ਫਸਲਾਂ ਦੇ ਝਾੜ ‘ਚ ਵਾਧੇ ਦੀ ਜੁਗਤ ਦੱਸੇਗੀ ਇਜਰਾਈਲੀ ਕੰਪਨੀ

ਚੰਡੀਗੜ੍ਹ, (ਅਸ਼ਵਨੀ ਚਾਵਲਾ) । ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਮੁਸ਼ਕਿਲਾਂ ਨੂੰ ਹੱਲ ਕਰਨ ਵਾਲੀ ਇਜ਼ਰਾਈਲ ਅਧਾਰਿਤ ਕੰਪਨੀ ਅਰਨਾ ਦੀ ਭਾਈਵਾਲੀ ਨਾਲ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਦੀ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਇਹ ਕੰਪਨੀ ਸੂਬੇ ਦੀ ਸਮੱਸਿਆਵਾਂ ਵਿੱਚ ਘਿਰੀ ਹੋਈ ਕਿਸਾਨੀ ਨੂੰ ਤਕਨੀਕੀ ਗਿਆਨ ਮੁਹੱਈਆ ਕਰਵਾ ਕੇ ਫਸਲਾਂ ਦੇ ਝਾੜ ਅਤੇ ਆਮਦਨ ਵਿੱਚ ਵਾਧਾ ਕਰਨ ਦੀ ਜੁਗਤ ਦੱਸੇਗੀ। ਇਸ ਦੇ ਨਾਲ ਹੀ ਇਹ ਫਸਲੀ ਵਿਭਿੰਨਤਾ ਦੀ ਸੁਵਿਧਾ ਵੀ ਪ੍ਰਦਾਨ ਕਰਵਾਏਗੀ।

ਇਸ ਸਬੰਧੀ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਕੰਪਨੀ ਪੰਜਾਬ ਦੇ ਸਾਰੇ ਕਿਸਾਨਾਂ ਨੂੰ ਸਟੇਟ ਡਿਜੀਟਲ ਐਗਰੀਕਲਚਰ ਪਲੇਟਫਾਰਮ ਮੁਹੱਈਆ ਕਰਵਾਵੇਗੀ। ਇਸ ਤੋਂ ਇਲਾਵਾ ਇਹ ਕਿਸਾਨਾਂ ਦੀਆਂ ਖੇਤੀਬਾੜੀ ਸਬੰਧੀ ਸਰਗਰਮੀਆਂ ‘ਤੇ ਵੀ ਧਿਆਨ ਰੱਖਣ ਤੋਂ ਇਲਾਵਾ ਉਨ੍ਹਾਂ ਵੱਲੋਂ ਖਾਦ ਦੀ ਵਰਤੋਂ ਅਤੇ ਸਮੇਂ ਸਿਰ ਭੌਂ ਅਤੇ ਪਾਣੀ ਦੇ ਵਿਸ਼ਲੇਸ਼ਣ ‘ਤੇ ਵੀ ਨਜ਼ਰ ਰੱਖੇਗੀ। ਇਸ ਪ੍ਰੋਜੈਕਟ ਦਾ ਉਦੇਸ਼ ਫਸਲਾਂ ਦੇ ਮਿਆਰ ਅਤੇ ਝਾੜ ਵਿੱਚ ਵਾਧਾ ਕਰਨਾ ਹੈ ਤਾਂ ਜੋ ਕਿਸਾਨਾਂ ਦੀ ਕਰਜ਼ਾ ਮੋੜਣ ਦੀ ਸਮਰੱਥਾ ਵਿੱਚ ਵਾਧਾ ਕੀਤਾ ਜਾ ਸਕੇ। ਮੁੱਖ ਮੰਤਰੀ ਨੇ ਬਾਗਬਾਨੀ ਦੇ ਵਧੀਕ ਮੁੱਖ ਸਕੱਤਰ ਨੂੰ ਹਦਾਇਤ ਦਿੱਤੀ ਕਿ ਉਹ ਇਸ ਪਾਇਲਟ ਪ੍ਰੋਜੈਕਟ ਨੂੰ ਤੇਜ਼ੀ ਨਾਲ ਚਲਾਉਣ ਲਈ ਇੱਕ ਨੋਡਲ ਅਫਸਰ ਨੂੰ ਸਿਰਫ ਇਸੇ ਕੰਮ ਵਾਸਤੇ ਹੀ ਤਾਇਨਾਤ ਕਰਨ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਦੇ ਸਾਹਮਣੇ ਪੇਸ਼ਕਾਰੀ ਕਰਦੇ ਹੋਏ ਅਰਨਾ ਦੇ ਐਰਿਕ ਮੈਟਲਾ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਕਿਸਾਨਾਂ ਵੱਲੋਂ ਖਾਦਾਂ ਦੀ ਸੰਤੁਲਤ ਅਤੇ ਢੁਕਵੀਂ ਵਰਤੋਂ ਕਰਨ ਲਈ ਵਿਆਪਕ ਹੱਲ ਮੁਹੱਈਆ ਕਰਵਾਏਗੀ। ਚੋਣਵੀਆਂ ਫਸਲਾਂ ‘ਤੇ ਕਿਸਾਨਾਂ ਦੇ ਬਹੁਤ ਜ਼ਿਆਦਾ ਨਿਰਭਰ ਹੋਣ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਕੰਪਨੀ ਨੇ ਤਕਨੀਕੀ ਸਮਰਥਨ ਮੁਹੱਈਆ ਕਰਵਾ ਕੇ ਫਸਲੀ ਵਿਭਿੰਨਤਾ ਲਈ ਸਹੂਲਤ ਉੱਪਲਬਧ ਕਰਵਾਏ ਜਾਣ ਦੀ ਵੀ ਪੇਸ਼ਕਸ਼ ਕੀਤੀ ਤਾਂ ਜੋ ਕਿਸਾਨਾਂ ਨੂੰ ਬਾਗਬਾਨੀ, ਦਾਲਾਂ, ਨਿੰਬੂ ਜਾਤੀ ਦੇ ਫਲਾਂ, ਮੱਕੀ ਅਤੇ ਸਬਜ਼ੀਆਂ ਆਦਿ ਵੱਲ ਨੂੰ ਲਿਜਾਇਆ ਜਾ ਸਕੇ।

