‘ਨਾ ਫੂਕ ਪਰਾਲੀ ਨੂੰ, ਲੱਖਾਂ ਮਿੱਤਰ ਕੀੜੇ ਸੜਦੇ’

ਮੁੱਖ ਮੰਤਰੀ ਦੇ ਦਿਲ ਨੂੰ ਛੂਹੀ ਮਾਨਸਾ ਜ਼ਿਲ੍ਹੇ ਦੀਆਂ ਵਿਦਿਆਰਥਣਾਂ ਦੀ ਜਾਗਰੂਕਤਾ ਵਾਲੀ ਕਵੀਸ਼ਰੀ

51 ਹਜ਼ਾਰ ਰੁਪਏ ਸਨਮਾਨ ਰਾਸ਼ੀ ਅਤੇ ਸਮੂਹ ਸਕੂਲ ਸਟਾਫ ਨੂੰ ਪ੍ਰਸੰਸਾ ਪੱਤਰ ਦਾ ਐਲਾਨ

ਮਾਨਸਾ, (ਸੁਖਜੀਤ ਮਾਨ) | ਮਾਨਸਾ ਦੇ ਨਾਲ ਲੱਗਦੇ ਪਿੰਡ ਖਿਆਲਾ ਕਲਾਂ ਦੇ ਮਾਲਵਾ ਪਬਲਿਕ ਹਾਈ ਸਕੂਲ ਦੀਆਂ ਵਿਦਿਆਥਣਾਂ ਵੱਲੋਂ ਵਾਤਾਵਰਣ ਬਚਾਉਣ ਹਿੱਤ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦਾ ਹੋਕਾ ਦੇਣ ਵਾਲੀ ਕਵੀਸ਼ਰੀ ਸੋਸ਼ਲ ਮੀਡੀਆ ’ਤੇ ਛਾਈ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਇਹ ਵੀਡੀਓ ਸੁਣੀ ਤਾਂ ਉਨ੍ਹਾਂ ਦੇ ਦਿਲ ਨੂੰ ਛੂਹ ਗਈ ਕਵੀਸ਼ਰੀ ਸੁਣਦਿਆਂ ਹੀ ਉਨ੍ਹਾਂ ਨੇ ਵਿਦਿਆਰਥਣਾਂ ਲਈ ਸਨਮਾਨ ਰਾਸ਼ੀ ਅਤੇ ਸਮੁੱਚੇ ਸਕੂਲ ਸਟਾਫ ਨੂੰ ਪ੍ਰਸੰਸਾ ਪੱਤਰ ਦੇਣ ਲਈ ਸਿੱਖਿਆ ਵਿਭਾਗ ਨੂੰ ਨਿਰਦੇਸ਼ ਜ਼ਾਰੀ ਕੀਤੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਪਣੇ ਫੇਸਬੁੱਕ ਪੇਜ਼ ’ਤੇ ਕਵੀਸ਼ਰੀ ਵਾਲੀ ਵੀਡੀਓ ਸ਼ੇਅਰ ਕਰਕੇ ਇਹ ਜਾਣਕਾਰੀ ਦੇਣ ਦੇ ਨਾਲ-ਨਾਲ ਲਿਖਿਆ ਹੈ ਕਿ ‘ ਪਿਆਰੀਆਂ ਬੱਚੀਆਂ ਨੇ ਕਵੀਸ਼ਰੀ ਰਾਹੀਂ ਵਾਤਾਵਰਣ ਬਚਾਉਣ ਦਾ ਕਮਾਲ ਦਾ ਸੁਨੇਹਾ ਦਿੱਤਾ ਹੈ’

ਵੇਰਵਿਆਂ ਮੁਤਾਬਿਕ ਪੰਜਾਬ ਦੇ ਕਿਸਾਨਾਂ ਵੱਲੋਂ ਝੋਨੇ ਦੀ ਕਟਾਈ ਉਪਰੰਤ ਸਾੜੀ ਜਾਂਦੀ ਪਰਾਲੀ ਹਰ ਵਾਰ ਬਹੁਤ ਵੱਡਾ ਮੁੱਦਾ ਬਣਦੀ ਹੈ ਕਿਸਾਨ ਤਰਕ ਦਿੰਦੇ ਹਨ ਕਿ ਉਨ੍ਹਾਂ ਕੋਲ ਪਰਾਲੀ ਸਾੜਨ ਤੋਂ ਬਿਨ੍ਹਾਂ ਕੋਈ ਹੋਰ ਹੱਲ ਨਹੀਂ ਦੂਜੇ ਪਾਸੇ ਸਰਕਾਰਾਂ ਇਸਦਾ ਕੋਈ ਹੱਲ ਨਹੀਂ ਕਰ ਸਕੀਆਂ ਇਸ ਸਭ ਦੇ ਬਾਵਜ਼ੂਦ ਕਿਸਾਨਾਂ ਨੂੰ ਵਾਤਾਵਰਣ ਬਚਾਉਣ ਦਾ ਵਾਸਤਾ ਪਾਉਂਦੀ ਖਿਆਲਾ ਕਲਾਂ ਦੇ ਮਾਲਵਾ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਗਾਈ ਕਵੀਸ਼ਰੀ ਸੋਸ਼ਲ ਮੀਡੀਆ ’ਤੇ ਕਾਫੀ ਛਾਈ ਹੋਈ ਹੈ

