ਬੇਮੌਸਮਾ ਮੀਂਹ : ਗੜੇਮਾਰੀ ਨਾਲ ਰੁਲਣ ਲੱਗੀ ਹਾੜੀ ਦੀ ਫ਼ਸਲ

Heavy Rain

ਬਠਿੰਡਾ ਜ਼ਿਲ੍ਹੇ ’ਚ ਕਈ ਥਾਈਂ ਭਾਰੀ ਗੜੇਮਾਰੀ | Heavy Rain

ਬਠਿੰਡਾ (ਸੁਖਜੀਤ ਮਾਨ)। ਇੰਨ੍ਹੀਂ ਦਿਨੀਂ ਜਦੋਂ ਹਾੜੀ ਦੀ ਮੁੱਖ ਫ਼ਸਲ ਕਣਕ ’ਤੇ ਬੱਲੀਆਂ ਲਹਿਰਾਉਣ ਲੱਗੀਆਂ ਹਨ ਤਾਂ ਖਰਾਬ ਹੋਏ ਮੌਸਮ ਨੇ ਕਿਸਾਨਾਂ ਦੇ ਸਾਹ ਸੂਤ ਦਿੱਤੇ ਹਨ। ਕਿਸਾਨਾਂ ਵੱਲੋਂ ਪੁੱਤਾਂ ਵਾਂਗ ਪਾਲੀ ਫ਼ਸਲ ਹੁਣ ਖਰਾਬ ਮੌਸਮ ਦੀ ਮਾਰ ਹੇਠ ਆ ਰਹੀ ਹੈ। ਅੱਜ ਬਠਿੰਡਾ ਅਤੇ ਇਸਦੇ ਨਾਲ ਲੱਗਦੇ ਕਈ ਇਲਾਕਿਆਂ ’ਚ ਭਾਰੀ ਗੜੇਮਾਰੀ ਹੋਈ, ਜਿਸ ਕਾਰਨ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ। (Heavy Rain)

Heavy Rain

ਵੇਰਵਿਆਂ ਮੁਤਾਬਿਕ ਬੀਤੇ ਕੱਲ੍ਹ ਤੋਂ ਮੌਸਮ ਦਾ ਮਿਜ਼ਾਜ ਕਾਫੀ ਬਦਲਿਆ ਹੋਇਆ ਸੀ । ਅੱਜ ਵੀ ਸਾਰਾ ਦਿਨ ਅਸਮਾਨ ’ਚ ਬੱਦਲ ਛਾਏ ਰਹੇ। ਬਾਅਦ ਦੁਪਹਿਰ ਕਈ ਥਾਈਂ ਭਾਰੀ ਮੀਂਹ ਦੇ ਨਾਲ-ਨਾਲ ਗੜੇ ਵੀ ਪਏ, ਜੋ ਫਸਲਾਂ ਲਈ ਕਾਫੀ ਨੁਕਸਾਨਦਾਇਕ ਹਨ। ਬਠਿੰਡਾ ਨੇੜਲੇ ਪਿੰਡਾਂ ਬਲਾਹੜ ਮਹਿਮਾ, ਦਾਨ ਸਿੰਘ ਵਾਲਾ, ਮਹਿਮਾ ਸਵਾਈ, ਮਹਿਮਾ ਸਰਜਾ ਆਦਿ ਸਮੇਤ ਹੋਰ ਕਈ ਪਿੰਡਾਂ ’ਚ ਅੱਜ ਗੜੇ ਪਏ ਹਨ । ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ ਨੇ ਦੱਸਿਆ ਕਿ ਮੀਂਹ ਅਤੇ ਗੜਿਆਂ ਨਾਲ ਅਗੇਤੀ ਕਣਕ ਤੋਂ ਇਲਾਵਾ ਸਰੋਂ, ਛੋਲੇ, ਸਬਜ਼ੀਆਂ ਆਦਿ ਦਾ ਕਾਫੀ ਨੁਕਸਾਨ ਹੋਇਆ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ ਹੀ ਮੰਦੀ ਦੀ ਭਾਰ ਝੱਲ ਰਹੇ ਕਿਸਾਨਾਂ ਉੱਪਰ ਪੈ ਰਹੀ ਇਸ ਕੁਦਰਤੀ ਮਾਰ ਦਾ ਸਰਕਾਰ ਮੁਆਵਜ਼ਾ ਦੇਵੇ।ਭਾਰਤੀ ਕਿਸਾਨ ਯੂਨੀਅਨ ਮਾਨਸਾ, ਪੰਜਾਬ ਦੇ ਸੂਬਾ ਜਨਰਲ ਸਕੱਤਰ ਬੇਅੰਤ ਸਿੰਘ ਮਹਿਮਾ ਸਰਜਾ ਨੇ ਦੱਸਿਆ ਕਿ ਗੜੇ ਐਨੇਂ ਜ਼ਿਆਦਾ ਤੇਜ਼ ਸੀ ਕਿ ਫਸਲਾਂ ਦੇ ਨਾਲ-ਨਾਲ ਵਾਹਨਾਂ ਦਾ ਵੀ ਭਾਰੀ ਨੁਕਸਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਮਹਿਮਾ ਸਰਜਾ ਵਿਖੇ ਇੱਕ ਘਰ ’ਚ ਖੜੀ ਗੱਡੀ ਦਾ ਪਿਛਲਾ ਵੱਡਾ ਸ਼ੀਸ਼ਾ ਗੜਿਆ ਕਾਰਨ ਟੁੱਟ ਗਿਆ। ਜ਼ਿਲ੍ਹੇ ਭਰ ‘ਚ ਫਸਲਾਂ ਸਮੇਤ ਹੋਏ ਹੋਰ ਨੁਕਸਾਨ ਦੇ ਵੇਰਵੇ ਇਕੱਤਰ ਕੀਤੇ ਜਾ ਰਹੇ ਹਨ।