ਸਰਗਨੇ ਸਮੇਤ 4 ਗ੍ਰਿਫ਼ਤਾਰ, 4 ਪਿਸਤੌਲਾਂ ਬਰਾਮਦ | Crime News
Crime News: (ਸੁਖਜੀਤ ਮਾਨ) ਬਠਿੰਡਾ। ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪੰਜਾਬ ਨੇ ਬਠਿੰਡਾ ਪੁਲਿਸ ਨਾਲ ਸਾਂਝੇ ਤੌਰ ’ਤੇ ਕਾਰਵਾਈ ਕਰਦਿਆਂ ਜੱਸਾ ਬੁਰਜ ਗੈਂਗ ਦੇ ਸਰਗਨੇ ਜਸਪ੍ਰੀਤ ਸਿੰਘ ਉਰਫ਼ ਜੱਸਾ ਨੂੰ ਉਸਦੇ ਤਿੰਨ ਸਾਥੀਆਂ ਨੂੰ 32 ਬੋਰ ਦੇ ਚਾਰ ਪਿਸਤੌਲ ਅਤੇ 11 ਜਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ ਕਰਕੇ ਡਕੈਤੀ ਦੀ ਇੱਕ ਸੰਭਾਵੀ ਵਾਰਦਾਤ ਨੂੰ ਨਾਕਾਮ ਕੀਤਾ ਹੈ।
ਇਸ ਸਬੰਧੀ ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੜੇ ਗਏ ਤਿੰਨਾਂ ਜਣਿਆਂ ਦੀ ਪਛਾਣ ਕਰਨਵੀਰ ਸਿੰਘ ਉਰਫ ਕਰਨੀ ਵਾਸੀ ਪਿੰਡ ਗੁਲਾਬਗੜ੍ਹ, ਰੇਸ਼ਮ ਸਿੰਘ ਵਾਸੀ ਪਿੰਡ ਚੱਠਾ ਅਤੇ ਹਰਦੀਪ ਸਿੰਘ ਉਰਫ ਅਰਸ਼ੀ ਵਾਸੀ ਪਿੰਡ ਸੇਖੂ ਵਜੋਂ ਹੋਈ ਹੈ। ਉਹਨਾਂ ਅੱਗੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਸਾਰੇ ਮੁਲਜ਼ਮਾਂ ਦਾ ਅਪਰਾਧਿਕ ਰਿਕਾਰਡ ਹੈ ਅਤੇ ਉਹ ਹਥਿਆਰਾਂ ਦੀ ਸਪਲਾਈ, ਖੋਹ, ਅਗਵਾ ਅਤੇ ਹੋਰ ਅਪਰਾਧਾਂ ਵਿੱਚ ਸ਼ਾਮਲ ਸਨ। ਡੀਜੀਪੀ ਨੇ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਏਡੀਜੀਪੀ ਪ੍ਰਮੋਦ ਬਾਨ ਦੀ ਸਮੁੱਚੀ ਨਿਗਰਾਨੀ ਹੇਠ ਏਜੀਟੀਐਫ ਦੀਆਂ ਟੀਮਾਂ ਅਤੇ ਬਠਿੰਡਾ ਪੁਲਿਸ ਨੇ ਬਠਿੰਡਾ ਦੇ ਰਿੰਗ ਰੋਡ ਤੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਕਬਜ਼ੇ ’ਚੋਂ ਅਸਲਾ ਬਰਾਮਦ ਕੀਤਾ।
ਇਹ ਵੀ ਪੜ੍ਹੋ: Barnala News: ਬਰਨਾਲਾ ਪੁਲਿਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
ਪੁਲਿਸ ਟੀਮਾਂ ਦੀ ਅਗਵਾਈ ਡੀਐਸਪੀ ਏਜੀਟੀਐਫ ਜਸਪਾਲ ਸਿੰਘ, ਡੀਐਸਪੀ ਸਿਟੀ-2 ਸਰਬਜੀਤ ਸਿੰਘ ਅਤੇ ਇੰਚਾਰਜ ਸੀਆਈਏ-2 ਬਠਿੰਡਾ ਇੰਸਪੈਕਟਰ ਕਰਨਦੀਪ ਸਿੰਘ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਬਠਿੰਡਾ ਜ਼ਿਲ੍ਹੇ ਦੇ ਰਾਮਾ ਮੰਡੀ ਇਲਾਕੇ ਵਿੱਚ ਇੱਕ ਫਾਈਨਾਂਸਰ ਨੂੰ ਨਿਸ਼ਾਨਾ ਬਣਾ ਕੇ ਡਕੈਤੀ ਦੀ ਯੋਜਨਾ ਬਣਾ ਰਹੇ ਸਨ। ਗ੍ਰਿਫ਼ਤਾਰ ਮੁਲਜ਼ਮਾਂ ਖਿਲਾਫ਼ ਪੁਲਿਸ ਥਾਣਾ ਕੈਂਟ ਬਠਿੰਡਾ ਵਿਖੇ ਅਸਲਾ ਐਕਟ ਦੀ ਧਾਰਾ 25 ਅਤੇ 27, ਭਾਰਤੀ ਨਿਆ ਸੰਹਿਤਾ (ਬੀਐਨਐਸ) ਦੀ ਧਾਰਾ 111 ਤਹਿਤ ਐਫਆਈਆਰ ਨੰਬਰ 79 ਦਰਜ ਕੀਤੀ ਗਈ ਹੈ।
ਡੀਏਵੀ ਕਾਲਜ ਦੀ ਘਟਨਾਂ ’ਚ ਵੀ ਸੀ ਮੁਲਜ਼ਮਾਂ ਦੀ ਸ਼ਮੂਲੀਅਤ | Crime News
ਐੱਸਐੱਸਪੀ ਬਠਿੰਡਾ ਅਮਨੀਤ ਕੋਂਡਲ ਨੇ ਦੱਸਿਆ ਕਿ ਮੁਲਜ਼ਮ ਜਸਪ੍ਰੀਤ ਸਿੰਘ ਉਰਫ਼ ਜੱਸਾ ਅਤੇ ਉਸ ਦੇ ਸਾਥੀਆਂ ਨੂੰ ਪਿਛਲੇ ਮਹੀਨੇ ਡੀਏਵੀ ਕਾਲਜ ਬਠਿੰਡਾ ਵਿੱਚ ਵਾਪਰੀ ਹਿੰਸਕ ਘਟਨਾ ਵਿੱਚ ਵੀ ਸ਼ਾਮਲ ਪਾਇਆ ਗਿਆ ਸੀ। ਉਹਨਾਂ ਦੱਸਿਆ ਕਿ ਜਸਪ੍ਰੀਤ ਉਰਫ ਜੱਸਾ ਘਿਨਾਉਣੇ ਅਪਰਾਧ ਦੇ ਘੱਟੋ-ਘੱਟ 11 ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ।