ਇਤਿਹਾਸਕ ‘ਗੰਗਾ ਸਾਗਰ’ ਰਾਏਕੋਟ ਦੀ ਸ਼ਾਨ

Ganga Sagar
ਰਾਏ ਅਜ਼ੀਜ਼ਉੱਲਾ ਗੰਗਾ ਸਾਗਰ ਨਾਲ ਤੇ ਗੰਗਾ ਸਾਗਰ ਦੀ ਤਸਵੀਰ।

ਰਾਏਕੋਟ ਸ਼ਹਿਰ (Raikot) ਆਪਣੇ ਅੰਦਰ ਅਨੇਕਾਂ ਇਤਿਹਾਸਕ ਘਟਨਾਵਾਂ ਸਮੋਈ ਬੈਠਾ ਹੈ, ਸਭ ਤੋਂ ਵੱਡੀ ਘਟਨਾ ਹੈ 3 ਜਨਵਰੀ 1705 ਦੀ ਜਿਸ ਵਿੱਚ ਇਸ ਧਰਤੀ ਨੂੰ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ (Sri Guru Gobind Singh ji) ਦੀ ਚਰਨ ਛੋਹ ਪ੍ਰਾਪਤ ਹੋਈ। ਇਸੇ ਅਸਥਾਨ ਤੋਂ ਗੁਰੂ ਸਾਹਿਬ ਨੇ ਨੂਰੇ ਮਾਹੀ ਨੂੰ ਸਰਹੰਦ ਭੇਜ ਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਮੰਗਵਾਈ ਸੀ ਅਤੇ ਤੀਰ ਦੀ ਨੋਕ ਨਾਲ ਮੁਗਲਾਂ ਦੀ ਜੜ੍ਹ ਪੁੱਟੀ ਸੀ। ਇਸੇ ਅਸਥਾਨ ’ਤੇ ਅਦਭੁੱਤ ਅਤੇ ਮਹਾਨ ਅਜੂਬਾ ‘ਗੰਗਾ ਸਾਗਰ’ (Ganga Sagar) ਰਾਏ ਕੱਲਾ ਨੂੰ ਭੇਂਟ ਕੀਤਾ ਸੀ, ਜੋ ਅੱਜ ਵੀ ਰਾਏ ਅਜ਼ੀਜ ਉਲਾਵਾਸੀ ਲਾਹੌਰ ਦੇ ਪਾਸ ਪੂਰਨ ਸ਼ਰਧਾ ਦੇ ਨਾਲ ਸਾਂਭਿਆ ਪਿਆ ਹੈ।

Ganga Sagar

ਅਠਾਰਵੀਂ ਸਦੀ ਦੇ ਆਰੰਭ ਵਿੱਚ ਜਦੋਂ ਸ੍ਰੀ ਆਨੰਦਪੁਰ ਸਾਹਿਬ ਦੇ ਦੇ ਕਿਲੇ ਲੁੱਟੇ-ਪੁੱਟੇ ਗਏ, ਪਰਿਵਾਰ ਵਿੱਛੜ ਗਿਆ। ਚਮਕੌਰ ਸਾਹਿਬ ਦੀ ਭਿਆਨਕ ਜੰਗ ਵਿੱਚ ਦੋ ਵੱਡੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾ ਕੇ ਗੁਰੂ ਸਾਹਿਬ ਮਾਲਵੇ ਦੇ ਘੁੱਗ ਵੱਸਦੇ ਪਿੰਡਾਂ ਵਿੱਚੋਂ ਦੀ ਹੁੰਦੇ ਹੋਏ 3 ਜਨਵਰੀ 1705 ਨੂੰ ਰਾਏਕੋਟ ਵਿਖੇ ਪੁੱਜੇ ਸਨ। ਜਿੱਥੇ ਉਸ ਸਮੇਂ ਰਾਏ ਕੱਲਾ ਰਾਜ ਕਰਦਾ ਸੀ ਰਾਏ ਕਿਆਂ ਦੇ ਖਾਨਦਾਨ ਦਾ ਵਡੇਰਾ ਰਿਆਸਤ ਜੈਸਲਮੇਰ ਦਾ ਰਾਜਪੂਤ ਤੁਲਸੀ ਰਾਮ ਸੀ ਜੋ ਚੌਦਵੀਂ ਸਦੀ ਦੇ ਸ਼ੁਰੂ ’ਚ ਜੈਸਲਮੇਰ ਛੱਡ ਕੇਹਠੂਰ ਰਾਜ ਦੇ ਪਿੰਡ ਚਕਰ ਆ ਵੱਸਿਆ ਸੀ ਤੇ ਉੱਥੋਂ ਦੇ ਇੱਕ ਪ੍ਰਸਿੱਧ ਫਕੀਰ ਮਖਦੂਦ ਜਹਾਨੀਆਂ ਹੱਥੋਂ ਮੁਸਲਮਾਨ ਬਣ ਗਿਆ ਸੀ। (Ganga Sagar)

