ਗੈਂਗਸਟਰਾਂ ਨਾਲ ਸਬੰਧ ਰੱਖਣ ਵਾਲਿਆਂ ਦੇ ਘਰਾਂ ’ਚ ਮੂੰਹ ਹਨ੍ਹੇਰੇ ਪੁੱਜੀ ਪੁਲਿਸ

Punjab Police

ਬਠਿੰਡਾ, ਫਿਰੋਜ਼ਪੁਰ ਤੇ ਪਟਿਆਲਾ ਜ਼ਿਲ੍ਹੇ ਦੇ ਵੱਡੀ ਗਿਣਤੀ ਘਰਾਂ ’ਚ ਕੀਤੀ ਫਰੋਲਾ-ਫਰੋਲੀ

(ਸੁਖਜੀਤ ਮਾਨ) ਬਠਿੰਡਾ। ਗੈਂਗਸਟਰਾਂ ਦੇ ਖਾਤਮੇ ’ਚ ਰੁੱਝੀ ਪੰਜਾਬ ਸਰਕਾਰ ਨੇ ਹੁਣ ਗੈਂਗਸਟਰਾਂ ਨਾਲ ਕਥਿਤ ਤੌਰ ’ਤੇ ਸਬੰਧ ਰੱਖਣ ਵਾਲਿਆਂ ਦੇ ਘਰਾਂ ’ਚ ਵੀ ਦਬਸ਼ ਸ਼ੁਰੂ ਕਰ ਦਿੱਤੀ ਹੈ। ਮੰਗਲਵਾਰ ਦਿਨ ਚੜ੍ਹਦਿਆਂ ਹੀ ਪੁਲਿਸ ਨੇ ਬਠਿੰਡਾ, ਫਿਰੋਜ਼ਪੁਰ ਤੇ ਪਟਿਆਲਾ ਆਦਿ ਜ਼ਿਲਿਆਂ ’ਚ ਛਾਪੇਮਾਰੀ ਕੀਤੀ।

ਮੁੱਢਲੇ ਤੌਰ ’ਤੇ ਪਤਾ ਲੱਗਿਆ ਹੈ ਕਿ ਪੁਲਿਸ ਵੱਲੋਂ ਬੰਬੀਹਾ ਗਰੁੱਪ ਨਾਲ ਜੁੜੇ ਘਰਾਂ ’ਚ ਫਰੋਲਾ-ਫਰਾਲੀ ਕੀਤੀ ਗਈ ਹੈ। ਇਸ ਤਲਾਸ਼ੀ ਮੁਹਿੰਮ ਦੌਰਾਨ ਪੁਲਿਸ ਨੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ ਪਰ ਇਸ ਦੀ ਅਧਿਕਾਰਕ ਤੌਰ ’ਤੇ ਕਿਸੇ ਪਾਸਿਓਂ ਕੋਈ ਪੁਸ਼ਟੀ ਨਹੀਂ ਹੋਈ। ਬਠਿੰਡਾ ਜ਼ਿਲ੍ਹੇ ’ਚ ਕਰੀਬ ਪੰਜ ਦਰਜ਼ਨ ਤੋਂ ਵੱਧ ਥਾਵਾਂ ’ਤੇ ਇਹ ਛਾਪੇਮਾਰੀ ਕੀਤੀ ਗਈ। ਸਾਰੀਆਂ ਟੀਮਾਂ ਨੇ ਇੱਕੋ ਸਮੇਂ ਮੂੰਹ ਹਨੇਰੇ ਹੀ ਗੈਂਗਸਟਰਾਂ ਨਾਲ ਕਥਿਤ ਤੌਰ ’ਤੇ ਸਬੰਧ ਰੱਖਣ ਵਾਲੇ ਪਰਿਵਾਰਾਂ ਦੇ ਘਰਾਂ ’ਚ ਪਹੁੰਚ ਕੀਤੀ। ਇਸ ਜਾਂਚ ਨਾਲ ਸਬੰਧਿਤ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਕੁੱਝ ਸਮੇਂ ਤੱਕ ਪ੍ਰੈੱਸ ਕਾਨਫਰੰਸ ਜਾਂ ਪ੍ਰੈੱਸ ਬਿਆਨ ਜਾਰੀ ਕਰਕੇ ਇਸਦੀ ਮੁਕੰਮਲ ਜਾਣਕਾਰੀ ਦਿੱਤੀ ਜਾ ਸਕਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।