ਸਰਕਾਰੀ ਸਕੂਲਾਂ ਦਾ ਤੱਪੜਾਂ ਤੋਂ ਅਤਿ ਆਧੁਨਿਕ ਤਕਨੀਕਾਂ ਤੱਕ ਦਾ ਸਫਰ

ਸਰਕਾਰੀ ਸਕੂਲਾਂ ਦਾ ਤੱਪੜਾਂ ਤੋਂ ਅਤਿ ਆਧੁਨਿਕ ਤਕਨੀਕਾਂ ਤੱਕ ਦਾ ਸਫਰ

Journey of Public Schools | ਸਰਕਾਰੀ ਸਕੂਲ ਦਾ ਨਾਂਅ ਜ਼ਿਹਨ ‘ਚ ਆਉਂਦਿਆਂ ਹੀ ਜ਼ਮੀਨ ਉੱਪਰ ਤੱਪੜਾਂ ‘ਤੇ ਬੈਠੇ, ਮਿੱਟੀ ਨਾਲ ਖੇਡਦੇ ਅਤੇ ਬਿਲਕੁਲ ਠੇਠ ਪੰਜਾਬੀ ਬੋਲਦੇ, ਲਿੱਬੜੇ-ਤਿੱਬੜੇ ਵਿਦਿਆਰਥੀ ਅਤੇ ਡਿਗੂੰ-ਡਿਗੂੰ ਕਰਦੀਆਂ ਇਮਾਰਤਾਂ ਦਾ ਦ੍ਰਿਸ਼ ਆਪਣੇ-ਆਪ ਅੱਖਾਂ ਸਾਹਮਣੇ ਆ ਜਾਂਦਾ ਹੈ। ਇਹ ਦ੍ਰਿਸ਼ ਕੋਈ ਕਾਲਪਨਿਕ ਦ੍ਰਿਸ਼ ਨਹੀਂ ਸਗੋਂ ਬੀਤੇ ਸਮੇਂ ਦੇ ਸਰਕਾਰੀ ਸਕੂਲਾਂ ਦਾ ਹਕੀਕਤ ਭਰਪੂਰ ਦ੍ਰਿਸ਼ ਹੈ। ਬੁਨਿਆਦੀ ਸਹੂਲਤਾਂ ਪੱਖੋਂ ਕੰਗਾਲ ਸਰਕਾਰੀ ਸਕੂਲਾਂ ‘ਚ ਅਧਿਆਪਕਾਂ ਦਾ ਵੀ ਹਮੇਸ਼ਾ ਤੋੜਾ ਹੀ ਰਿਹਾ ਹੈ।

ਸਰਕਾਰੀ ਸਕੂਲਾਂ ਦੇ ਮੰਦਹਾਲੀ ਭਰਪੂਰ ਹਾਲਤਾਂ ਨੇ ਸਿੱਖਿਆ ਦੇ ਵਪਾਰੀਕਰਨ ਦੀ ਸੋਚ ਨੂੰ ਹੁਲਾਰਾ ਦਿੱਤਾ। ਵਪਾਰੀ ਕਿਸਮ ਦੇ ਲੋਕਾਂ ਨੇ ਨਿੱਜੀ ਸਕੂਲਾਂ ਜਰੀਏ ਕਮਾਈ ਕਰਨ ਦਾ ਅਜਿਹਾ ਵਿਚਾਰ ਮਨ ‘ਚ ਲਿਆਂਦਾ ਕਿ ਸਿੱਖਿਆ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈ। ਸਰਕਾਰਾਂ ਦੀ ਬੇਧਿਆਨੀ ਦੇ ਚੱਲਦਿਆਂ ਸਰਕਾਰੀ ਸਕੂਲਾਂ ਦੇ ਹਾਲਾਤ ਬਦ ਤੋਂ ਬਦਤਰ ਬਣਦੇ ਗਏ ਉੱਚ ਸਿੱਖਿਅਤ ਅਧਿਆਪਕਾਂ ਦੀਆਂ ਨਿਯੁਕਤੀਆਂ ਵੀ ਲੋਕਾਂ ਦਾ ਵਿਸ਼ਵਾਸ ਜਿੱਤਣ ‘ਚ ਅਸਫਲ ਰਹੀਆਂ। ਆਮ ਲੋਕ ਸਰਕਾਰੀ ਸਕੂਲਾਂ ਦੇ ਉੱਚ ਸਿੱਖਿਅਤ ਅਧਿਆਪਕਾਂ ਦੇ ਮੁਕਾਬਲੇ ਨਿੱਜੀ ਸਕੂਲਾਂ ਦੇ ਅਸਿੱਖਿਅਤ ਅਧਿਆਪਕ ਤੋਂ ਬੱਚੇ ਪੜ੍ਹਾਉਣੇ ਪਸੰਦ ਕਰਨ ਲੱਗੇ।

ਲੋਕਾਂ ਦੀ ਸਰਕਾਰੀ ਸਕੂਲਾਂ ਤੋਂ ਵਧਦੀ ਦੂਰੀ ਦਾ ਨਿੱਜੀ ਸਕੂਲਾਂ ਵੱਲੋਂ ਭਰਪੂਰ ਲਾਹਾ ਲਿਆ ਗਿਆ। ਵਿਦਿਆਰਥੀਆਂ ਤੋਂ ਹੀ ਇਮਾਰਤ ਫੰਡਾਂ ਦੀ ਵਸੂਲੀ ਕਰਕੇ ਵਿਸ਼ਾਲ ਇਮਾਰਤਾਂ ਉਸਾਰੀਆਂ ਜਾਣ ਲੱਗੀਆਂ। ਨਿੱਜੀ ਸਕੂਲਾਂ ਦੀਆਂ ਬੇਲਗਾਮ ਹੁੰਦੀਆਂ ਫੀਸਾਂ ਪਿਛਲੇ ਦਿਨੀਂ ਮਾਪਿਆਂ ਦੇ ਨਿਸ਼ਾਨੇ ‘ਤੇ ਵੀ ਰਹੀਆਂ।

ਸਮੇਂ ਨੇ ਕਰਵਟ ਲਈ ਹੈ। ਸਰਕਾਰੀ ਸਕੂਲਾਂ ਦੇ ਦ੍ਰਿਸ਼ ਹੀ ਬਦਲ ਗਏ ਹਨ। ਕਿਸੇ ਸਮੇਂ ਖਸਤਾ ਹਾਲ ਇਮਾਰਤਾਂ ‘ਚ ਚੱਲਦੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਨਿੱਜੀ ਸਕੂਲਾਂ ਦੀਆਂ ਇਮਾਰਤਾਂ ਦਾ ਭੁਲੇਖਾ ਪਾਉਣ ਲੱਗੀਆਂ ਹਨ। ਸਮਾਰਟ ਅਤੇ ਸੈਲਫ ਸਮਾਰਟ ਸਕੀਮ ਤਹਿਤ ਸਕੂਲਾਂ ‘ਚ ਬੁਨਿਆਦੀ ਸਹੂਲਤਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਹਰ ਜਮਾਤ ਕਮਰੇ ‘ਚ ਵੱਡ ਅਕਾਰੀ ਵਾਈਟ ਜਾਂ ਗਰੀਨ ਬੋਰਡ ਦੀ ਵਿਵਸਥਾ ਤੋਂ ਲੈ ਕੇ ਹਰ ਕਮਰੇ ‘ਚ ਲੈਕਚਰ ਸਟੈਂਡ, ਵਿਦਿਆਰਥੀਆਂ ਦੇ ਬੈਠਣ ਲਈ ਰੰਗਦਾਰ ਬੈਂਚ, ਸਕੂਲ ਦਾ ਸ਼ਾਨਦਾਰ ਮੁੱਖ ਦਰਵਾਜ਼ਾ, ਸਜ਼ਾਈ ਹੋਈ ਬਾਹਰੀ ਚਾਰਦਿਵਾਰੀ, ਵਿਦਿਆਰਥੀਆਂ ਲਈ ਸਾਫ-ਸੁਥਰੇ ਪਿਸ਼ਾਬ ਘਰ ਤੇ ਇੱਥੋਂ ਤੱਕ ਕਿ ਕੈਮਰਿਆਂ ਦੀ ਵੀ ਵਿਵਸਥਾ ਕੀਤੀ ਜਾ ਰਹੀ ਹੈ। ਵਿਦਿਆਰਥੀਆਂ ਦੇ ਗਲਾਂ ‘ਚ ਸਜ਼ੀਆਂ ਟਾਈਆਂ, ਲਟਕਦੇ ਸ਼ਨਾਖਤੀ ਕਾਰਡ ਤੇ ਲੱਗੀਆਂ ਬੈਲਟਾਂ ਨੇ ਵਿਦਿਆਰਥੀਆਂ ਦੀ ਦਿੱਖ ਨੂੰ ਵੀ ਚਾਰ ਚੰਨ ਲਾਏ ਹਨ।

