ਪੂਜਨੀਕ ਗੁਰੂ ਜੀ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ‘ਡੈੱਪਥ’ ਮੁਹਿੰਮ ਨੇ ਫੜ੍ਹੀ ਰਫ਼ਤਾਰ

ਪੰਚਾਇਤ ਨੇ ਪਾਇਆ ਮਤਾ, ਪਿੰਡ ’ਚ ਕਿਸੇ ਵੀ ਤਰ੍ਹਾਂ ਦਾ ਵਰਤਿਆ ਤੇ ਵੇਚਿਆ ਨਹੀਂ ਜਾਵੇਗਾ ‘ਨਸ਼ਾ’ (Depth Campaign)

  • ਪੂਜਨੀਕ ਗੁਰੂ ਜੀ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ‘ਡੈੱਪਥ’ ਮੁਹਿੰਮ ਨੇ ਦਿਖਾਇਆ ਰੰਗ

(ਜਸਵੀਰ ਸਿੰਘ ਗਹਿਲ/ਮਨੋਜ ਸ਼ਰਮਾ) ਹੰਡਿਆਇਆ/ ਬਰਨਾਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਗਈ ਮੁਹਿੰਮ ‘ਡੈੱਪਥ’ (Depth Campaign) ਨੇ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਜਿਸ ’ਤੇ ਚਲਦਿਆਂ ਹੁਣ ਪੰਚਾਇਤਾਂ ਵੀ ਆਪੋ-ਆਪਣੇ ਪਿੰਡਾਂ ’ਚੋਂ ਨਸ਼ੇ ਦੇ ਖਾਤਮੇ ਲਈ ਉੱਠ ਖੜ੍ਹੀਆਂ ਹੋਣ ਲੱਗੀਆਂ ਹਨ। ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਚਲਦਿਆਂ ਹੀ ਜ਼ਿਲ੍ਹਾ ਬਰਨਾਲਾ ਦੇ ਪਿੰਡ ਧਨੌਲਾ ਖੁਰਦ ਦੀ ਪੰਚਾਇਤ ਵੱਲੋਂ ਵੀ ਪਿੰਡ ਅੰਦਰ ਨਸ਼ਾ ਵੇਚਣ ਅਤੇ ਨਸ਼ੇ ਦੀ ਵਰਤੋਂ ਕਰਨ ਵਾਲਿਆਂ ਨੂੰ ਸਖ਼ਤ ਤਾੜਨਾ ਕੀਤੀ ਹੈ।

ਸਰਪੰਚ ਧਨੌਲਾ ਖੁਰਦ ਕਮਲਜੀਤ ਕੌਰ ਨੇ ਦੱਸਿਆ ਕਿ ਨਸ਼ਿਆਂ ਦੇ ਵਧ ਰਹੇ ਪ੍ਰਕੋਪ ਨੂੰ ਰੋਕਣ ਵਾਸਤੇ ਕਮੇਟੀ ਗੁਰੂਦੁਆਰਾ ਗੁਰੂ ਗ੍ਰੰਥ ਸਾਹਿਬ ਜੀ, ਕਮੇਟੀ ਮੰਦਿਰ ਬਾਬਾ ਰਾਮਥੰਮਨ ਜੀ, ਕਮੇਟੀ ਬਾਬਾ ਰਵਿਦਾਸ ਜੀ ਧਰਮਸ਼ਾਲਾ ਅਤੇ ਸਮੂਹ ਕਲੱਬਾਂ ਦੇ ਅਹੁਦੇਦਾਰਾਂ ਦੀ ਸਹਿਮਤੀ ਨਾਲ ਪੰਚਾਇਤ ਵੱਲੋਂ ਇੱਕ ਮਤਾ ਪਾ ਕੇ ਪਿੰਡ ਅੰਦਰ ਨਸ਼ਾ ਕਰਨ ਵਾਲਿਆਂ ਤੇ ਵੇਚਣ ਵਾਲਿਆਂ ਨੂੰ ਸਖ਼ਤ ਤਾੜਨਾ ਕੀਤੀ ਗਈ ਹੈ ਤਾਂ ਜੋ ਪਿੰਡ ਅੰਦਰੋਂ ਚਿੱਟੇ, ਮੈਡੀਕਲ ਤੇ ਹੋਰ ਨਸ਼ਿਆਂ ਨੂੰ ਮੁਕੰਮਲ ਰੂਪ ਵਿੱਚ ਖ਼ਤਮ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਪਿੰਡ ਅੰਦਰ ਚਿੱਟਾ, ਜਾਂ ਕੋਈ ਮੈਡੀਕਲ ਨਸ਼ਾ, ਭੁੱਕੀ-ਪੋਸਤ ਆਦਿ ਵਰਤਣ ਸਮੇਤ ਹੀ ਪਿੰਡ ਦੇ ਦੁਕਾਨਦਾਰਾਂ ਨੂੰ ਜ਼ਰਦਾ, ਬੀੜੀ, ਸਿਗਰੇਟ, ਤੰਬਾਕੂ, ਖੈਣੀ, ਕੁਲਸਿੱਪ ਆਦਿ ਵੀ ਵੇਚਣ ਤੋਂ ਰੋਕਿਆ ਗਿਆ ਹੈ।

