ ਨੌਕਰੀ ਮਿਲ ਗਈ। ਪੰਜਾਬ ਦੀ ਧਰਤੀ ‘ਤੇ ਕਰਵਾਏ ਗਏ ਤੀਸਰੇ ਵਿਸ਼ਵ ਕੱਪ ਕਬੱਡੀ-2012 ਵਿੱਚ ਮਲਵਿੰਦਰ ਸਿੰਘ ਕਰੋੜਾਂ ਦੀ ਕਬੱਡੀ ਖੇਡਣ ਤੇ ਜਿੱਤਣ ਵਾਲਾ ਜ਼ਿਲ੍ਹਾ ਮਾਨਸਾ ਦਾ ਪਹਿਲਾ ਖਿਡਾਰੀ ਬਣਿਆ। ਸਮੁੱਚੇ ਕਬੱਡੀ ਜਗਤ ਵਿੱਚ ਮਕਬੂਲ ਹੋਣ ਵਾਲੇ ਮਲਵਿੰਦਰ ਦੀ ਇਸ ਪ੍ਰਾਪਤੀ ਨਾਲ ਉਸਦਾ ਨਾਂਅ ਖੇਡਾਂ ਦੀ ਦੁਨੀਆਂ ਵਿੱਚ ਬਿਜਲੀ ਵਾਂਗੂੰ ਗਰਜਣ ਲੱਗ ਪਿਆ ।

ਵਿਸ਼ਵ ਕੱਪ-2012 ਦੌਰਾਨ ਦੋਦਾ (ਸ੍ਰੀ ਮੁਕਤਸਰ ਸਾਹਿਬ) ਵਿਖੇ ਇੰਗਲੈਂਡ ਵਿਰੁੱਧ ਪਾਈਆਂ ਧੜੱਲੇਦਾਰ ਰੇਡਾਂ ਦੀ ਬਦੌਲਤ ਪ੍ਰਸਿੱਧ ਖੇਡ ਪ੍ਰਮੋਟਰ ਸੱਤਾ ਮੁਠੱਡਾ ਨੇ ਮਲਵਿੰਦਰ ਨੂੰ ਇੰਗਲੈਂਡ ਵਿੱਚ ਗ੍ਰੇਵਜ਼ੈਂਡ ਖੇਡ ਕਲੱਬ ਵੱਲੋਂ ਖੇਡਣ ਦੀ ਹਾਮੀ ਭਰ ਦਿੱਤੀ। 2014 ਵਿੱਚ ਮਲਵਿੰਦਰ ਨੂੰ ਗ੍ਰੇਵਜ਼ੈਂਡ ਕਲੱਬ ਲਈ ਇੰਗਲੈਂਡ ਦੇ ਅੱਠ ਅਲੱਗ-ਅਲੱਗ ਖੂਬਸੂਰਤ ਸ਼ਹਿਰਾਂ ‘ਚ ਕਰਵਾਏ ਗਏ ਟੂਰਨਾਮੈਂਟਾਂ ਵਿੱਚ ਘਾਹਦਾਰ ਮੈਦਾਨਾਂ ‘ਤੇ ਆਪਣੀ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਨ ਦਾ ਸੁਭਾਗ ਨਸੀਬ ਹੋਇਆ।

ਵੇਵ ਵਰਲਡ ਕਬੱਡੀ ਲੀਗ-2014 ਦੌਰਾਨ ਮਲਵਿੰਦਰ ਨੂੰ ਪੰਜਾਬ ਥੰਡਰ ਦੀ ਟੀਮ ਲਈ ਖੇਡਦਿਆਂ ਕਬੱਡੀ ਪ੍ਰੇਮੀਆਂ ਨੇ ਪੀਟੀਸੀ ਚੈਨਲ ਦੀ ਅੱਖ ਰਾਹੀਂ ਵੇਖਿਆ । ਸੰਨ 2017 ਵਿੱਚ ਉਹ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਬੈਨਰ ਹੇਠ ਖੇਡਣ ਵਾਲੀ ਬਾਬਾ ਫੂਲੋ ਪੀਰ ਕਬੱਡੀ ਅਕੈਡਮੀ ਰੌਣੀ ਦੀ ਟੀਮ ਦਾ ਹਿੱਸਾ ਬਣ ਗਿਆ । 2018 ਦੇ ਗਿਆਰਵੇਂ ਮਹੀਨੇ ਦੀ 24 ਤਰੀਖ ਨੂੰ ਮਲਵਿੰਦਰ ਸਿੰਘ ਜ਼ਿਲ੍ਹਾ ਮਾਨਸਾ ਦੇ ਪਿੰਡ ਡੇਲੂਆਣਾ ਦੀ ਧੀ ਬੀਬੀ ਮਨਜੀਤ ਕੌਰ ਨਾਲ ਵਿਆਹ ਬੰਧਨ ਵਿੱਚ ਬੱਝ ਗਿਆ ।