ਵਿਦਿਆਰਥਣਾਂ ਵੱਲੋਂ ਗਾਇਆ ਗਿਆ ਹੈ ‘ਨਾ ਫੂਕ ਪਰਾਲੀ ਨੂੰ , ਲੱਖਾਂ ਮਿੱਤਰ ਕੀੜੇ ਸੜਦੇ’ ਵਾਇਰਲ ਹੋਈ ਇਹ ਵੀਡੀਓ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੇਖੀ ਗਈ ਤਾਂ ਉਨ੍ਹਾਂ ਜਾਗਰੂਕਤਾ ਦੇ ਇਸ ਹੋਕੇ ਤੋਂ ਖੁਸ਼ ਹੋ ਕੇ ਵਿਦਿਆਰਥਣਾਂ ਨੂੰ 51 ਹਜ਼ਾਰ ਰੁਪਏ ਦੀ ਸਨਮਾਨ ਰਾਸ਼ੀ ਅਤੇ ਸਮੁੱਚੇ ਸਕੂਲ ਸਟਾਫ ਨੂੰ ਪ੍ਰਸੰਸਾ ਪੱਤਰ ਦੇਣ ਲਈ ਸਿੱਖਿਆ ਵਿਭਾਗ ਨੂੰ ਨਿਰਦੇਸ਼ ਜ਼ਾਰੀ ਕੀਤੇ ਹਨ

ਇਹ ਕਵੀਸ਼ਰੀ ਸਕੂਲ ਦੇ ਮੁੱਖ ਸੰਚਾਲਕ ਅਤੇ ਕੁਦਰਤੀ ਖੇਤੀ ਕਰਨ ਵਾਲੇ ਹਰਦੀਪ ਸਿੰਘ ਜਟਾਣਾ ਵੱਲੋਂ ਲਿਖੀ ਗਈ ਹੈ ਉਨ੍ਹਾਂ ਦੱਸਿਆ ਕਿ ਕਵੀਸ਼ਰੀ ਨੂੰ ਸਕੂਲ ਦੀਆਂ ਚਾਰ ਵਿਦਿਆਰਥਣਾਂ ਬੇਅੰਤ ਕੌਰ 9ਵੀਂ ਤੋਂ ਇਲਾਵਾ 8ਵੀਂ ਜਮਾਤ ਦੀਆਂ ਹਰਸਿਮਰ ਕੌਰ, ਜਸ਼ਨਪ੍ਰੀਤ ਕੌਰ ਅਤੇ ਰਣਵੀਰ ਕੌਰ ਵੱਲੋਂ ਗਾਇਆ ਗਿਆ ਹੈ ਕਵੀਸ਼ਰੀ ਗਾਉਂਦੀਆਂ ਵਿਦਿਆਰਥਣਾਂ ਦੀ ਵੀਡੀਓ ਜਟਾਣਾ ਦੀ ਧੀ ਰੌਬਿਨਦੀਪ ਕੌਰ ਵੱਲੋਂ ਬਣਾਈ ਗਈ ਸੀ ਹਰਦੀਪ ਜਟਾਣਾ ਨੇ ਆਖਿਆ ਕਿ ਉਹ ਆਪਣੇ ਸਕੂਲ ’ਚ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਦੁਨਿਆਵੀ ਤੌਰ ’ਤੇ ਜਾਗਰੂਕ ਇਨਸਾਨ ਬਣਾਉਣ ਲਈ ਤਤਪਰ ਰਹਿੰਦੇ ਹਨ ਇਸ ਲਈ ਵਿਦਿਆਰਥੀਆਂ ਨੂੰ ਸਕੂਲੀ ਸਿਲੇਬਸ ਤੋਂ ਇਲਾਵਾ ਆਮ ਗਿਆਨ ਬਾਰੇ ਵੀ ਜਾਣਕਾਰੀ ਦਿੰਦੇ ਰਹਿੰਦੇ ਹਨ

ਪੰਚਾਇਤੀ ਚੋਣਾਂ ਵੇਲੇ ਵੀ ਵਾਇਰਲ ਹੋਈ ਸੀ ਵੀਡੀਓ

ਦੱਸਣਯੋਗ ਹੈ ਕਿ ਮਾਲਵਾ ਪਬਲਿਕ ਹਾਈ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਪੰਜਾਬ ’ਚ ਹੋਈਆਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਵੀ ਇੱਕ ਕਵੀਸ਼ਰੀ ‘ਚੰਗਾ ਬੰਦਾ ਚੁਣਿਓ ਜੀ, ਪਿੰਡ ਦੇ ਕੰਮ ਸੰਵਾਰੇ ਜੋ’ ਗਾਈ ਗਈ ਸੀ ਉਸ ਕਵੀਸ਼ਰੀ ਨੂੰ ਵੀ ਲੋਕਾਂ ਨੇ ਕਾਫੀ ਭਰਵਾਂ ਹੁੰਗਾਰਾ ਦਿੱਤਾ ਸੀ ਕਵੀਸ਼ਰੀ ਰਾਹੀਂ ਕਿਹਾ ਗਿਆ ਸੀ ਕਿ ਆਪਣੀ ਵੋਟ ਨੂੰ ਨੋਟਾਂ ਪਿੱਛੇ ਜਾਂ ਨਸ਼ਿਆਂ ਦੇ ਲਾਲਚ ਪਿੱਛੇ ਨਹੀਂ ਗਵਾਉਣਾ ਚਾਹੀਦਾ ਬਲਕਿ ਆਪਣੇ ਪਿੰਡ ਦੇ ਵਿਕਾਸ ਲਈ ਚੰਗੇ ਬੰਦੇ ਦੀ ਚੋਣ ਕਰਨੀ ਚਾਹੀਦੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