ਕਿਸਮ ਦਾ ਨਸ਼ਾ ਕਰਨ ਅਤੇ ਵੇਚਣ ਵਾਲਿਆਂ ਨੂੰ ਪੰਜ ਹਜ਼ਾਰ ਰੁਪਏ ਦਾ ਜ਼ੁਰਮਾਨਾ

ਹਦਾਇਤ ਕੀਤੀ ਗਈ ਹੈ ਕਿ ਸਮੂਹ ਦੁਕਾਨਦਾਰ 31 ਦਸੰਬਰ 2022 ਤੱਕ ਉਕਤ ਸਾਰੇ ਨਸ਼ੇ ਵੇਚਣੇ ਬੰਦ ਕੀਤੇ ਜਾਣ ਕਿਉਂਕਿ 1 ਜਨਵਰੀ 2023 ਤੋਂ ਪਿੰਡ ਦੀਆਂ ਗਲੀਆਂ, ਸੱਥਾਂ, ਬੱਸ ਅੱਡੇ ਅਤੇ ਹੋਰ ਜਨਤਕ ਥਾਵਾਂ ਉੱਪਰ ਸਿਗਰਟ, ਬੀੜੀ ਪੀਣੀ ਜਾਂ ਕਿਸੇ ਵੀ ਕਿਸਮ ਦਾ ਨਸ਼ਾ ਕਰਨ ਅਤੇ ਵੇਚਣ ਵਾਲਿਆਂ ਨੂੰ ਪੰਜ ਹਜ਼ਾਰ ਰੁਪਏ ਦਾ ਜ਼ੁਰਮਾਨਾ ਕੀਤਾ ਜਾਵੇਗਾ। ਸਰਪੰਚ ਕਮਲਜੀਤ ਕੌਰ ਸਮੇਤ ਸਮੁੱਚੀ ਪੰਚਾਇਤ ਤੇ ਵੱਖ-ਵੱਖ ਕਮੇਟੀਆਂ ਦੇ ਅਹੁਦੇਦਾਰਾਂ ਨੇ ਉਕਤ ਕਾਰਜ ’ਚ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਤੋਂ ਇਲਾਵਾ ਪਿੰਡ ਦੀਆਂ ਵੱਖ-ਵੱਖ ਸੰਸਥਾਵਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ।

