ਕੋਰੋਨਾ ਵਾਇਰਸ ਦਾ ਵਧ ਰਿਹਾ ਸੰਤਾਪ ਖ਼ਤਰੇ ਦੀ ਘੰਟੀ

ਕੋਰੋਨਾ ਵਾਇਰਸ ਦਾ ਵਧ ਰਿਹਾ ਸੰਤਾਪ ਖ਼ਤਰੇ ਦੀ ਘੰਟੀ

ਦੇਸ਼ ਭਰ ‘ਚ ਕੋਰੋਨਾ ਵਾਇਰਸ ਦਾ ਸੰਤਾਪ ਦਿਨ-ਪ੍ਰਤੀਦਿਨ ਵਧਦਾ ਜਾ ਰਿਹਾ ਹੈ ਅਤੇ 10 ਅਪਰੈਲ ਤੱਕ ਦੇਸ਼ ਵਿਚ ਪੀੜਤਾਂ ਦੀ ਗਿਣਤੀ 6761 ਹੋ ਗਈ ਅਤੇ ਇੱਕੋ ਦਿਨ ਵਿਚ 896 ਨਵੇਂ ਮਾਮਲੇ ਸਾਹਮਣੇ ਆਉਣੇ ਖਤਰੇ ਦੀ ਘੰਟੀ ਹੈ ਕਿਉਂਕਿ ਦੁਨੀਆਂ ਦੇ ਸਿਹਤ ਪੱਖੋਂ ਭਾਰਤ ਤੋਂ ਕਈ ਗੁਣਾਂ ਅੱਗੇ ਲੰਘੇ ਦੇਸ਼ ਵੀ ਅੱਜ ਇਸ ਭਿਆਨਕ ਮਹਾਂਮਾਰੀ ਦਾ ਠੋਸ ਹੱਲ ਕੱਢਣ ਵਿਚ ਅਸਫ਼ਲ ਰਹੇ ਹਨ।

ਇਸ ਗੰਭੀਰ ਮਾਮਲੇ ਨੂੰ ਲੈ ਕੇ 11 ਅਪਰੈਲ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫੰਰਸ ਰਾਹੀਂ ਗੱਲਬਾਤ ਕੀਤੀ ਗਈ ਜਿਨ੍ਹਾਂ ਵਿਚ ਬਹੁਗਿਣਤੀ ਮੁੱਖ ਮੰਤਰੀਆਂ ਨੇ ਇਸ ‘ਤੇ ਗੰਭੀਰ ਚਿੰਤਾ ਪ੍ਰਗਟ ਕਰਦੇ ਹੋਏ ਬੰਦ ਦੇ ਸਮੇਂ ਨੂੰ ਅੱਗੇ ਵਧਾਉਣ ਦਾ ਸੁਝਾਅ ਦਿਤਾ ਹੈ।

ਪੰਜਾਬ ਵਿਚ ਵੀ 10 ਅਪਰੈਲ ਨੂੰ 27 ਨਵੇਂ ਕੇਸ ਆਉਣੇ  ਸ਼ੁੱਭ ਸੰਕੇਤ ਨਹੀਂ। ਦੂਸਰੇ ਪਾਸੇ ਕਣਕ ਦੀ ਵਾਢੀ ਨੇ ਵੀ ਜੋਰ ਫੜ ਲਿਆ ਹੈ ਅਤੇ ਪੰਜਾਬ ਵਿਚ ਇਸ ਦੇ ਹੋ ਰਹੇ ਫ਼ੈਲਾਅ ਕਾਰਨ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 10 ਅਪਰੈਲ ਨੂੰ ਵੀਡੀਓ ਕਾਨਫੰਰਸ ਰਾਹੀਂ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਸੂਬੇ ‘ਚ ਜਾਰੀ ਕਰਫ਼ਿਊ ਨੂੰ 1 ਮਈ ਤੱਕ ਵਧਾਉਣ ਦਾ ਫੈਸਲਾ ਲਿਆ ਹੈ।

