ਨਰਸਿੰਗ ਸਟਾਫ਼ ਕਰੇਗਾ ਸ਼ਹਿਰੀਆਂ ਦੀ ਸਿਹਤ ਸੰਭਾਲ 

Nursing Staff, Healthcare, Citizens

ਦਿੱਲੀ ਦੀ ਮੁਹੱਲਾ ਕਲੀਨਿਕ ਦੀ ਤਰਜ਼ ‘ਤੇ ਪੰਜਾਬ ‘ਚ ਬਣਨਗੇ 2950 ਸਿਹਤ ਸੰਭਾਲ ਕੇਂਦਰ | Health

  • ਸਿਹਤ ਸੰਭਾਲ ਕੇਂਦਰਾਂ ‘ਤੇ ਨਰਸਿੰਗ ਸਟਾਫ਼ ਹੋਵੇਗਾ ਤੈਨਾਤ, ਨਹੀਂ ਐ ਪੰਜਾਬ ਕੋਲ ਡਾਕਟਰ | Health

ਚੰਡੀਗੜ੍ਹ (ਅਸ਼ਵਨੀ ਚਾਵਲਾ)। ਹੁਣ ਪੰਜਾਬ ਦੇ ਸ਼ਹਿਰੀ ਇਲਾਕਿਆਂ ਵਿੱਚ ਜਲਦ ਹੀ ਨਰਸਿੰਗ ਸਟਾਫ਼ ਓ.ਪੀ.ਡੀ. ਕਰਦੇ ਹੋਏ ਦਵਾਈ ਦਿੰਦਾ ਨਜ਼ਰ ਆਏਗਾ। ਬੁਖ਼ਾਰ, ਨਜ਼ਲਾ, ਖ਼ਾਸੀ ਸਣੇ ਛੋਟੀ ਮੋਟੀ ਬਿਮਾਰੀ ਦਾ ਮੌਕੇ ‘ਤੇ ਹੀ ਇਲਾਜ ਕਰਦੇ ਹੋਏ ਦਵਾਈ ਤੱਕ ਨਰਸਿੰਗ ਸਟਾਫ਼ ਮੌਕੇ ਹੀ ਦੇਣਗੇ, ਜਦੋਂ ਕਿ ਕਿਸੇ ਖ਼ਾਸ ਬਿਮਾਰੀ ਲਈ ਦਵਾਈ ਦੇਣ ਲਈ ਅਸਮੱਰਥ ਨਰਸਿੰਗ ਸਟਾਫ਼ ਮਰੀਜ਼ ਦਾ ਇਲਾਜ ਕਰਨ ਲਈ ਮਾਹਿਰ ਡਾਕਟਰਾਂ ਦੀ ਮੌਕੇ ‘ਤੇ ਹੀ ਸਲਾਹ ਲੈਣਗੇ। ਇਸ ਲਈ ‘ਟੈਲੀਫੋਨ ਮੈਡੀਕਲ’ ਸਿਸਟਮ ਪੰਜਾਬ ਸਰਕਾਰ ਚਲਾਉਣ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਕਾਂਗਰਸ ਸਰਕਾਰ ਪੰਜਾਬ ਵਿੱਚ ਦਿੱਲੀ ਸਰਕਾਰ ਦੇ ਮੁਹੱਲਾ ਕਲੀਨਿਕ ਦੀ ਤਰਜ਼ ‘ਤੇ 2950 ਸਿਹਤ ਸੰਭਾਲ ਕੇਂਦਰ ਖੋਲ੍ਹਣ ਜਾ ਰਹੀ ਹੈ। ਇਹ ਸਾਰੇ 2950 ਸਿਹਤ ਸੰਭਾਲ ਕੇਂਦਰ ਸ਼ਹਿਰੀ ਇਲਾਕੇ ਵਿੱਚ ਹੀ ਖੋਲ੍ਹੇ ਜਾਣਗੇ ਪਰ ਪੰਜਾਬ ਵਿੱਚ ਡਾਕਟਰਾਂ ਦੀ ਭਾਰੀ ਘਾਟ ਦੇ ਚਲਦੇ ਇਨਾਂ ਸਿਹਤ ਸੰਭਾਲ ਕੇਂਦਰਾਂ ਵਿੱਚ ਡਾਕਟਰ ਤੈਨਾਤ ਕਰਨ ਦੀ ਥਾਂ ‘ਤੇ ਸਿਰਫ਼ ਨਰਸਿੰਗ ਸਟਾਫ਼ ਹੀ ਤੈਨਾਤ ਕੀਤਾ ਜਾਏਗਾ ਜਿਹੜਾ ਕਿਸੇ ਸੱਟ ਲੱਗਣ ‘ਤੇ ਦਵਾਈ-ਪੱਟੀ ਕਰੇਗਾ ਤਾਂ ਖ਼ਾਸੀ, ਬੁਖਾਰ ਅਤੇ ਨਜ਼ਲਾ ਤੋਂ ਲੈ ਕੇ ਛੋਟੀ ਮੋਟੀ ਬਿਮਾਰੀ ਦਾ ਮੌਕੇ ‘ਤੇ ਹੀ ਇਲਾਜ ਕਰਦੇ ਹੋਏ ਦਵਾਈ ਤੱਕ ਦੇਵੇਗਾ। ਇਥੇ ਹੀ ਜਰੂਰਤ ਅਨੁਸਾਰ ਮਰੀਜ਼ ਨੂੰ ਟੀਕਾ ਵੀ ਲਗਾਇਆ ਜਾ ਸਕੇਗਾ।