ਬੁਨਿਆਦੀ ਸਹੂਲਤਾਂ ‘ਚ ਕ੍ਰਾਂਤੀਕਾਰੀ ਤਬਦੀਲੀ ਦੇ ਨਾਲ-ਨਾਲ ਸਰਕਾਰੀ ਸਕੂਲਾਂ ਨੇ ਪੜ੍ਹਾਉਣ ਦੀਆਂ ਤਕਨੀਕਾਂ ‘ਚ ਵੀ ਨਵੇਂ ਮੁਕਾਮ ਹਾਸਲ ਕੀਤੇ ਹਨ। ਖਸਤਾ ਹਾਲ ਬਲੈਕ ਬੋਰਡਾਂ ‘ਤੇ ਚਾਕ ਚਲਾਉਣ ਵਾਲੇ ਸਰਕਾਰੀ ਸਕੂਲਾਂ ਦੇ ਅਧਿਆਪਕ ਅੱਜ-ਕੱਲ੍ਹ ਕੰਪਿਊਟਰਾਂ, ਈ-ਕੰਟੈਂਟ ਅਤੇ ਐਜੂਸੈਟ ਜਰੀਏ ਗਿਆਨ ਵੰਡਣ ਲੱਗੇ ਹਨ। ਪੜ੍ਹਾਉਣ ਲਈ ਇਸਤੇਮਾਲ ਕੀਤੀਆਂ ਜਾ ਰਹੀਆਂ ਤਕਨੀਕਾਂ ਦੇ ਮਾਮਲੇ ‘ਚ ਸਰਕਾਰੀ ਸਕੂਲਾਂ ਨੇ ਨਿੱਜੀ ਸਕੂਲਾਂ ਨੂੰ ਪਛਾੜਨਾ ਸ਼ੁਰੂ ਕਰ ਦਿੱਤਾ ਹੈ।

ਪ੍ਰਾਇਮਰੀ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਈ-ਕੰਟੈਂਟ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਵਿਭਾਗ ਵੱਲੋਂ ਹਰ ਵਿਸ਼ੇ ਦੇ ਮਾਹਿਰਾਂ ਕੋਲੋਂ ਸਰਲ ਤੋਂ ਸਰਲ ਤਰੀਕੇ ਨਾਲ ਸਮੱਗਰੀ ਤਿਆਰ ਕਰਵਾ ਕੇ ਵਿਦਿਆਰਥੀਆਂ ਲਈ ਉਪਲੱਬਧ ਕਰਵਾਈ ਜਾ ਰਹੀ ਹੈ। ਈ-ਕੰਟੈਂਟ ਸਮੱਗਰੀ ਦੇ ਇਸਤੇਮਾਲ ਲਈ ਸਕੂਲਾਂ ‘ਚ ਐਲ.ਸੀ.ਡੀ. ਜਾਂ ਪ੍ਰੋਜੈਕਟਰ ਦੀ ਮੌਜ਼ੂਦਗੀ ਵਾਲੇ ਸਮਾਰਟ ਰੂਮ ਦੀ ਸਥਾਪਨਾ ਕੀਤੀ ਗਈ ਹੈ।

ਜਿੱਥੇ ਹਰ ਜਮਾਤ ਦੇ ਵਿਦਿਆਰਥੀ ਨਿਰਧਾਰਤ ਸਮਾਂ ਸਾਰਣੀ ਅਨੁਸਾਰ ਵੱਖ-ਵੱਖ ਵਿਸ਼ਿਆਂ ਦੇ ਪੀਰੀਅਡ ਲਾਉਂਦੇ ਹਨ। ਬਹੁਗਿਣਤੀ ਸਕੂਲਾਂ ਨੇ ਤਾਂ ਹਰ ਜਮਾਤ ਲਈ ਵੱਖਰੀ ਐਲ.ਸੀ.ਡੀ. ਉਪਲੱਬਧ ਕਰਵਾ ਕੇ ਪੜ੍ਹਾਈ ਦੀ ਦਸ਼ਾ ਹੀ ਤਬਦੀਲ ਕਰਕੇ ਰੱਖ ਦਿੱਤੀ ਹੈ। ਐਲ.ਸੀ.ਡੀ. ਜਰੀਏ ਪੜ੍ਹਾਉਣ ਦਾ ਤਰੀਕਾ ਵਿਦਿਆਰਥੀਆਂ ਲਈ ਬੇਹੱਦ ਕਾਰਗਰ ਸਿੱਧ ਹੋ ਰਿਹਾ ਹੈ।

ਵਿਦਿਆਰਥੀਆਂ ਦੀ ਮਾਨਸਿਕ ਉਮਰ ਅਨੁਸਾਰ ਤਸਵੀਰਾਂ ਅਤੇ ਐਨੀਮੇਸ਼ਨਜ਼ ਸ਼ਾਮਿਲ ਕਰਕੇ ਈ ਕੰਟੈਂਟ ਨੂੰ ਦਿਲਚਸਪ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ।

ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਐਜੂਸੈੱਟ ਜਰੀਏ ਮਾਹਿਰਾਂ ਦੇ ਸਿੱਧੇ ਲੈਕਚਰਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਹਰ ਜਮਾਤ ਦੇ ਹਰ ਵਿਸ਼ੇ ਦੇ ਔਖੇ ਸੰਕਲਪਾਂ ਨੂੰ ਮਾਹਿਰਾਂ ਵੱਲੋਂ ਨਵੀਨਤਮ ਤਰੀਕਿਆਂ ਨਾਲ ਸਮਝਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ। ਐਜੂਸੈਟ ਜਰੀਏ ਵਿਦਿਆਰਥੀਆਂ ਨੂੰ ਵੱਖ-ਵੱਖ ਮੁਕਾਬਲਿਆਂ ਦੀਆਂ ਪ੍ਰੀਖਿਆਵਾਂ ਦੀ ਵੀ ਤਿਆਰੀ ਕਰਵਾਈ ਜਾਂਦੀ ਹੈ। ਸਮੇਂ ਦੀ ਮੰਗ ਅਨੁਸਾਰ ਵਿਦਿਆਰਥੀਆਂ ਨੂੰ ਅੰਗਰੇਜੀ ਬੋਲਣ ਅਤੇ ਆਈਲੈਟਸ ਦੀ ਤਿਆਰੀ ਵੀ ਕਰਵਾਈ ਜਾ ਰਹੀ ਹੈ।

ਐਜੂਸੈਟ ਜਰੀਏ ਮਾਹਿਰਾਂ ਵੱਲੋਂ ਵਿਦਿਆਰਥੀਆਂ ਨੂੰ ਪੇਪਰ ਹੱਲ ਕਰਨ ਤੋਂ ਲੈ ਕੇ ਪ੍ਰੀਖਿਆਵਾਂ ਵਿੱਚੋਂ ਸਫਲ਼ਤਾ ਹਾਸਲ ਕਰਨ ਦੇ ਹਰ ਨੁਕਤੇ ਤੋਂ ਜਾਣੂ ਕਰਵਾਇਆ ਜਾਂਦਾ ਹੈ। ਹਰ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ‘ਚ ਕੰਪਿਊਟਰ ਸਿੱਖਿਆ ਲਈ ਪ੍ਰਯੋਗਸ਼ਾਲਾਵਾਂ ਸਥਾਪਿਤ ਕੀਤੀਆਂ ਗਈਆਂ ਹਨ। ਵਿਸ਼ੇ ਦੇ ਮਾਹਿਰ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਕੰਪਿਊਟਰ ਦੀ ਵਿਸ਼ਾਲ ਸਿਖਲਾਈ ਦਿੱਤੀ ਜਾਂਦੀ ਹੈ। ਵਿਦਿਆਰਥੀਆਂ ਦੀ ਸਿੱਖਣ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਲਈ ਪੜ੍ਹਾਉਣ ਦੀਆਂ ਵਿਧੀਆਂ ‘ਚ ਵੀ ਤਬਦੀਲੀ ਕੀਤੀ ਗਈ ਹੈ।

ਹਰ ਵਿਸ਼ੇ ਨੂੰ ਜਿਆਦਾ ਤੋਂ ਜਿਆਦਾ ਪ੍ਰੈਕਟੀਕਲ ਬਣਾਇਆ ਜਾ ਰਿਹਾ ਹੈ। ਰੱਟਾ ਲਾਉਣ ਦੀ ਬਜਾਏ ਹਰ ਸੰਕਲਪ ਨੂੰ ਗਤੀਵਧੀਆਂ ਰਾਹੀਂ ਕਰਕੇ ਸਿੱਖਣ ‘ਤੇ ਜੋਰ ਦਿੱਤਾ ਜਾ ਰਿਹਾ ਹੈ। ਵੱਖ-ਵੱਖ ਵਿਸ਼ਿਆਂ ਦੇ ਲਾਏ ਜਾ ਰਹੇ ਮੇਲਿਆਂ ਦੌਰਾਨ ਵਿਦਿਆਰਥੀ ਖੁਦ ਕਿਰਿਆਵਾਂ ਕਰਦੇ ਹਨ। ਸਰਕਾਰੀ ਸਕੂਲਾਂ ਦੀਆਂ ਬੁਨਿਆਦੀ ਅਤੇ ਪੜ੍ਹਾਈ ਸਹੂਲਤਾਂ ‘ਚ ਆ ਰਿਹਾ ਕ੍ਰਾਂਤੀਕਾਰੀ ਬਦਲਾਅ ਆਪਣੇ-ਆਪ ‘ਚ ਸਲਾਹੁਣਯੋਗ ਹੈ।
ਸ਼ਕਤੀ ਨਗਰ, ਬਰਨਾਲਾ।
ਮੋ. 98786-05965
ਬਿੰਦਰ ਸਿੰਘ ਖੁੱਡੀ ਕਲਾਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।