ਚੰਨੀ ਦੇ ਪਰਾਂਠੇ ਤੇ ਲਜ਼ੀਜ਼ ਖਾਣੇ’ ਲਈ ਖ਼ਰਚਾ ਕਰਦੀ ਸੀ ਸਰਕਾਰ, 3 ਮਹੀਨਿਆਂ ’ਚ 60 ਲੱਖ ਦਾ ਖਰਚਾ

Charanjit Channi

ਖਾਣੇ ਦੀ ਸੇਵਾ ਲਈ ‘ਤਾਜ ਹੋਟਲ’ ਨੂੰ ਵੀ ਦਿੰਦੇ ਸਨ ਮੌਕਾ, 3900 ਰੁਪਏ ਪ੍ਰਤੀ ਥਾਲ਼ੀ ਹੁੰਦਾ ਸੀ ਖ਼ਰਚ

  • 70 ਤੋਂ ਲੈ 100 ਥਾਲ਼ੀਆਂ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਚਰਨਜੀਤ ਚੰਨੀ ਦੇ ਘਰੋਂ ਹੁੰਦਾ ਸੀ ਆਰਡਰ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੀ ਸੱਤਾ ਵਿੱਚ ਸਿਰਫ਼ ਤਿੰਨ ਮਹਿਨਿਆਂ ਲਈ ਹੀ ਕਾਂਗਰਸ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ (Charanjit Channi) ਪੰਜਾਬ ਸਰਕਾਰ ਦੇ ‘ਕਿਚਨ’ ਲਈ ਹੀ ਭਾਰੀ ਪੈ ਗਏ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਸ਼ਤੇ ’ਚ ਪਰੌਂਠੇ ਤੋਂ ਲੈ ਕੇ ਰਾਤ ਦੇ ਲਜ਼ੀਜ਼ ਖਾਣੇ ਤੱਕ ਲਈ ਪੰਜਾਬ ਸਰਕਾਰ ਵੱਲੋਂ ਸਰਕਾਰੀ ਖਜਾਨੇ ਵਿੱਚੋਂ ਭੁਗਤਾਨ ਕਰਨਾ ਪਿਆ ਹੈ। ਉਹ ਆਪਣੇ ਮੁੱਖ ਮੰਤਰੀ ਵਜੋਂ ਕਾਰਜਕਾਲ ਦੇ ਤਿੰਨ ਮਹੀਨਿਆਂ ਦੇ ਦਰਮਿਆਨ ਲਗਭਗ 60 ਲੱਖ ਰੁਪਏ ਦਾ ਰੋਟੀ-ਪਾਣੀ ਹੀ ਛਕ ’ਗੇ , ਜਿਸ ਵਿੱਚ ਸਵੇਰ ਦੇ ਨਾਸ਼ਤੇ ਤੋਂ ਲੈ ਕੇ ਦੁਪਹਿਰ ਅਤੇ ਰਾਤ ਦਾ ਖਾਣਾ ਸ਼ਾਮਲ ਹੈ।

