ਪਿੰਡ ਮਛਾਣਾ ਦੇ ਕਿਸਾਨ ਨੇ ਖ਼ੇਤ ‘ਚ ਉਗਾਇਆ ‘ਕੇਸਰ’

Farmer, Village, Machhana, Kesar

ਯੂ ਟਿਊਬ ਤੋਂ ਕੇਸਰ ਬਾਰੇ ਇਕੱਠੀ ਕੀਤੀ ਸੀ ਜਾਣਕਾਰੀ

ਦੂਸਰੇ ਕਿਸਾਨਾਂ ਲਈ ਬਣਿਆ ਰਾਹ-ਦਸੇਰਾ

ਅੱਧਾ ਕਿੱਲੇ ‘ਚੋਂ ਲਗਭਗ 70 ਲੱਖ ਦੀ ਹੁੰਦੀ ਹੈ ਕੇਸਰ ਦੀ ਫਸਲ

ਸੰਗਤ ਮੰਡੀ, ਮਨਜੀਤ ਨਰੂਆਣਾ

ਕਸ਼ਮੀਰ ਦੇ ਪਹਾੜਾਂ ‘ਚ ਉਗਾਇਆ ਜਾਣ ਵਾਲਾ ਕੇਸਰ ਬਠਿੰਡਾ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਕਿਸਾਨਾਂ ਨੇ ਗਰਮ ਵਾਤਾਵਰਨ ‘ਚ ਉਗਾ ਕੇ ਵੱਡਾ ਮਾਰਕਾ ਮਾਰਿਆ ਹੈ। ਇਸ ਲੜੀ ‘ਚ ਬਠਿੰਡਾ ਜ਼ਿਲ੍ਹੇ ਦਾ ਛੋਟਾ ਜਿਹਾ ਪਿੰਡ ਮਛਾਣਾ ਵੀ ਜੁੜ ਗਿਆ ਹੈ। ਇਸ ਪਿੰਡ ਦਾ ਨੌਜਵਾਨ ਕਿਸਾਨ ਡੇਢ ਕਨਾਲ ‘ਚ ਕੇਸਰ ਦੀ ਫਸਲ ਸਫਲਤਾ ਪੂਰਵਕ ਉਗਾ ਕੇ ਦੂਸਰੇ ਕਿਸਾਨਾਂ ਲਈ ਮਿਸਾਲ ਬਣ ਗਿਆ ਹੈ ਤੇ ਪਿੰਡ ਦੇ ਦੂਸਰੇ ਕਿਸਾਨ ਵੀ ਕੇਸਰ ਦੀ ਫਸਲ ਨੂੰ ਵੇਖਣ ਆ ਰਹੇ ਹਨ।