ਮਲਵਿੰਦਰ ਨੂੰ ਇੰਟਰਨੈਸ਼ਨਲ ਕਬੱਡੀ ਟੂਰਨਾਮੈਂਟ-2019 ਦੌਰਾਨ ਕਰੋੜਾਂ ਦੀ ਕਬੱਡੀ ਦੀ ਚੈਂਪੀਅਨ ਬਣੀ ਭਾਰਤੀ ਟੀਮ ਦੀ ਪ੍ਰਤੀਨਿਧਤਾ ਕਰਨ ਦਾ ਦੁਬਾਰਾ ਫਿਰ ਮਾਣ ਹਾਸਲ ਹੋਇਆ। ਚਾਲੂ ਵਰ੍ਹੇ ਦੌਰਾਨ ਪਾਕਿਸਤਾਨ ਦੇ ਲਾਹੌਰ, ਫੈਸਲਾਬਾਦ ਅਤੇ ਗੁਜਰਾਤ ਸ਼ਹਿਰਾਂ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਰਵਾਏ ਗਏ ਵਿਸ਼ਵ ਕੱਪ ਵਿੱਚ ਸਿਲਵਰ ਮੈਡਲ ਜਿੱਤਣ ਵਾਲੀ ਭਾਰਤੀ ਟੀਮ ਲਈ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਮਲਵਿੰਦਰ ਸਿੰਘ ਨੇ ਪੰਜਾਬ ਦੀ ਧਰਤੀ ‘ਤੇ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਅੰਡਰ ਖੇਡਣ ਵਾਲੀ ਬਾਬਾ ਸੁਖਚੈਨ ਦਾਸ ਕਲੱਬ ਸ਼ਾਹਕੋਟ ਲਈ ਕਬੱਡੀਆਂ ਪਾਈਆਂ ।

ਇਸੇ ਸਾਲ ਦੇ ਜਨਵਰੀ ਮਹੀਨੇ ਦੀ 14 ਤਰੀਕ ਨੂੰ ਉਸਦੇ ਘਰ ਨੰਨ੍ਹੀ ਪਰੀ ਨੇ ਜਨਮ ਲਿਆ, ਜਿਸ ਦਾ ਨਾਂਅ ਜਸਰਾਵੀ ਕੌਰ ਧਾਲੀਵਾਲ ਰੱਖਿਆ ਗਿਆ ਤੇ ਮਲਵਿੰਦਰ ਸਿੰਘ ਪਦਉੱਨਤ ਹੋ ਕੇ ਹੌਲਦਾਰ ਬਣ ਗਿਆ। ਆਪਣੀ ਦਮਦਾਰ ਖੇਡ ਸਦਕਾ ਸਰਵੋਤਮ ਧਾਵੀ ਬਣ ਕੇ ਇੱਕ ਦਰਜਨ ਦੇ ਕਰੀਬ ਮੋਟਰਸਾਈਕਲ, ਇੱਕ ਸਕੂਟਰ ਤੇ ਅਨੇਕਾਂ ਵਾਰ ਫਰਿੱਜ, ਸੋਨੇ ਦੀਆਂ ਮੁੰਦੀਆਂ, ਟੈਲੀਵਿਜ਼ਨ ਜਿੱਤਣ ਵਾਲਾ ਮਲਵਿੰਦਰ 2013 ਵਿੱਚ ਕੋਟੜਾ (ਮਾਨਸਾ) ਦੇ ਕਬੱਡੀ ਮੇਲੇ ‘ਤੇ ਬੁਲਟ ਨਾਲ ਵੀ ਸਨਮਾਨਿਆ ਗਿਆ ਹੈ। ਹੁਣ ਤੱਕ ਖੂਬਸੂਰਤ ਜ਼ਿੰਦਗੀ ਦੇ 18 ਸਾਲਾ ਦੌਰਾਨ ਡੋਪ ਰਹਿਤ ਕਬੱਡੀ ਖੇਡਣ ਵਾਲੇ ਮਲਵਿੰਦਰ ਸਿੰਘ ਦਾ ਦਾਅਵਾ ਹੈ ਕਿ ਉਹ ਹਮੇਸ਼ਾ ਹੀ ਆਪਣੇ ਸਰੀਰ ਦਾ ਕੋਈ ਵੀ ਟੈਸਟ ਕਰਵਾਉਣ ਲਈ ਤਿਆਰ ਹੈ।

ਕਬੱਡੀ ਤੋਂ ਇਲਾਵਾ ਕ੍ਰਿਕਟ ਤੇ ਖੋ-ਖੋ ਦਾ ਸ਼ੌਕੀਨ ਮਲਵਿੰਦਰ ਵਿਹਲੇ ਸਮੇਂ ਦੌਰਾਨ ਬਾਪੂ ਨਾਲ ਖੇਤੀਬਾੜੀ ਦੇ ਕੰਮਾਂ ਵਿੱਚ ਸਹਿਯੋਗ ਕਰਨ ਨੂੰ ਵੀ ਆਪਣਾ ਸ਼ੌਂਕ ਮੰਨਦਾ ਹੈ । ਮੈਚਾਂ ਦੌਰਾਨ ਲੱਗਣ ਵਾਲੀਆਂ ਸੱਟਾਂ ਤੇ ਖੁਰਾਕ ਦਾ ਪੂਰਾ ਖਿਆਲ ਰੱਖਣ ਵਿੱਚ ਉਸਦੀ ਮਾਤਾ ਗੁਰਜੀਤ ਕੌਰ ਵੀ ਹਰ ਵੇਲੇ ਪੂਰੀ ਤਰ੍ਹਾਂ ਸਰਗਰਮ ਰਹਿੰਦੀ ਹੈ। ਕਬੱਡੀ ਜਗਤ ਦੇ ਅਨਗਿਣਤ ਸੁਪਰ ਸਟਾਰ ਜਾਫੀਆਂ ਹੱਥੋਂ ਅੰਕ ਬਟੋਰਨ ਤੋਂ ਬਾਅਦ ਭੰਗੜਾ ਪਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਨ ਵਾਲਾ ਤੇ ਹਜ਼ਾਰਾਂ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲਾ ਮਲਵਿੰਦਰ ਅੱਜ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਪੁਰਾਣੇ ਕਬੱਡੀ ਮੈਚਾਂ ਵਿੱਚੋਂ ਕੁਝ ਨਵਾਂ ਸਿੱਖਣ ਲਈ ਤਤਪਰ ਰਹਿੰਦਾ ਹੈ । ਸਾਡੀ ਵਾਹਿਗੁਰੂ ਅੱਗੇ ਅਰਦਾਸ ਹੈ ਕਬੱਡੀ ਮੈਦਾਨਾਂ ‘ਚ ਪੈਂਦਾ ਮਲਵਿੰਦਰ ਸਿੰਘ ਦਾ ਭੰਗੜਾ ਲੰਮਾ ਸਮਾਂ ਖੇਡ ਮੇਲਿਆਂ ਦਾ ਸ਼ਿੰਗਾਰ ਬਣਿਆ ਰਹੇ!
ਪ੍ਰੋ. ਗੁਰਸੇਵ ਸਿੰਘ ‘ਸੇਵਕ ਸ਼ੇਰਗੜ’
ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ
ਮੋ. 94642-25126

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