ਚੰਨੀ ਦੇ ਘਰ ਕਦੇ 300 ਰੁਪਏ ਤਾਂ ਕਦੇ 500 ਰੁਪਏ ਦੀ ਖਾਣੇ ਦੀ ਥਾਲ਼ੀ ਆਉਂਦੀ ਸੀ

ਹੈਰਾਨੀ ਵਾਲੀ ਗੱਲ ਇਹ ਹੈ ਕਿ ਚਰਨਜੀਤ ਸਿੰਘ ਚੰਨੀ (Charanjit Channi) ਦੇ ਖ਼ਾਣੇ ਦੀ ਥਾਲ਼ੀ ਪੰਜਾਬ ਸਰਕਾਰ 300 ਰੁਪਏ ਤੋਂ ਲੈ ਕੇ 3900 ਰੁਪਏ ਤੱਕ ਪਈ ਹੈ। ਚੰਨੀ ਦੇ ਘਰ ਕਦੇ 300 ਰੁਪਏ ਤਾਂ ਕਦੇ 500 ਰੁਪਏ ਦੀ ਖਾਣੇ ਦੀ ਥਾਲ਼ੀ ਆਉਂਦੀ ਸੀ ਤਾਂ ਕਦੇ ਸੇਵਾ ਦਾ ਮੌਕਾ ਤਾਜ ਹੋਟਲ ਨੂੰ ਦਿੰਦੇ ਹੋਏ 3900 ਰੁਪਏ ਪ੍ਰਤੀ ਥਾਲ਼ੀ ਤੱਕ ਖ਼ਰਚ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਦੀ ਕੁਰਸੀ ਸੰਭਾਲਦੇ ਹੀ ਇਹ ਐਲਾਨ ਕੀਤਾ ਸੀ ਕਿ ਉਹ ਪੰਜਾਬ ਦੀ ਸੇਵਾ ਹੀ ਕਰਨਗੇ ਅਤੇ ਕੋਈ ਵੀ ਫਾਲਤੂ ਖ਼ਰਚ ਨਹੀਂ ਕੀਤਾ ਜਾਵੇਗਾ ਪਰ ਮੁੱਖ ਮੰਤਰੀ ਬਣਨ ਤੋਂ ਕੁਝ ਹੀ ਦਿਨਾਂ ਦਰਮਿਆਨ ਚਰਨਜੀਤ ਸਿੰਘ ਚੰਨੀ ਆਪਣੇ ਘਰੋਂ ਰੋਟੀ ਖਾਣ ਦੀ ਥਾਂ ’ਤੇ ਸਰਕਾਰੀ ਲਜ਼ੀਜ਼ ਖਾਣੇ ਦਾ ਹੀ ਲੁਤਫ਼ ਉਠਾਉਣ ਲੱਗ ਪਏ। ਪੰਜਾਬ ਸਰਕਾਰ ਦੇ ਪ੍ਰਾਹੁਣਚਾਰੀ ਵਿਭਾਗ ਵੱਲੋਂ ਉਨ੍ਹਾਂ ਲਈ ਸਵੇਰ ਦੇ ਬ੍ਰੇਕ ਫਾਸਟ ਤੋਂ ਲੈ ਕੇ ਰਾਤ ਦੇ ਖਾਣੇ ਤੱਕ ਦਾ ਇੰਤਜ਼ਾਮ ਕੀਤਾ ਜਾ ਰਿਹਾ ਸੀ।

ਮੈਨੂੰ ਨਹੀਂ ਕੋਈ ਜਾਣਕਾਰੀ, ਮੇਰਾ ਰਸੋਈਆ ਬਣਾਉਂਦਾ ਸੀ ਮੇਰੇ ਲਈ ਰੋਟੀ : ਚਰਨਜੀਤ ਚੰਨੀ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ 60 ਲੱਖ ਰੁਪਏ ਦੇ ਖ਼ਰਚ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਉਨ੍ਹਾਂ ਵੱਲੋਂ ਆਪਣੀ ਰੋਟੀ-ਪਾਣੀ ਲਈ ਸਰਕਾਰੀ ਖ਼ਰਚ ਨਹੀਂ ਪਾਇਆ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਰਹਿੰਦੇ ਹੋਏ ਉਨ੍ਹਾਂ ਕੋਲ ਇੱਕ ਰਸੋਈਆ ਸੀ, ਜਿਹੜਾ ਕਿ ਉਨ੍ਹਾਂ ਲਈ ਰੋਟੀ ਬਣਾਉਂਦਾ ਸੀ, ਇਸ ਤੋਂ ਇਲਾਵਾ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।