ਮੌਕੇ ‘ਤੇ ਜਾ ਕੇ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਲਖਵਿੰਦਰ ਸਿੰਘ ਪੁੱਤਰ ਮੋਹਨ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਕੇਸਰ ਬੀਜਣ ਦੀ ਪ੍ਰੇਰਣਾ ਕਿਸੇ ਕਿਸਾਨ ਤੋਂ ਨਹੀਂ ਸਗੋਂ ਮੋਬਾਇਲ ‘ਤੇ ਯੂ-ਟਿਊਬ ਨੂੰ ਵੇਖ ਕੇ ਮਿਲੀ। ਉਨ੍ਹਾਂ ਕੋਠਾ ਗੁਰੂ ਦੇ ਕਿਸਾਨ ਤੋਂ 150 ਗ੍ਰਾਮ ਬੀਜ਼ ਲਿਆ, ਫਿਰ ਉਸ ਨੇ ਡੇਢ ਕਨਾਲ ‘ਚ ਬੀਜ਼ਿਆ। ਉਨ੍ਹਾਂ ਦੱਸਿਆ ਕਿ ਕੇਸਰ ਅਕਤੂਬਰ ਮਹੀਨੇ ‘ਚ ਬੀਜ਼ਿਆ ਜਾਂਦਾ ਹੈ ਜੋ ਕਿ ਮਾਰਚ ਤੱਕ ਤਿਆਰ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕੇਸਰ ਦੀ ਫਸਲ ‘ਤੇ ਕੋਈ ਵੀ ਕੀਨਸ਼ਾਨਕ ਸਪਰੇਅ ਨਹੀਂ ਹੁੰਦੀ, ਸਗੋਂ ਪਾਣੀ ਦੀ ਜ਼ਿਆਦਾ ਜਰੂਰਤ ਹੁੰਦੀ ਹੈ ਅਤੇ ਇਸ ਦਾ ਮੁਨਾਫ਼ਾ ਵੀ ਲੱਖਾਂ ‘ਚ ਹੈ  ਜੇਕਰ ਫਸਲ ‘ਤੇ ਤੇਲੇ ਦਾ ਹਮਲਾ ਵੀ ਹੋ ਜਾਏ ਤਾਂ ਘਰ ‘ਚ ਰਿੜਕੀ ਜਾਂਦੀ ਖੱਟੀ ਲੱਸੀ ਦੇ ਛਿੜਕਾਅ ਨਾਲ ਤੇਲਾ ਮਰ ਜਾਂਦਾ ਹੈ। ਜੇਕਰ ਕੇਸਰ ਦੀ ਖ਼ੇਤੀ ਤੋਂ ਮੁਨਾਫੇ ਦੀ ਗੱਲ ਕਰੀਏ ਤਾਂ ਇਸ ਦਾ ਬੀਜ਼ ਇੱਕ ਲੱਖ ਰੁਪਏ ਦੇ ਲਗਭਗ ਵਿਕ ਜਾਂਦਾ ਹੈ। ਕੇਸਰ ਦੇ ਫੁੱਲ ਬਜ਼ਾਰ ‘ਚ ਸਾਢੇ ਤਿੰਨ ਲੱਖ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕ ਜਾਂਦੇ ਹਨ। ਇਸ ਕਿਸਾਨ ਨੇ ਦੱਸਿਆ ਕਿ ਅੱਧੇ ਕਿੱਲ੍ਹੇ ‘ਚੋਂ ਕੇਸਰ ਦੀ ਫਸਲ ਲਗਭਗ 70 ਲੱਖ ਦੇ ਕਰੀਬ ਹੋ ਜਾਂਦੀ ਹੈ। ਕਿਸਾਨ ਦਾ ਮੰਨਣਾ ਸੀ ਕਿ ਜੇਕਰ ਕਿਸਾਨ ਫਸਲੀ ਚੱਕਰ ‘ਚੋਂ ਨਿਕਲ ਕੇ ਕੇਸਰ ਦੀ ਕਾਸ਼ਤ ਵੱਲ ਆਉਣ ਤਾਂ ਉਨ੍ਹਾਂ ਦੇ ਵਾਰੇ ਨਿਆਰੇ ਹੋ ਜਾਣਗੇ। ਜੇਕਰ ਕਿਸਾਨ ਨੂੰ ਥੋੜ੍ਹੀ ਬਹੁਤ ਦਿੱਕਤ ਆਉਂਦੀ ਹੈ ਤਾਂ ਉਹ ਇਸ ਦੇ ਮੰਡੀਕਰਨ ਨੂੰ ਲੈ ਕੇ ਹੈ, ਕਿਉਂਕਿ ਕਿਸਾਨਾਂ ਵੱਲੋਂ ਬੀਜ਼ੀ ਇਹ ਬਿਲਕੁਲ ਨਵੀਂ ਫਸਲ ਹੈ, ਖ਼ੇਤੀਬਾੜੀ ਵਿਭਾਗ ਵੱਲੋਂ ਵੀ ਕਿਸਾਨਾਂ ਨੂੰ ਇਸ ਫਸਲ ਲਈ ਜਾਗਰੂਕ ਨਹੀਂ ਕੀਤਾ ਜਾਂਦਾ, ਜੇਕਰ ਖ਼ੇਤੀਬਾੜੀ ਵਿਭਾਗ ਕਿਸਾਨਾਂ ਨੂੰ ਇਸ ਫਸਲ ਪ੍ਰਤੀ ਪੂਰੀ ਜਾਣਕਾਰੀ ਮੁਹੱਈਆ ਕਰਵਾਏ ਤਾਂ ਕਿਸਾਨਾਂ ਵੱਲੋਂ ਝੋਨੇ ਤੇ ਨਰਮੇ ਦੀਆਂ ਰਵਾਇਤੀ ਫਸਲਾਂ ਨੂੰ ਬੀਜ਼ਣਾ ਛੱਡ ਕੇ ਉਹ ਇਸ ਫਸਲ ਨੂੰ ਬੀਜਣ ਲਈ ਤਰਜ਼ੀਹ ਦੇਣਗੇ।

ਜ਼ਿਲ੍ਹਾ ਖ਼ੇਤੀਬਾੜੀ ਅਫਸਰ ਡਾ. ਗੁਰਦਿੱਤਾ ਸਿੰਘ ਬਰਾੜ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਧਿਆਨ ‘ਚ ਆਇਆ ਹੈ ਕਿ ਬਠਿੰਡਾ ਜ਼ਿਲ੍ਹੇ ‘ਚ ਤਿੰਨ ਪਿੰਡਾਂ ਦੇ ਕਿਸਾਨਾਂ ਵੱਲੋਂ ਕੇਸਰ ਦੀ ਫਸਲ ਬੀਜ਼ੀ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਲੁਧਿਆਣਾ ਖੇਤੀਬਾੜੀ ‘ਵਰਸਿਟੀ ਟੀਮ ਨੂੰ ਕੇਸਰ ਨੂੰ ਚੈੱਕ ਕਰਨ ਲਈ ਲਿਖ ਦਿੱਤਾ ਹੈ। ਉਨ੍ਹਾਂ ਸੰਭਾਵਨਾ ਪ੍ਰਗਟਾਈ ਕਿ ਹੋ ਸਕਦਾ ਹੈ ਕਿ ਯੂਨੀਵਰਸਿਟੀ ਦੀ ਟੀਮ ਅਗਲੇ ਹਫ਼ਤੇ ਕਿਸਾਨਾਂ ਦੀਆਂ ਫਸਲਾਂ ਦਾ ਦੌਰਾ ਕਰ ਸਕਦੀ ਹੈ ਜੇਕਰ ਇਹ ਫਸਲ ਸਹੀ ਹੋਈ ਤਾਂ ਕਿਸਾਨਾਂ ਲਈ ਇਹ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।