ਲੇਬਰ ਕਮਿਸ਼ਨਰ ਨੂੰ ਗੈਸ ਏਜੰਸੀ ਵਰਕਰਾਂ ਨੇ ਘੇਰਿਆ, ਖੂਨ ਦਾ ਪਿਆਲਾ ਸੌਂਪਿਆ

The labor commissioner handed over a blood cup, surrounded by gas agency workers

ਸ਼ਾਮ ਛੇ ਵਜੇ ਪੁਲਿਸ ਦੀ ਹਾਜ਼ਰੀ ‘ਚ ਦਫ਼ਤਰ ‘ਚੋਂ ਕੱਢਿਆ ਬਾਹਰ

ਪਟਿਆਲਾ(ਸੱਚ ਕਹੂੰ ਨਿਊਜ਼) ਬਰਾੜ ਗੈਸ ਏਜੰਸੀ ਦੇ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਲੇਬਰ ਕਮਿਸ਼ਨਰ ਦਾ ਘਿਰਾਓ ਕਰਦਿਆਂ ਉਹਨਾਂ ਨੂੰ ਦਫ਼ਤਰ ਅੰਦਰ ਹੀ ਬੰਦ ਕਰ ਦਿੱਤਾ ਗਿਆ ਤੇ ਸ਼ਾਮ ਲਗਭਗ ਛੇ ਵਜੇ ਉਸ ਨੂੰ ਪੁਲਿਸ ਦੀ ਹਾਜ਼ਰੀ ਵਿੱਚ ਬਾਹਰ ਕੱਢਿਆ ਗਿਆ। ਇੱਥੇ ਹੀ ਬੱਸ ਨਹੀਂ, ਇਨ੍ਹਾਂ ਗੈਸ ਏਜੰਸੀ ਵਰਕਰਾਂ ਵੱਲੋਂ ਆਪਣਾ ਖੂਨ ਕੱਢ ਕੇ ਕਮਿਸ਼ਨਰ ਨੂੰ ਸੌਂਪਿਆ ਗਿਆ।

ਜਾਣਕਾਰੀ ਅਨੁਸਾਰ ਬਰਾੜ ਗੈਸ ਵਰਕਰ ਯੂਨੀਅਨ ਵੱਲੋਂ ਆਪਣੇ ਕੱਢੇ ਗਏ ਸਾਥੀਆਂ ਨੂੰ ਬਹਾਲ ਕਰਵਾਉਣ, ਆਪਣੀ ਤਨਖਾਹ ਖਾਤਿਆਂ ‘ਚ ਆਉਣ ਸਮੇਤ ਹੋਰ ਮੰਗਾਂ ਲਈ ਅੱਜ ਲੇਬਰ ਕਮਿਸ਼ਨਰ ਦੇ ਦਫ਼ਤਰ ਅੱਗੇ 12 ਵਜੇ ਦੇ ਕਰੀਬ ਧਰਨਾ ਠੋਕ ਦਿੱਤਾ ਤੇ ਲੇਬਰ ਕਮਿਸ਼ਨਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਕਸ਼ਮੀਰ ਸਿੰਘ ਬਿੱਲਾ ਅਤੇ ਰਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਉਹ ਇਸ ਮਸਲੇ ਸਬੰਧੀ ਡਿਪਟੀ ਕਮਿਸ਼ਨਰ ਸਮੇਤ ਕਈ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਉਨ੍ਹਾਂ ਦਾ ਮਸਲਾ ਹੱਲ ਨਹੀਂ ਕੀਤਾ ਜਾ ਰਿਹਾ।

ਆਗੂਆਂ ਨੇ ਕਿਹਾ ਕਿ ਬਰਾੜ ਗੈਸ ਏਜੰਸੀ ਦਾ ਮਾਲਕ ਪ੍ਰਸ਼ਾਸਨ ਤੋਂ ਵੀ ਉੱਚਾ ਹੋ ਗਿਆ ਹੈ, ਜਿਸ ਕਾਰਨ ਪ੍ਰਸ਼ਾਸਨ ਵੀ ਉਸ ‘ਤੇ ਕਾਰਵਾਈ ਕਰਨ ਤੋਂ ਝਿਜਕ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਏਜੰਸੀ ਦੇ ਮਾਲਕ ਵੱਲੋਂ 11 ਕਾਮਿਆਂ ਨੂੰ ਬਿਨਾਂ ਕਿਸੇ ਨੋਟਿਸ ਤੋਂ ਬਾਹਰ ਕੱਢਣ ਸਮੇਤ ਤਨਖਾਹ ਖਾਤਿਆਂ ਜਾ ਚੈੱਕ ਨਾਲ ਦੇਣ, ਕਿਰਤ ਕਾਨੂੰਨ ਅਨੁਸਾਰ ਕੰਮ ਦੇਣ ਦੇ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਪਰ ਕਿਰਤ ਕਮਿਸ਼ਨਰ ਦੇ ਇੰਸਪੈਕਟਰਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਉਲਟਾ ਗਰੀਬ ਮਜ਼ਦੂਰਾਂ ਨੂੰ ਹੀ ਦਬਾਇਆ ਜਾ ਰਿਹਾ ਹੈ।