ਚੋਣ ਜ਼ਾਬਤੇ ਦੀ ਵੀ ਨਹੀਂ ਕੀਤੀ ਪ੍ਰਵਾਹ, 8 ਜਨਵਰੀ ਨੂੰ ਪਾਰਟੀ ’ਚ ਖ਼ਰਚ ਕੀਤੇ 8 ਲੱਖ

ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਰਹਿੰਦੇ ਹੋਏ ਚੋਣ ਜ਼ਾਬਤੇ ਦੀ ਵੀ ਪ੍ਰਵਾਹ ਨਹੀਂ ਕੀਤੀ ਅਤੇ ਆਪਣੇ ਸਾਥੀਆਂ ਨੂੰ ਪਾਰਟੀ ਕਰਦੇ ਹੋਏ ਲੱਖਾਂ ਰੁਪਏ ਦਾ ਸਰਕਾਰੀ ਖਰਚ ਤੱਕ ਕਰ ਦਿੱਤਾ ਗਿਆ। ਉਨ੍ਹਾਂ ਵੱਲੋਂ 8 ਜਨਵਰੀ 2022 ਨੂੰ ਆਪਣੇ ਕੁਝ ਸਾਥੀਆਂ ਲਈ ਪਾਰਟੀ ਰੱਖੀ ਗਈ ਸੀ, ਜਿਸ ਵਿੱਚ ਖਾਣੇ ਦਾ ਇੰਤਜ਼ਾਮ ਕਰਨ ਦਾ ਜਿੰਮਾ ਤਾਜ ਹੋਟਲ ਨੂੰ ਦਿੱਤਾ ਗਿਆ ਤਾਂ ਕੈਟਰਿੰਗ ਲਈ ਪ੍ਰਾਈਵੇਟ ਕੰਪਨੀ ਨੂੰ ਕੰਮ ਸੌਂਪਿਆ ਗਿਆ। ਇਸ ਪਾਰਟੀ ਵਿੱਚ 8 ਲੱਖ 11 ਹਜ਼ਾਰ 718 ਰੁਪਏ ਦਾ ਖ਼ਰਚ ਕਰ ਦਿੱਤਾ ਗਿਆ। ਚਰਨਜੀਤ ਸਿੰਘ ਚੰਨੀ ਵੱਲੋਂ ਜਿਸ 8 ਜਨਵਰੀ ਦੀ ਰਾਤ ਨੂੰ ਲੱਖਾਂ ਰੁਪਏ ਦੇ ਸਰਕਾਰੀ ਖ਼ਰਚ ’ਤੇ ਪਾਰਟੀ ਕੀਤੀ ਜਾ ਰਹੀ ਸੀ, ਉਸੇ ਦਿਨ ਦੁਪਹਿਰ ਨੂੰ ਪੰਜਾਬ ਵਿੱਚ ਚੋਣ ਜ਼ਾਬਤਾ ਲਾਗੂ ਹੋ ਚੁੱਕਿਆ ਸੀ।

ਲੋਕਾਂ ਲਈ 70 ਰੁਪਏ ਤੇ ਖ਼ੁਦ ਲਈ 3900 ਦੀ ਥਾਲ਼ੀ

ਚਰਨਜੀਤ ਸਿੰਘ ਚੰਨੀ (Charanjit Channi) ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੂੰ ਸ਼ਿਕਾਇਤ ਅਤੇ ਬੇਨਤੀ ਲੈ ਕੇ ਮਿਲਣ ਲਈ ਕਾਫ਼ੀ ਲੋਕ ਚੰਡੀਗੜ੍ਹ ਪੁੱਜਦੇ ਸਨ ਅਤੇ ਉਨ੍ਹਾਂ ਦੇ ਖ਼ਾਣੇ ਦਾ ਇੰਤਜ਼ਾਮ ਚਰਨਜੀਤ ਸਿੰਘ ਚੰਨੀ ਦੇ ਕਹਿਣ ’ਤੇ ਸਰਕਾਰੀ ਤੌਰ ’ਤੇ ਹੀ ਕਰਵਾਇਆ ਜਾਂਦਾ ਸੀ। ਇਨ੍ਹਾਂ ਲੋਕਾਂ ਲਈ 60-70 ਰੁਪਏ ਪ੍ਰਤੀ ਵਾਲੀ ਸਾਦੀ ਥਾਲ਼ੀ ਤੱਕ ਦਾ ਇੰਤਜ਼ਾਮ ਕੀਤਾ ਜਾਂਦਾ ਸੀ, ਜਦੋਂ ਕਿ ਚਰਨਜੀਤ ਸਿੰਘ ਚੰਨੀ ਦੇ ਖ਼ੁਦ ਲਈ 500 ਰੁਪਏ ਤੋਂ ਲੈ ਕੇ 3900 ਰੁਪਏ ਤੱਕ ਦੀ ਥਾਲ਼ੀ ਤੱਕ ਦਾ ਇੰਤਜ਼ਾਮ ਹੋਇਆ ਹੈ। ਚਰਨਜੀਤ ਸਿੰਘ ਚੰਨੀ ਲਈ ਫਾਈਵ ਸਟਾਰ ਹੋਟਲ ਤੋਂ ਵੀ ਖਾਣਾ ਆਉਂਦਾ ਰਿਹਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