ਬੁਲਾਰੇ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਨੇ ਧਰਤੀ ਹੇਠਲੇ ਪਾਣੀ ਦੇ ਤੇਜ਼ੀ ਨਾਲ ਹੋਰ ਹੇਠਾਂ ਜਾਣ ਦੀ ਸਮੱਸਿਆ ਨਾਲ ਨਿਪਟਣ ਲਈ ਕੰਪਨੀ ਦੀ ਮਦਦ ਮੰਗੀ। ਉਨ੍ਹਾਂ ਨੇ ਇਜ਼ਰਾਈਲ ਦੀ ਫਰਮ ਨੂੰ ਕਿਸਾਨਾਂ ਵੱਲੋਂ ਖਾਦਾਂ ਦੀ ਕੀਤੀ ਜਾ ਰਹੀ ਹੱਦੋਂ ਵੱਧ ਵਰਤੋਂ ਨੂੰ ਰੋਕਣ ਲਈ ਜਾਗਰੂਕਤਾ ਪ੍ਰੋਗਰਾਮ ਸ਼ੁਰੂ ਕਰਨ ਵਾਸਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਐਕਸਟੈਂਸ਼ਨ ਵਿੰਗ ਨਾਲ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਰਿਵਾਇਤੀ ਫਸਲੀ ਚੱਕਰ ਵਿੱਚੋਂ ਕੱਢਣ ਲਈ ਉਨ੍ਹਾਂ ਨੂੰ ਉਤਸ਼ਾਹਤ ਵੀ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਸਦੇ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਬਹੁਤ ਜ਼ਿਆਦਾ ਘਟੀ ਹੈ।

ਇਸੇ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਕਿੰਨੂ ਫਾਰਮ ਨੂੰ ਪਾਇਲਟ ਪ੍ਰੋਜੈਕਟ ਵਜੋਂ ਲੈਣ ਅਤੇ ਇਸ ਕੰਮ ਵਿੱਚ ਲੱਗਣ ਵਾਲੀ  ਸਮੁੱਚੀ ਲਾਗਤ ਵੀ ਖੁਦ ਸਹਿਣ ਕਰਨ ਦੀ ਪੇਸ਼ਕਸ਼ ਕੀਤੀ।