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੁਝ ਮੀਡੀਆ ਕਰਮੀਆਂ ਨਾਲ ਵੀਡੀਓ ਕਾਨਫੰਰਸ ਰਾਹੀਂ ਹੋਈ ਗਲਬਾਤ ਦੌਰਾਨ ਪੀਜੀਆਈ ਚੰਡੀਗੜ੍ਹ ਦੀ ਇੱਕ ਰਿਪੋਰਟ ਦਾ ਹਵਾਲਾ ਦਿੰਦਿਆਂ ਆਉਣ ਵਾਲੇ ਸਮੇਂ ਵਿਚ ਸੂਬੇ ‘ਚ 87 ਫ਼ੀਸਦੀ ਲੋਕਾਂ ਦੇ ਪ੍ਰਭਾਵਿਤ ਹੋਣ ਦੀਆਂ ਸੰਭਾਵਨਾ ਬਾਰੇ ਕੀਤੀ ਬਿਆਨਬਾਜ਼ੀ ਕਾਰਨ ਪੰਜਾਬੀਆਂ ਦੇ ਦਿਲਾਂ ਵਿਚ ਡਰ ਅਤੇ ਭੈਅ ਹੋਰ ਵਧ ਗਿਆ ਹੈ ਜਦੋਕਿ ਪੀ.ਜੀ.ਆਈ. ਵੱਲੋਂ ਕਿਸੇ ਵੀ ਅਧਿਐਨ ਦਾ ਖੰਡਨ ਕੀਤਾ  ਗਿਆ

ਦੂਸਰੇ ਪਾਸੇ ਦਿਹਾੜੀਦਾਰ ਕਾਮੇ ਅਤੇ ਰੋਜ਼ਾਨਾ ਕਿਰਤ ਕਰਕੇ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰਨ ਵਾਲੇ ਲੋਕਾਂ ਦੀ ਹਾਲਤ ਹੋਰ ਵੀ ਤਰਸਯੋਗ ਹੋ ਗਈ ਹੈ ਅਤੇ ਉਹ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਰਹਿਮੋ-ਕਰਮ ‘ਤੇ ਹੀ ਨਿਰਭਰ ਹੋ ਗਏ ਹਨ। ਟਰੱਕਾਂ ਅਤੇ ਢੋਆ-ਢੁਆਈ ਦੇ ਸਾਧਨਾਂ ਉਪਰ ਕੰਮ ਕਰਦੇ ਡਰਾਇਵਰ ਅਤੇ ਉਨ੍ਹਾਂ ਦੇ ਕਲੀਨਰਾਂ ਦੀ ਵੀ ਤਰਸਯੋਗ ਹਾਲਤ ਹੈ ਅਤੇ ਉਹ ਪਿਛਲੇ ਕਈ ਕਈ ਦਿਨ ਤੋਂ ਤੰਗ ਅਤੇ ਪ੍ਰੇਸ਼ਾਨ ਹੋ ਰਹੇ ਹਨ।

ਭਾਵੇਂ ਸਰਕਾਰ ਵੱਲੋਂ ਜਰੂਰੀ ਵਸਤਾਂ ਨੀਲੇ ਕਾਰਡ ਧਾਰਕਾਂ ਤੋਂ ਇਲਾਵਾ ਜਾਤ-ਪਾਤ ਦੇ ਭੇਦਭਾਵ ਨੂੰ ਖਤਮ ਕਰਦੇ ਹੋਏ ਜਰੂਰਤਮੰਦ ਪਰਿਵਾਰਾਂ ਤੱਕ ਦੇਣ ਦਾ ਸ਼ਲਾਘਾਯੋਗ ਫ਼ੈਸਲਾ ਲਿਆ ਹੈ ਲੇਕਿਨ ਹੈਰਾਨੀ ਵਾਲੀ ਗੱਲ ਇਹ ਹੈ ਕਿ ਕਈ ਖਾਂਦੇ-ਪੀਂਦੇ ਪਰਿਵਾਰਾਂ ਦੇ ਲੋਕ ਵੀ ਇਸਦਾ ਨਜਾਇਜ਼ ਫ਼ਾਇਦਾ ਚੁੱਕਣ ਲਈ ਪੱਬਾਂ ਭਾਰ ਹੋ ਕੇ ਆਪਣੇ-ਆਪ ਨੂੰ ਗਰੀਬ ਦੱਸ ਰਹੇ ਹਨ ਜਦੋਂਕਿ ਬਹੁਤ ਸਾਰੇ ਅਮੀਰਜ਼ਾਦੇ ਜਾਂ ਸਿਆਸੀ ਪਹੁੰਚ ਰੱਖਣ ਵਾਲੇ ਲੋਕ ਆਪਣੇ ਘਰਾਂ ਵਿਚ ਕੰਮ ਕਰਨ ਵਾਲੇ ਪਰਿਵਾਰਾਂ ਨੂੰ ਖੁਸ਼ ਕਰਨ ਲਈ ਪ੍ਰਸ਼ਾਸਨ ‘ਤੇ ਉਨ੍ਹਾਂ ਨੂੰ ਰਾਸ਼ਨ ਆਦਿ ਦਵਾਉਣ ਲਈ ਦਬਾਅ ਪਾ ਰਹੇ ਹਨ।