Also Read : ਕੜਾਕੇ ਦੀ ਠੰਢ ਨੇ ਪੰਜਾਬ ਬਣਾਇਆ ‘ਸ਼ਿਮਲਾ’

ਇਸ ਦੇ ਪੋਤਰੇ ਰਾਏ ਚੱਕੂ ਨੇ ਅਲਾਊਦੀਨ ਖਿਲਜੀ ਦੀਆਂ ਫੌਜਾਂ ਵਿੱਚ ਇੱਕ ਉੱਚ ਅਹੁਦੇ ਦੀ ਨੌਕਰੀ ਕੀਤੀ। ਜਿਸ ਤੋਂ ਖੁਸ਼ ਹੋ ਕੇ ਇਸ ਨੂੰ ਰੋਪੜ ਤੋਂ ਜ਼ੀਰੇ ਤੱਕ ਦੇ 1300 ਪਿੰਡਾਂ ਦਾ ਹਾਕਮ ਬਣਾ ਦਿੱਤਾ ਸੀ। ਇਸੇ ਖਾਨਦਾਨ ਦੇ ਰਾਏ ਅਹਿਮਦ ਨੇ 1648 ਵਿੱਚ ਰਾਏਕੋਟ ਤੇ ਉਸ ਦੇ ਭਾਈਰਾਏ ਕਮਾਲਦੀਨ ਨੇ ਜਗਰਾਓਂ ਸ਼ਹਿਰ ਦੀ ਨੀਂਹ ਰੱਖੀ ਸੀ। (Ganga Sagar)

ਰਾਏ ਕੱਲਾ ਰਾਏ ਜਮਾਲਦੀਨ ਦਾ ਪੁੱਤਰ ਸੀ ਕਿਉਂਕਿ ਰਾਏ ਅਹਿਮਦ, ਜਿਸ ਨੇ ਰਾਏਕੋਟ ਵਸਾਇਆ ਸੀ, ਉਹ ਬੇਔਲਾਦ ਹੀ ਮਰ ਗਿਆ ਸੀ। ਰਾਏ ਕੱਲਾ ਇੱਕ ਬਹੁਤ ਹੀ ਨੇਕਦਿਲ ਇਨਸਾਨ ਸੀ। ਉਹ ਸਾਧੂ-ਸੰਤਾਂ ਤੇ ਮਹਾਤਮਾ ਲੋਕਾਂ ਦੀ ਸੰਗਤ ਕਰਕੇ ਬਹੁਤ ਖੁਸ਼ ਹੁੰਦਾ ਸੀ। ਗੁਰੂ ਸਾਹਿਬ ਨੇ ਰਾਏਕੋਟ ਦੇ ਬਾਹਰ ਜੰਗਲਾਂ ਵਿੱਚ ਤਿੰਨ ਸਿੰਘਾਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਨਾਲ ਆਣ ਡੇਰੇ ਲਾਏ ਸਨ। ਇੱਥੇ ਰਾਏ ਕੱਲਾ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਕੋਈ ਸੇਵਾ ਦੱਸੋ।

Also Read : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਇਹ ਸਕੀਮ ਲੋਕਾਂ ਲਈ ਬਣ ਰਹੀ ਐ ਵਰਦਾਨ