ਇਹ ਵੀ ਪੜ੍ਹੋ : ਓਜ਼ੋਨ ਪਰਤ ਨੂੰ ਪਤਲੇ ਹੋਣ ਤੋਂ ਰੋਕਣ ਲਈ ਵਿਹਾਰਕ ਕਦਮ ਚੁੱਕਣੇ ਜ਼ਰੂਰੀ

ਇਨਾਂ 2950 ਸਿਹਤ ਸੰਭਾਲ ਕੇਂਦਰਾਂ ਵਿੱਚ ਕਿਸੇ ਖ਼ਾਸ ਬਿਮਾਰੀ ਦਾ ਮਰੀਜ਼ ਆਉਣ ‘ਤੇ ਜਾਣਕਾਰੀ ਨਾ ਹੋਣ ਦੇ ਬਾਵਜੂਦ ਵੀ ਨਰਸਿੰਗ ਸਟਾਫ਼ ਉਕਤ ਮਰੀਜ਼ ਨੂੰ ਵਾਪਸ ਨਹੀਂ ਭੇਜੇਗਾ, ਸਗੋਂ ਉਸ ਮਰੀਜ਼ ਨੂੰ ਦਵਾਈ ਦੇਣ ਲਈ ਮਾਹਿਰ ਡਾਕਟਰ ਨੂੰ ਫੋਨ ਕਰਕੇ ਹੋਏ ਮੌਕੇ ‘ਤੇ ਹੀ ਜਰੂਰੀ ਸਲਾਹ ਲਈ ਜਾਏਗੀ। ਮਾਹਿਰ ਡਾਕਟਰ ਦੀ ਸਲਾਹ ਲੈਣ ਤੋਂ ਬਾਅਦ ਉਸ ਮਰੀਜ਼ ਨੂੰ ਦਵਾਈ ਵੀ ਦਿੱਤੀ ਜਾਏਗੀ। ਸਿਹਤ ਵਿਭਾਗ ਇਸ ਲਈ ਸਿਹਤ ਸੰਭਾਲ ਕੇਂਦਰ ਖੁੱਲਣ ਤੋਂ ਬਾਅਦ ‘ਟੈਲੀਫੋਨ ਮੈਡੀਕਲ ਸਿਸਟਮ’ ਲਾਗੂ ਕਰਨ ਜਾ ਰਿਹਾ ਹੈ, ਜਿਥੇ ਕਿ ਪਹਿਲਾਂ ਤੋਂ ਹੀ ਸ਼ਿਫ਼ਟ ਅਨੁਸਾਰ ਮਾਹਿਰ ਡਾਕਟਰਾਂ ਦੀ ਡਿਊਟੀ ਲਗੀ ਹੋਏਗੀ, ਜਿਹੜੇ ਕਿ ਫੋਨ ‘ਤੇ ਹੀ ਮਰੀਜ਼ ਬਾਰੇ ਜਾਣਕਾਰੀ ਲੈਂਦੇ ਹੋਏ ਦਵਾਈ ਦੇਣ ਬਾਰੇ ਨਰਸਿੰਗ ਸਟਾਫ਼ ਨੂੰ ਗਾਈਡ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਇਹ ਦੇਸ਼ ਵਿੱਚ ਪਹਿਲਾਂ ‘ਟੈਲੀਫੋਨ ਮੈਡੀਕਲ ਸਿਸਟਮ’ ਹੋਏਗਾ, ਜਿਹੜਾ ਕਿ ਕਿਸੇ ਸੂਬਾ ਸਰਕਾਰ ਵਲੋਂ ਲਾਗੂ ਕੀਤਾ ਜਾ ਰਿਹਾ ਹੈ।

ਹਰ ਪੰਜਾਬੀ ਨੂੰ ਇਲਾਜ ਦੇਣਾ ਮੁੱਖ ਮਕਸਦ : ਸਿੱਧੂ

ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਹਰ ਵਾਸੀ ਨੂੰ ਚੰਗਾ ਅਤੇ ਮੌਕੇ ‘ਤੇ ਹੀ ਇਲਾਜ ਦੇਣਾ ਕਾਂਗਰਸ ਸਰਕਾਰ ਦਾ ਮੁੱਖ ਮਕਸਦ ਹੈ, ਜਿਸ ਕਾਰਨ ਹੀ ਸ਼ਹਿਰੀ ਇਲਾਕੇ ਵਿੱਚ 2950 ਸਿਹਤ ਸੰਭਾਲ ਕੇਂਦਰ ਖੋਲੇ ਜਾ ਰਹੇ ਹਨ, ਜਦੋਂ ਕਿ ਪਿੰਡਾਂ ਵਿੱਚ ਪਹਿਲਾਂ ਹੀ ਡਿਸਪੈਂਸਰੀਆਂ ਚਲ ਰਹੀਆਂ ਹਨ। ਉਨਾਂ ਦੱਸਿਆ ਕਿ ਇਥੇ ਨਰਸਿੰਗ ਸਟਾਫ਼ ਤੈਨਾਤ ਹੋਏਗਾ, ਜਿਹੜਾ ਕਿ ਮਾਹਿਰ ਡਾਕਟਰਾਂ ਦੀ ਸਲਾਹ ਲੈਂਦੇ ਹੋਏ ਆਮ ਲੋਕਾਂ ਦਾ ਇਲਾਜ ਕਰੇਗਾ।