ਦੁੱਖ ਦੀ ਗੱਲ ਇਹ ਵੀ ਹੈ ਕਿ ਇਸ ਔਖੀ ਘੜੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਸਰਬੱਤ ਦੇ ਭਲੇ ਦੇ ਮਾਰਗ ਦੇ ਸੰਦੇਸ਼ ਉੱਪਰ ਬਹੁਤ ਘੱਟ ਸੰਸਥਾਵਾਂ ਜਾਂ ਲੋਕ ਅਮਲੀ ਰੂਪ ਵਿਚ ਕੰਮ ਕਰ ਰਹੇ ਹਨ ਜਦੋਂਕਿ ਜਿਆਦਾਤਰ ਲੋਕ ਇਨ੍ਹਾਂ ਪਰਿਵਾਰਾਂ ਨੂੰ ਸਾਮਾਨ ਦੇ ਕੇ ਆਪਣੀਆਂ ਫ਼ੋਟੋਆਂ ਸੋਸ਼ਲ ਮੀਡੀਆ ਜਾਂ ਪੱਤਰਕਾਰਾਂ ਰਾਹੀਂ ਅਖਬਾਰ ਵਿਚ ਛਪਾਉਣ ਨੂੰ ਤਰਜ਼ੀਹ ਦੇ ਰਹੇ ਹਨ ਅਤੇ ਅਫ਼ਸਰਸ਼ਾਹੀ ਨੂੰ ਖੁਸ਼ ਕਰਨ ਲਈ ਸਾਮਾਨ ਇਕਠਾ ਕਰਕੇ ਉਨ੍ਹਾਂ ਨੂੰ ਬੁਲਾ ਕੇ ਤਕਸੀਮ ਕਰ ਲਿਆ ਜਾਂਦਾ ਹੈ

ਜਿਸਦੇ ਨਾਲ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਕਰਫਿਊ ਦੇ ਹੁਕਮਾਂ ਦੀਆਂ ਵੀ ਧੱਜੀਆਂ Àੁੱਡਦੀਆਂ ਹਨ ਜਦੋਂਕਿ ਇਸ ਔਖੀ ਘੜੀ ਵਿਚ ਅਜਿਹੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਪੰਜਾਬ ਵਿਚ ਜਿੱਥੇ ਪਿੰਡਾਂ ਅਤੇ ਸ਼ਹਿਰਾਂ ਵਿਚ ਬਹੁਤ ਸਾਰੀਆਂ ਥਾਵਾਂ ‘ਤੇ ਲੋਕਾਂ ਨੇ ਪੱਕੇ ਨਾਕੇ ਲਾ ਕੇ ਰਸਤੇ ਬੰਦ ਕਰਕੇ ਬਾਹਰਲੇ ਦਾਖਲੇ ਬੰਦ ਕੀਤੇ ਹੋਏ ਹਨ, ਉੱਥੇ ਦੂਸਰੇ ਪਾਸੇ ਸ਼ਹਿਰਾਂ ਵਿਚ ਹੁਣ ਵੀ ਬਹੁਤ ਸਾਰੇ ਨੌਜਵਾਨ ਅਤੇ ਆਮ ਲੋਕ ਸਵੇਰ ਦੇ ਸਮੇਂ ਸੈਰ ਕਰਦੇ ਦੇਖੇ ਜਾਂਦੇ ਹਨ

