ਗੈਂਗਸਟਰ ਵੱਲੋਂ ਫੇਸਬੁੱਕ ’ਤੇ ਪੋਸਟ ਪਾ ਕੇ ਚਚੇਰੇ ਭਰਾ ਦੀਆਂ ਲੱਤਾਂ ਤੋੜਨ ਦੀ ਧਮਕੀ

ਖ਼ਾਨ ਦੁੱਗਾਂ ’ਤੇ ਕਤਲ ਸਮੇਤ 35 ਦੇ ਕਰੀਬ ਅਪਰਾਧਿਕ ਮੁਕੱਦਮੇ ਦਰਜ ਹਨ, ਕਈ ਸਾਲ ਪਹਿਲਾਂ ਭੱਜ ਚੁੱਕਿਆ ਵਿਦੇਸ਼

ਮਾਮਲੇ ਦੀ ਪੂਰੀ ਜਾਂਚ ਪੜਤਾਲ ਚੱਲ ਰਹੀ ਹੈ : ਚੌਕੀ ਇੰਚਾਰਜ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਪਿਛਲੇ ਸਮੇਂ ਤੋਂ ਪੰਜਾਬ ਵਿੱਚ ਗੈਂਗਸਟਰਾਂ ਵੱਲੋਂ ਵਿਰੋਧੀ ਗੈਂਗਸ ਜਾਂ ਪੁਲਿਸ ਨੂੰ ਸੋਸ਼ਲ ਮੀਡੀਆ ’ਤੇ ਧਮਕੀਆਂ ਦੇਣ ਦੀਆਂ ਖ਼ਬਰਾਂ ਆਪਾਂ ਨਿੱਤ ਹੀ ਸੁਣਦੇ ਆ ਰਹੇ ਹਾਂ ਅਤੇ ਇਹ ਦਿੱਤੀਆਂ ਜਾਂਦੀਆਂ ਧਮਕੀਆਂ ਤਾਂ ਹੁਣ ਆਮ ਜਿਹੀਆਂ ਹੀ ਲੱਗਣ ਲੱਗੀਆਂ ਹਨ। ਪਰ ਇਸ ਵਾਰ ਇੱਕ ਗੈਂਗਸਟਰ ਦੀ ਅਜਿਹੀ ਪੋਸਟ ਸਾਹਮਣੇ ਆਈ ਹੈ, ਜਿਸ ਵਿੱਚ ਉਹ ਆਪਣੇ ਹੀ ਚਚੇਰੇ ਭਰਾ ਨੂੰ ਨਿਸ਼ਾਨਾ ਬਣਾ ਰਿਹਾ ਹੈ। ਵਿਦੇਸ਼ ’ਚ ਬੈਠੇ ਗੈਂਗਸਟਰ ਖਾਨ ਦੁੱਗਾਂ ਨੇ ਫੇਸਬੁੱਕ ’ਤੇ ਪੋਸਟ ਪਾ ਕੇ ਆਪਣੇ ਚਾਚੇ ਦੇ ਮੁੰਡੇ ਦੀਆਂ ਲੱਤਾਂ ਤੋੜਨ ਦੀ ਧਮਕੀ ਦਿੱਤੀ ਹੈ। ਗੈਂਗਸਟਰ ਖਾਨ ਦਾ ਇਲਜ਼ਾਮ ਹੈ ਕਿ ਉਸਦੇ ਭਰਾ ਨੂੰ ਚਾਚੇ ਦੇ ਮੁੰਡੇ ਨੇ ਮਲੇਸ਼ੀਆ ਵਿੱਚ ਫਸਾ ਦਿੱਤਾ।

ਇਸਦੇ ਨਾਲ ਹੀ ਗੈਂਗਸਟਰ ਨੇ ਪੁਲਿਸ ‘ਤੇ ਰਿਸ਼ਵਤ ਲੈਣ ਦੇ ਗੰਭੀਰ ਇਲਜ਼ਾਮ ਲਗਾਏ ਹਨ। ਉਸ ਦਾ ਕਹਿਣਾ ਹੈ ਉਸ ਦੇ ਭਰਾ ਨੂੰ ਉਸ ਦੇ ਚਾਚੇ ਦੇ ਮੁੰਡੇ ਨੇ ਮਲੇਸ਼ੀਆ ਵਿੱਚ ਫਸਾ ਦਿੱਤਾ ਹੈ ਜਿਸ ਦੀ ਸ਼ਿਕਾਇਤ ਬਡਰੁੱਖਾਂ ਪੁਲਿਸ ਨੂੰ ਕੀਤੀ ਸੀ। ਪ੍ਰੰਤੂ ਸ਼ਿਕਾਇਤ ਦੇ ਬਾਵਜੂਦ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਅਤੇ ਕਿਹਾ ਕਿ ਹੁਣ ਉਹ ਖੁਦ ਹੀ ਆਪਣੇ ਭਰਾ ਦਾ ਇਨਸਾਫ ਕਰੇਗਾ।

ਜਾਣਕਾਰੀ ਅਨੁਸਾਰ ਗੈਂਗਸਟਰ ਖਾਨ ਦੁੱਗਾਂ ਫਤਹਿ ਨਾਗਰੀ, ਬੰਬੀਹਾ ਗੈਂਗ ਨਾਲ ਜੁੜਿਆ ਹੋਇਆ ਹੈ। ਉਸ ‘ਤੇ ਕਤਲ ਸਮੇਤ 35 ਦੇ ਕਰੀਬ ਅਪਰਾਧਿਕ ਮੁਕੱਦਮੇ ਦਰਜ ਹਨ। ਉਹ ਕਈ ਸਾਲ ਪਹਿਲਾਂ ਵਿਦੇਸ਼ ਭੱਜ ਚੁੱਕਿਆ ਹੈ।

ਮਾਮਲੇ ਦੀ ਪੂਰੀ ਜਾਂਚ ਪੜਤਾਲ ਚੱਲ ਰਹੀ ਹੈ : ਚੌਕੀ ਇੰਚਾਰਜ

ਇਸ ਸਬੰਧੀ ਚੌਕੀ ਇੰਚਾਰਜ ਬਡਰੁੱਖਾਂ ਸਬ-ਇੰਸਪੈਕਟਰ ਮਨਪ੍ਰੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ, ਜੋ ਉਸ ਨੇ ਰਿਸ਼ਵਤ ਲੈਣ ਦੀ ਗੱਲ ਕੀਤੀ ਹੈ ਉਹ ਬੇਬੁਨਿਆਦ ਹੈ, ਉਸ ਕੋਲ ਕੋਈ ਪਰੂਫ ਹੈ ਤਾਂ ਪੇਸ਼ ਕਰੇ ਅਤੇ ਜੋ ਉਸ ਦੇ ਭਰਾ ਵਾਲਾ ਮਾਮਲਾ ਹੈ ਉਸ ’ਤੇ ਪੂਰੀ ਜਾਂਚ ਪੜਤਾਲ ਚੱਲ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