ਇਹ ਘਟਨਾ 3 ਜਨਵਰੀ 1705 ਦੀ ਹੈ। ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਸਾਨੂੰ ਇੱਕ ਚੰਗਾ ਘੋੜਾ ਅਤੇ ਇੱਕ ਚੰਗਾ ਘੋੜ-ਸਵਾਰ ਚਾਹੀਦਾ ਹੈ। ਅਸੀਂ ਸਰਹਿੰਦ ਤੋਂ ਮਾਤਾ ਜੀ ਅਤੇ ਬੱਚਿਆਂ ਦੀ ਖ਼ਬਰ ਮੰਗਵਾਉਣੀ ਹੈ। ਰਾਏ ਕੱਲੇ ਨੇ ਨੂਰੇ ਮਾਹੀ ਨੂੰ ਘੋੜਾ ਦੇ ਕੇ ਤੁਰੰਤ ਸਰਹਿੰਦ ਵੱਲ ਘੱਲ ਦਿੱਤਾ। ਇਸੇ ਅਸਥਾਨ ’ਤੇ ਨੂਰੇ ਮਾਹੀ ਨੇ ਆ ਕੇ ਗੁਰੂ ਸਾਹਿਬ ਜੀ ਨੂੰ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹੀਦੀ ਅਤੇ ਮਾਤਾ ਗੁਜ਼ਰ ਕੌਰ ਜੀ ਦੇ ਅਕਾਲ ਪੁਰਖ਼ ਨਾਲ ਇੱਕ-ਜੋਤ ਹੋ ਜਾਣ ਦੀ ਖ਼ਬਰ ਦਿੱਤੀ। ਗੁਰੂ ਜੀ ਨੇ ਸਾਰੀ ਖ਼ਬਰ ਸੁਣ ਕੇ ਤੀਰ ਦੀ ਨੋਕ ਨਾਲ ਇੱਕ ਦੱਬ੍ਹ ਦੇ ਬੂਟੇ ਦੀ ਜੜ੍ਹ ਪੁੱਟੇ ਕੇ ਬਚਨ ਕੀਤਾ ਕਿ ਅੱਜ ਤੋਂ ਮੁਗਲਾਂ ਦੀ ਜੜ੍ਹ ਪੁੱਟੀ ਗਈ, ਜ਼ੁਲਮ ਦਾ ਅੰਤ ਹੋ ਗਿਆ।

ਰਾਏ ਕੱਲੇ ਨੇ ਬੇਨਤੀ ਕੀਤੀ ਕਿ ਮਹਾਰਾਜ ਮੈਂ ਵੀ ਤੁਰਕ ਹਾਂ। ਗੁਰੂ ਸਾਹਿਬ ਰਾਏ ਕੱਲੇ ਦੀ ਸੇਵਾ ਤੋਂ ਬਹੁਤ ਖੁਸ਼ ਸਨ। ਉਨ੍ਹਾਂ ਨੇ ਉਸ ਨੂੰ ਇੱਕ ਤਲਵਾਰ (ਖੰਡਾ) ਇੱਕ ਰੇਹਲ ਅਤੇ ‘ਗੰਗਾ ਸਾਗਰ’ ਭੇਟ ਕਰਦੇ ਹੋਏ ਬਚਨ ਕੀਤਾ ਕਿ ਜਿੰਨਾ ਚਿਰ ਤੁਸੀਂ ਇਨ੍ਹਾਂ ਦੀ ਸੰਭਾਲ ਕਰਦੇ ਹੋਏ ਇਨ੍ਹਾਂ ਨੂੰ ਸ਼ਰਧਾਪੂਰਵਕ ਰੱਖੋਗੇ, ਤੁਹਾਡੇ ਰਾਜ ’ਤੇ ਕੋਈ ਆਂਚ ਨਹੀਂ ਆਵੇਗੀ। ਇਸੇ ਤਰ੍ਹਾਂ ਹੀ ਹੋਇਆ ਵੀ। ਰਾਏ ਕੱਲੇ ਨੂੰ ਗੁਰੂ ਸਾਹਿਬ ਵੱਲੋਂ ਭੇਟ ਕੀਤਾ ਗਿਆ ‘ਗੰਗਾ ਸਾਗਰ’ ਸੰਸਾਰ ਭਰ ’ਚ ਇੱਕ ਅਦਭੁੱਤ ਅਜੂਬਾ ਹੈ ਕਿਉਂਕਿ ਉਸ ਦੇ 288 ਛੇਕ ਹੋਣ ’ਤੇ ਵੀ ਉਸ ’ਚੋਂ ਦੁੱਧ ਤੇ ਪਾਣੀ ਨਹੀਂ ਡੁੱਲ੍ਹਦਾ ਪਰੰਤੂ ਜੇ ਰੇਤ ਪਾ ਦੇਈਏ ਤਾਂ ਉਨ੍ਹਾਂ ਛੇਕਾਂ ਰਾਹੀਂ ਬਾਹਰ ਨਿੱਕਲ ਜਾਂਦੀ ਹੈ।