ਜਿਨ੍ਹਾਂ ਨੂੰ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਜਾਨ ਦੀ ਹਿਫ਼ਾਜਤ ਲਈ ਅਜਿਹਾ ਕਰਨ ਦੀ ਥਾਂ ਆਪਣੇ ਘਰਾਂ ਦੇ ਅੰਦਰ ਬੈਠ ਕੇ ਹੀ ਇਹ ਔਖੀ ਘੜੀ ਗੁਜ਼ਾਰਨੀ ਚਾਹੀਦੀ ਹੈ। ਕਈ ਥਾਵਾਂ ‘ਤੇ ਪ੍ਰਸ਼ਾਸਨ ਵੱਲੋਂ ਆਪਣੇ ਤੌਰ ‘ਤੇ ਲੋਕਾਂ ਅਤੇ ਡਾਕਟਰਾਂ ਨੂੰ ਮਾਸਕਾਂ ਦੀ ਘਾਟ ਨੂੰ ਰੋਕਣ ਲਈ ਕੱਪੜੇ ਆਦਿ ਦੀ ਖਰੀਦਦਾਰੀ ਕਰਕੇ ਤਿਆਰ ਕਰਵਾ ਕੇ ਵੰਡਿਆ ਜਾ ਰਿਹਾ ਹੈ

ਇੱਥੇ ਇਹ ਵੀ ਵਿਚਾਰਨ ਵਾਲੀ ਗੱਲ ਹੈ ਕਿ ਜੇਕਰ ਮੁੱਖ ਮੰਤਰੀ ਵੱਲੋਂ ਦਿੱਤੇ ਸੰਕੇਤ ਮੁਤਾਬਕ ਜੁਲਾਈ-ਅਗਸਤ ਤੱਕ ਇਹ ਮਹਾਂਮਾਰੀ ਜਾਰੀ ਰਹਿੰਦੀ ਹੈ ਤਾਂ ਪੰਜਾਬ ਅਤੇਦੇਸ਼ ਦਾ ਭਾਰੀ ਨੁਕਸਾਨ ਹੋ ਜਾਵੇਗਾ, ਜਿਸ ਲਈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਸਾਰੇ ਕੰਮ ਛੱਡ ਕੇ ਵਿਸ਼ੇਸ਼ ਧਿਆਨ ਦੇਣ ਦੀ ਜਰੂਰਤ ਹੈ ਕਿਉਂਕਿ 3 ਕਰੋੜ ਦੇ ਕਰੀਬ ਅਬਾਦੀ ਵਾਲੇ ਸੂਬੇ ਵਿਚ ਇਸ ਬਿਮਾਰੀ ਨਾਲ ਮੁਕਾਬਲਾ ਕਰਨ ਲਈ ਲੋੜੀਂਦੇ ਹਸਪਤਾਲ ਅਤੇ ਸਾਮਾਨ ਨਹੀਂ ਇੱਥੋ ਤੱਕ ਕਿ ਹਸਪਤਾਲ ਦੇ ਡਾਕਟਰਾਂ, ਨਰਸਾਂ ਆਦਿ ਦੇ ਬਚਾਅ ਲਈ ਲੋੜੀਂਦੀਆਂ ਸੁਰੱਖਿਆ ਕਿੱਟਾਂ ਵੀ ਨਹੀਂ