ਇਸੇ ਤਰ੍ਹਾਂ ਕੋਠੇ ਗੁਰੂ ਦੀ ਪੰਚਾਇਤ ਵੱਲੋਂ ਵੀ ਸਰਪੰਚ ਮਨਜੀਤ ਕੌਰ ਦੀ ਅਗਵਾਈ ਹੇਠ ਨਸ਼ਿਆਂ ਵਿਰੋਧੀ ਮਤਾ ਪਾ ਕੇ ਸਮਾਜ ਨੂੰ ਸੁਧਾਰਨ ’ਚ ਵਡਮੁੱਲਾ ਯੋਗਦਾਨ ਪਾਇਆ ਗਿਆ ਹੈ। ਇਸ ਮੌਕੇ ਉਕਤ ਤੋਂ ਇਲਾਵਾ ਸਰਪੰਚ ਕਮਲਜੀਤ ਕੌਰ ਦੇ ਪਤੀ ਗੁਰਜੀਤ ਸਿੰਘ, ਸਰਪੰਚ ਮਨਜੀਤ ਕੌਰ ਦੇ ਪਤੀ ਸਾਧੂ ਰਾਮ, ਪੰਚ ਰੁਪਿੰਦਰ ਢਿੱਲੋਂ, ਪੰਚ ਲਖਵੀਰ ਦਾਸ, ਪੰਚ ਹਰਬੰਸ ਸਿੰਘ, ਪੰਚ ਸੰਦੀਪ ਕੌਰ, ਪੰਚ ਲਖਵਿੰਦਰ ਕੌਰ, ਪੰਚ ਸੁਰਜੀਤ ਕੌਰ, ਗੁਰਦੁਆਰਾ ਕਮੇਟੀ ਪ੍ਰਧਾਨ ਗੁਰਿੰਦਰਪਾਲ ਸਿੰਘ, ਭਗਤ ਰਵਿਦਾਸ ਕਮੇਟੀ ਪ੍ਰਧਾਨ ਮੇਲਾ ਸਿੰਘ, ਪ੍ਰਧਾਨ ਬਾਬਾ ਰਾਮ ਧੱਮਣ ਬੂਟਾ ਰਾਮ ਆਦਿ ਪਤਵੰਤੇ ਹਾਜ਼ਰ ਸਨ।

‘ਡੈੱਪਥ’ ਮੁਹਿੰਮ ( (Depth Campaign) ਨੇ ਕੀਤਾ ਪ੍ਰਭਾਵਿਤ

ਸਰਪੰਚ ਦੇ ਪਤੀ ਤੇ ਸਮਾਜ ਸੇਵੀ ਗੁਰਜੀਤ ਸਿੰਘ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਈ ਗਈ ‘ਡੈੱਪਥ’ ਮੁਹਿੰਮ ਨੇ ਉਨ੍ਹਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ। ਇਸ ਤੋਂ ਬਾਅਦ ਇੱਕ ਧਾਰਮਿਕ ਸੰਸਥਾ ਵੱਲੋਂ ਵੀ ਉਨ੍ਹਾਂ ਨੂੰ ਨਸ਼ਿਆਂ ਵਿਰੁੱਧ ਡਟਣ ਲਈ ਉਤਸ਼ਾਹਿਤ ਕੀਤਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਪਿੰਡ ਦੀਆਂ ਹੋਰ ਕਮੇਟੀਆਂ ਤੇ ਕਲੱਬਾਂ ਦੇ ਅਹੁਦੇਦਾਰਾਂ ਦੇ ਭਰਵੇਂ ਸਹਿਯੋਗ ਸਦਕਾ ਨਸ਼ਿਆਂ ਵਿਰੁੱਧ ਮਤਾ ਪਾਇਆ ਗਿਆ ਹੈ। ਜਿਸ ਤਹਿਤ ਪਿੰਡ ਅੰਦਰ ਨਸ਼ਾ ਵਰਤਣ ਤੇ ਵੇਚਣ ’ਤੇ ਮੁਕੰਮਲ ਪਾਬੰਦੀ ਲਾਈ ਗਈ ਹੈ।

ਪੁਲਿਸ ਦੀ ਮੱਦਦ ਨਾਲ ਕਰਵਾਵਾਂਗੇ ਇਲਾਜ

ਧਨੌਲਾ ਖੁਰਦ ਦੀ ਪੰਚਾਇਤ ਵੱਲੋਂ ਗਏ ਮਤੇ ਅਨੁਸਾਰ ਪਿੰਡ ਅੰਦਰ ਨਸ਼ੇ ਦੇ ਟੀਕੇ ਲਾਉਣ ਜਾਂ ਮੈਡੀਕਲ ਨਸ਼ਾ ਕਰਨ ਵਾਲਿਆਂ ਨੂੰ ਫੜਕੇ ਪੁਲਿਸ ਦੀ ਮੱਦਦ ਨਾਲ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਜੇਕਰ ਪਿੰਡ ਦਾ ਕੋਈ ਵੀ ਵਿਅਕਤੀ ਸ਼ਰਾਬ ਵੇਚਦਾ ਫੜਿਆ ਗਿਆ ਤਾਂ ਉਸ ਨੂੰ ਪੁਲਿਸ ਦੇ ਹਵਾਲੇ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