ਨਵੀਂ ਪੰਜਾਬ ਸਰਕਾਰ ਨੂੰ ਐਲਾਨਾਂ ਤੋਂ ਨਹੀਂ ਸਗੋਂ ਅਮਲਾਂ ਤੋਂ ਪਰਖਿਆ ਜਾਵੇਗਾ- ਪੈਨਸ਼ਨਰ ਆਗੂ

Pensioner Leader Sachkahoon

ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਦੀ ਹੋਈ ਮੀਟਿੰਗ

ਕੋਟਕਪੂਰਾ। ਪੰਜਾਬ ਪੈਨਸ਼ਨਰਜ ਯੂਨੀਅਨ (ਏਟਕ) ਜਿਲਾ ਫਰੀਦਕੋਟ ਦੀ ਮਹੀਨਾਵਾਰ ਮੀਟਿੰਗ ਅੱਜ ਇੱਥੇ ਡਾ .ਹਰੀ ਸਿੰਘ ਸੇਵਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਚਾਨੀ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜੱਥੇਬੰਦੀ ਦੇ ਸੂਬਾਈ ਆਗੂ ਬਲਦੇਵ ਸਿੰਘ ਸਹਿਦੇਵ , ਅਸ਼ੋਕ ਕੌਸ਼ਲ ਤੇ ਰਾਜਿੰਦਰ ਸਿੰਘ ਸਰਾਂ ਸੇਵਾ ਮੁਕਤ ਤਹਿਸੀਲਦਾਰ ਨੇ ਕਿਹਾ ਕਿ ਪੰਜਾਬ ਸਮੇਤ ਪੰਜ ਰਾਜਾਂ ਵਿੱਚ ਹੋਈਆਂ ਚੋਣਾਂ ਦੇ ਨਤੀਜਿਆਂ ਅਤੇ ਪੰਜਾਬ ਵਿੱਚ ਸੱਤਾ ਪਰਿਵਰਤਨ ਦੇ ਬਾਅਦ ਜੱਥੇਬੰਦੀ ਦੀ ਇਹ ਪਹਿਲੀ ਮੀਟਿੰਗ ਹੈ । ਆਗੂਆਂ ਨੇ ਕਿਹਾ ਕਿ ਹਾਲੀਆ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਦੇ ਨਾਲ ਨਾਲ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਵੀ ਰਵਾਇਤੀ ਪਾਰਟੀਆਂ ਨੂੰ ਚੱਲਦਾ ਕਰਨ ਵਿੱਚ ਅਹਿਮ ਰੋਲ ਹੈ ਜਿਸ ਲਈ ਸਾਰੇ ਵਧਾਈ ਦੇ ਹੱਕਦਾਰ ਹਨ।

ਆਗੂਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਲਗਾਤਾਰ ਇਹ ਗੁਮਰਾਹਕੁੰਨ ਬਿਆਨ ਦੇ ਕੇ ਮੁਲਾਜ਼ਮ ਵਰਗ ਨੂੰ ਛੁਟਿਆਉਣ ਦਾ ਯਤਨ ਕਰਦੇ ਸਨ ਕਿ ਮੁਲਾਜ਼ਮ ਪੰਜਾਬ ਦੀ ਅਬਾਦੀ ਦਾ ਇੱਕ ਫ਼ੀਸਦੀ ਹਨ, ਅੱਜ ਉਨਾਂ ਸਭ ਹੰਕਾਰੀ ਵਜ਼ੀਰਾਂ ਨੂੰ ਲੋਕਾਂ ਵੱਲੋਂ ਬੁਰੀ ਤਰਾਂ ਨਕਾਰ ਦਿੱਤੇ ਜਾਣ ਬਾਅਦ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਦੀ ਸ਼ਕਤੀ ਦਾ ਅਹਿਸਾਸ ਹੋ ਗਿਆ ਹੋਵੇਗਾ ਅਤੇ ਉਹ ਜਰੂਰ ਪਛਤਾਅ ਰਹੇ ਹੋਣਗੇ। ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਨਵੀੰ ਬਣੀ ਪੰਜਾਬ ਸਰਕਾਰ ਨੂੰ ਲੋਕ ਐਲਾਨ ਕਰਨ ਵਜੋਂ ਨਹੀਂ ਸਗੋਂ ਐਲਾਨਾਂ ਤੇ ਅਮਲ ਕਰਨ ਵਜੋਂ ਪਰਖਣਗੇ ।

ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪੈਨਸ਼ਨਰ ਆਗੂ ਸੋਮ ਨਾਥ ਅਰੋਡ਼ਾ, ਸੁਖਚੈਨ ਸਿੰਘ ਥਾਂਦੇਵਾਲਾ, ਤਰਸੇਮ ਨਰੂਲਾ, ਇਕਬਾਲ ਸਿੰਘ ਮੰਘੇੜਾ, ਅਰਜਨ ਸਿੰਘ, ਪੀ.ਆਰ ਟੀ.ਸੀ.ਮੁਲਾਜ਼ਮਾਂ ਦੇ ਆਗੂ ਗੁਰਦੀਪ ਭੋਲਾ, ਪ੍ਰਿੰਸੀਪਲ ਨੰਦ ਲਾਲ, ਪ੍ਰਿੰਸੀਪਲ ਜੁਗਰਾਜ ਸਿੰਘ , ਗੁਰਚਰਨ ਸਿੰਘ ਮਾਨ, ਜੋਗਿੰਦਰ ਸਿੰਘ ਛਾਬੜਾ , ਸੁਖਮੰਦਰ ਸਿੰਘ ਰਾਮਸਰ, ਕੇਵਲ ਸਿੰਘ ਲੰਬਵਾਲੀ , ਜਸਬੀਰ ਸਿੰਘ, ਲੈਕਚਰਾਰ ਸੁਸ਼ੀਲ ਕੁਮਾਰ ਕੌਸ਼ਲ , ਸੁਖਦਰਸ਼ਨ ਸਿੰਘ ਗਿੱਲ, ਗੇਜ ਰਾਮ ਭੌਰਾ, ਜਸਮੇਲ ਸਿੰਘ ਬਰਾੜ , ਪਰਮਿੰਦਰ ਸਿੰਘ ਜਟਾਣਾ , ਅਮਰਜੀਤ ਕੌਰ ਛਾਬਡ਼ਾ, ਸ਼ੀਲਾ ਵੰਤੀ, ਗੁਰਮਿੰਦਰ ਕੌਰ ਤੇ ਮੈਡਮ ਵਿਜੇ ਕੁਮਾਰੀ ਚੋਪੜਾ ਆਦਿ ਵੀ ਸ਼ਾਮਲ ਸਨ ।

ਇਸ ਮੌਕੇ ‘ ਤੇ ਜੱਥੇਬੰਦੀ ਦੇ ਪੁਰਾਣੇ ਸਾਥੀ ਸਵ. ਬੈਜ ਨਾਥ ਸ਼ਰਮਾ ਦੀ ਪੁੱਤਰੀ ਰਾਮ ਮੂਰਤੀ ਪੰਜਾਬੀ ਅਧਿਆਪਕਾ ਨੂੰ ਉੁਹਨਾਂ ਦੀ ਸੇਵਾ ਮੁਕਤੀ ‘ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਇੱਕ ਮਤਾ ਪਾਸ ਕਰਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪਿਛਲੀ ਸਰਕਾਰ ਵੱਲੋਂ ਮੁਲਾਜ਼ਮ ਵਰਗ ਅਤੇ ਖਾਸ ਕਰਕੇ ਪੈਨਸ਼ਨਰ ਵਰਗ ਨਾਲ ਕੀਤੀ ਬੇਇਨਸਾਫ਼ੀ ਅਤੇ ਵਿਤਕਰੇ ਤੁਰੰਤ ਖਤਮ ਕੀਤੇ ਜਾਣ , 36000 ਕੱਚੇ ਅਤੇ ਠੇਕਾ ਮੁਲਾਜ਼ਮ ਨੂੰ ਰੈਗੂਲਰ ਕਰਨ ਸਬੰਧੀ ਤੁਰੰਤ ਅਮਲੀ ਜਾਮਾ ਪਹਿਨਾਇਆ ਜਾਵੇ , ਪੁਰਾਣੀ ਪੈਨਸ਼ਨ ਸਕੀਮ ਤੁਰੰਤ ਬਹਾਲ ਕੀਤੀ ਜਾਵੇ ਅਤੇ ਡੀ.ਏ. ਦੀਆਂ ਰਹਿੰਦੀਆਂ ਕਿਸ਼ਤਾਂ ਤੁਰੰਤ ਜਾਰੀ ਕਰਦੇ ਹੋਏ ਤਨਖਾਹਾਂ ਅਤੇ ਪੈਨਸ਼ਨਾਂ ਦੇ ਪਿਛਲੇ ਰਹਿੰਦੇ ਸਾਰੇ ਬਕਾਏ ਵੀ ਤੁਰੰਤ ਦਿੱਤੇ ਜਾਣ।

ਇਹ ਵੀ ਫ਼ੈਸਲਾ ਕੀਤਾ ਗਿਆ ਕਿ 14 ਅਪ੍ਰੈਲ ਦਿਨ ਵੀਰਵਾਰ ਨੂੰ ਵਿਸਾਖੀ ਅਤੇ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਡਾ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਵਸ ਮੌਕੇ ਫਰੀਦਕੋਟ ਦੇ ਏਟਕ ਦਫ਼ਤਰ ਵਿੱਚ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਦਾ ਦਿਨ ਕੇਂਦਰੀ ਹੁਕਮਰਾਨ ਮੋਦੀ ਸਰਕਾਰ ਵੱਲੋਂ ਫੈਲਾਈ ਜਾ ਰਹੀ ਫਿਰਕੂ ਨਫ਼ਰਤ ਦੇ ਖਿਲਾਫ਼ ‘ ਭਾਈਚਾਰਕ ਸਦਭਾਵਨਾ ਦਿਵਸ ‘ ਵਜੋਂ ਮਨਾਇਆ ਜਾਵੇਗਾ ਜਿਸ ਵਿੱਚ ਇਲਾਕੇ ਦੀਆਂ ਅਗਾਂਹ ਵਧੂ ਅਤੇ ਸੰਘਰਸ਼ਸ਼ੀਲ ਭਰਾਤਰੀ ਜੱਥੇਬੰਦੀਆਂ ਨੂੰ ਵੀ ਸ਼ਾਮਿਲ ਹੋਣ ਦਾ ਹਾਰਦਿਕ ਸੱਦਾ ਦਿੱਤਾ ਗਿਆ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