ਇਸ ਦੇ ਬਾਵਜੂਦ ਸਿਹਤ ਕਾਮੇ, ਪ੍ਰਸ਼ਾਸਨ ਦੇ ਕੁਝ ਕੁ ਅਫ਼ਸਰਾਂ ਨੂੰ ਛੱਡ ਕੇ ਬਾਕੀ ਅਧਿਕਾਰੀ ਅਤੇ ਮੁਲਾਜ਼ਮ ਅਤੇ ਪੁਲਿਸ ਮੁਲਾਜ਼ਮ ਆਪਣੀ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਅ ਰਹੇ ਹਨ। ਅੱਜ ਵੀ ਵੇਖਣ ਵਾਲੀ ਗੱਲ ਹੈ ਕਿ ਨਾ ਹੀ ਕਿਸੇ ਪਾਸੇ ਰਾਜਸਥਾਨ ਵੱਲੋਂ ਨਸ਼ੇ ਦੇ ਟਰੱਕ ਆਉਣ, ਨਾ ਕਿਸੇ ਸੜਕਾਂ ਕਿਨਾਰੇ ਗਾਂਜਾ ਮਿਲਣ ਅਤੇ ਨਾ ਹੀ ਨਸ਼ੇ ਦੀ ਘਾਟ ਕਾਰਨ ਤਰਲੋ ਮੱਛੀ ਹੋਏ ਨਸ਼ੇੜੀਆਂ ਦਾ ਕੋਈ ਵੱਡਾ ਕਾਰਾ ਦਿਖਾਈ ਦਿੰਦਾ ਹੈ

ਇੱਥੋਂ ਤੱਕ ਕਿ ਵਾਢੀ ਸਮੇਂ ਪੈਦਾ ਹੋਣ ਵਾਲੇ ਵੱਟ ਪਿੱਛੇ ਝਗੜੇ , ਨਜਾਇਜ ਕਬਜੇ ਆਦਿ ਘਟਨਾਵਾਂ ਵੀ ਨਾਮਾਤਰ ਹਨ। ਇੱਥੋਂ ਤੱਕ ਕਿ ਰਾਜਸੀ ਰੈਲੀਆਂ, ਰੋਸ ਮੁਜਾਹਰੇ, ਹੱਕਾਂ ਦੀ ਗੱਲ ਲਈ ਧਰਨੇ ਮੁਜਾਹਰੇ ਵੀ ਗਾਇਬ ਹਨ ਅਤੇ ਸਰਕਾਰੀ ਦਫ਼ਤਰ ਬੰਦ ਹੋਣ ਕਾਰਨ ਸਾਰੇ ਕੰਮਕਾਜ ਠੱਪ ਹੋ ਗਏ ਹਨ।

ਕਰਫਿਊ ਕਾਰਨ ਬੰਦ ਹੋਏ ਕਾਰਖਾਨੇ ਅਤੇ ਆਵਾਜਾਈ ਘਟਣ ਨਾਲ ਪੰਜਾਬ ਦੇ ਗੰਧਲੇ ਹੋਏ ਵਾਤਾਵਰਨ ਵਿਚ ਵੀ ਵੱਡਾ ਸੁਧਾਰ ਆਇਆ ਹੈ ਇਸ ਲਈ ਸਾਨੂੰ ਹਮੇਸ਼ਾ ਕੁਦਰਤ ਨਾਲ ਖਿਲਵਾੜ ਕਰਨ ਤੋਂ ਗੁਰੇਜ ਕਰਦੇ ਹੋਏ ਇਸ ਔਖੀ ਘੜੀ ਵਿਚ ਪਾਰਟੀਬਾਜੀ ਤੋਂ ਉੱੱਪਰ ਉੱਠ ਕੇ ਗੁਰੂਆਂ, ਪੀਰ ਅਤੇ ਪੈਗੰਬਰਾਂ ਦੇ ਦਰਸਾਏ ਮਾਰਗ ਉੱਪਰ ਚਲਦੇ ਹੋਏ ਮਨੁੱਖਤਾ ਦੀ ਸੱਚੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਹਰ ਸੰਭਵ ਸਹਿਯੋਗ ਦੇਣਾ ਚਾਹੀਦਾ ਹੈ।

ਸ਼੍ਰੋਮਣੀ ਪੱਤਰਕਾਰ, ਅਮਲੋਹ, ਫ਼ਤਹਿਗੜ ਸਾਹਿਬ।
ਮੋ. 88729-77077
ਭੁਸ਼ਨ ਸੂਦ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।