ਉਨ੍ਹਾਂ ਦੋਸ਼ ਲਾਉਂਦਿਆਂ ਆਖਿਆ ਕਿ ਇਨ੍ਹਾਂ ਦੇ ਇੰਸਪੈਕਟਰ ਵੀ ਉਸ ਗੈਸ ਏਜੰਸੀ ਵਾਲਿਆਂ ਨਾਲ ਮਿਲੇ ਹੋਏ ਹਨ ਜਿਸ ਕਾਰਨ ਕੰਮ ਕਰਨ ਵਾਲਿਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣਾ ਮਸਲਾ ਮੋਤੀ ਮਹਿਲਾਂ ਵਿੱਚ ਪ੍ਰਨੀਤ ਕੌਰ ਦੇ ਵੀ ਧਿਆਨ ‘ਚ ਲਿਆ ਚੁੱਕੇ ਹਨ, ਪਰ ਉਨ੍ਹਾਂ ਵੱਲੋਂ ਮਜ਼ਦੂਰਾਂ ਦੀ ਬਾਂਹ ਨਹੀਂ ਫੜ੍ਹੀ ਗਈ।

ਅੱਜ ਇਕੱਠੇ ਹੋਏ ਇਨ੍ਹਾਂ ਵਰਕਰਾਂ ਵੱਲੋਂ ਆਪਣੀਆਂ ਬਾਂਹਾਂ ਵਿੱਚ ਖੂਨ ਕੱਢ ਕੇ ਕਿਰਤ ਕਮਿਸ਼ਨਰ ਨੂੰ ਵੀ ਦਿੱਤਾ ਗਿਆ। ਇਸ ਦੌਰਾਨ ਇਨ੍ਹਾਂ ਵੱਲੋਂ ਕਿਰਤ ਕਮਿਸ਼ਨਰ ਜਤਿੰਦਰਪਾਲ ਸਿੰਘ ਨੂੰ ਦਫ਼ਤਰ ਵਿੱਚੋਂ ਬਾਹਰ ਨਹੀਂ ਨਿੱਕਲ ਦਿੱਤਾ ਗਿਆ ਤੇ ਅੰਦਰ ਹੀ ਬੈਠਣ ਲਈ ਮਜ਼ਬੂਰ ਕਰੀ ਰੱਖਿਆ। ਇਸ ਤੋਂ ਬਾਅਦ ਸ਼ਾਮ ਨੂੰ ਪੁਲਿਸ ਪੁੱਜੀ ਅਤੇ ਕਿਰਤ ਕਮਿਸ਼ਨਰ ਨੂੰ ਦਫ਼ਤਰ ਤੋਂ ਬਾਹਰ ਕੱਢਿਆ ਗਿਆ। ਇਸ ਮੌਕੇ ਕਮਿਸ਼ਨਰ ਜਤਿੰਦਰਪਾਲ ਸਿੰਘ ਨੇ ਭਰੋਸਾ ਦਿੱਤਾ ਕਿ ਉਹ ਇਹ ਮਸਲਾ ਹੱਲ ਕਰਨ ਲਈ ਚਾਰਾਜੋਈ ਕਰਨਗੇ ਤੇ ਮਜ਼ਦੂਰਾਂ ਦੀਆਂ ਮੰਗਾਂ ਪੂਰੀਆਂ ਕਰਨਗੇ। ਇਸ ਮੌਕੇ ਆਗੂਆਂ ਨੇ ਕਿਹਾ ਕਿ ਜੇਕਰ ਇਹ ਫਿਰ ਲਾਰਾ ਸਾਬਤ ਹੋਇਆ ਤਾ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Labor, Commissioner, Handed, Blood, Surrounded, Gas, Agency, Workers