ਰਾਏ ਕੱਲੇ ਦੇ ਵਾਰਿਸਾਂ ’ਚੋਂ ਅਨਾਇਤ ਖਾਂ 1947 ਦੀ ਵੰਡ ਵੇਲੇ ਆਪਣੇ ਨਾਲ ਗੰਗਾ ਸਾਗਰ ਨੂੰ ਲਾਹੌਰ ਲੈ ਗਏ ਅਤੇ ਆਮ ਲੋਕਾਂ ਨੂੰ ਇਸ ਦੀ ਸੂਹ ਨਹੀਂ ਮਿਲੀ। ਉਨ੍ਹਾਂ ਦੀ 1953 ਵਿੱਚ ਮੌਤ ਹੋ ਗਈ ਤੇ ਉਨ੍ਹਾਂ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਰਾਏ ਫਾਰੂਕਉੱਲਾ ਵੀ ਭਰ ਜਵਾਨੀ ’ਚ 1958 ਨੂੰ ਅੱਲਾ ਨੂੰ ਪਿਆਰਾ ਹੋ ਗਿਆ। ਇਸੇ ਕਾਰਨ ਗੰਗਾ ਸਾਗਰ ਦੁਨੀਆਂ ਦੀਆਂ ਨਜ਼ਰਾਂ ’ਚੋਂ ਬੇ-ਖਬਰ ਇਸੇ ਖ਼ਾਨਦਾਨ ਪਾਸ ਪਿਆ ਰਿਹਾ।

Also Read : ਇਨੈਲੋ ਨੇਤਾ ਦੇ ਘਰ ED ਦਾ ਛਾਪਾ, 5 ਕਰੋੜ ਰੁਪਏ ਨਕਦ, 5 ਕਿਲੋ ਸੋਨਾ, 300 ਕਾਰਤੂਸ ਬਰਾਮਦ

ਜਦੋਂ ਇਨਾਇਤਉੱਲਾ ਖਾਂ ਦਾ ਪੋਤਾ ਰਾਏ ਅਜ਼ੀਜ਼ਉੱਲਾ ਜਵਾਨ ਹੋਇਆ ਤਾਂ ਇਸ ਦੀ ਦਾਦੀ ਨੇ ਉਸ ਨੂੰ ਗੰਗਾ ਸਾਗਰ ਬਾਰੇ ਦੱਸਿਆ। ਰਾਏ ਅਜੀਜਉੁਲਾ ਖਾਂ ਨੇ ਹਿੰਮਤ ਕਰਕੇ ਪਹਿਲੀ ਵਾਰ ਇਸ ਨੂੰ 1994 ਵਿੱਚ ਲੋਕਾਂ ਦੇ ਦਰਸ਼ਨਾਂ ਲਈ ਬਾਹਰ ਕੱਢਿਆ। ਇਸ ਤੋਂ ਬਾਅਦ ਉਸ ਨੇ ਇਸ ਨੂੰ ਇੰਗਲੈਂਡ, ਅਮਰੀਕਾ, ਮਲੇਸ਼ੀਆ, ਸਿੰਗਾਪੁਰ ਤੇ ਅਸਟਰੇਲੀਆ ਦੀ ਸੰਗਤ ਦੇ ਦਰਸ਼ਨਾਂ ਲਈ ਦੁਨੀਆਂ ਸਾਹਮਣੇ ਲਿਆਂਦਾ। ਰਾਏ ਅਜ਼ੀਜਉੱਲਾ ਵੱਲੋਂ ਵਿਦੇਸ਼ ’ਚ ਗੰਗਾ ਸਾਗਰ ਦੇ ਦਰਸ਼ਨ ਕਰਵਾਉਣ ਤੋਂ ਬਾਅਦ ਇਸ ਨੂੰ ਪੰਜਾਬ ਵੀ ਦਰਸ਼ਨਾਂ ਲਈ ਲੈ ਕੇ ਆਏ ਸਨ, ਉਸ ਸਮੇਂ ਲੱਖਾਂ ਲੋਕਾਂ ਨੇ ਇਸ ਦੇ ਦਰਸ਼ਨ ਕੀਤੇ ਸਨ। ਇਸ ਵਾਰ ਵੀ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ 3, 4 ਤੇ 5 ਫਰਵਰੀ ਨੂੰ ਜੋੜ ਮੇਲ ਹੋ ਰਿਹਾ ਹੈ।

ਰਾਮ ਗੋਪਾਲ ਰਾਏਕੋਟੀ
ਕਮੇਟੀ ਗੇਟ, ਰਾਏਕੋਟ।
ਮੋ. 99887-20006