ਮਾਈਨਿੰਗ ਮਾਫ਼ੀਆ ਦਾ ਖ਼ਾਤਮਾ ਕਰੇਗਾ ਇਨਫੋਰਸਮੈਂਟ ਵਿਭਾਗ

Enforcement, Department, Abolish, Mining, Mafia

ਕਿਰਕਿਰੀ ਹੁੰਦੀ ਦੇਖ ਇਨਫਰੋਸਮੈਂਟ ਵਿਭਾਗ ਦਾ ਸਰਕਾਰ ਜਲਦ ਕਰਨ ਜਾ ਰਹੀ ਐ ਗਠਨ

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਅਮਰਿੰਦਰ ਸਰਕਾਰ ਦੀ ਕਿਰਕਿਰੀ ਕਰਵਾਉਣ ਵਾਲੇ ਮਾਈਨਿੰਗ ਮਾਫ਼ੀਆ ਦਾ ਗੜ ਤੋੜਨ ਲਈ ਜਲਦ ਹੀ ਸਰਕਾਰ ਇਨਫੋਰਸਮੈਂਟ ਵਿਭਾਗ ਦਾ ਗਠਨ ਕਰਨ ਜਾ ਰਹੀ ਹੈ, ਜਿਸ ਵਿੱਚ ਮਾਈਨਿੰਗ ਵਿਭਾਗ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਮਿਲ ਕੇ ਨਾ ਸਿਰਫ਼ ਕੰਮ ਕਰਨਗੇ, ਸਗੋਂ ਅਚਾਨਕ ਚੈਕਿੰਗ ਕਰਦੇ ਹੋਏ ਸਰਕਾਰ ਦੀ ਨੱਕ ਵਿੱਚ ਦਮ ਕਰਨ ਵਾਲੇ ਮਾਫ਼ੀਆ ਨੂੰ ਵੀ ਖ਼ਤਮ ਕਰਨਗੇ। ਇਸ ਸਬੰਧੀ ਖਨਣ ਅਤੇ ਭੂ ਵਿਭਾਗ ਦੇ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਇਸ ਦੇ ਗਠਨ ਲਈ ਆਦੇਸ਼ ਦੇ ਦਿੱਤੇ ਹਨ। ਅਮਰਿੰਦਰ ਸਿੰਘ ਦੀ ਸਰਕਾਰ ਲਈ ਪਿਛਲੇ ਡੇਢ ਸਾਲ ਦੌਰਾਨ ਮਾਈਨਿੰਗ ਮਾਫ਼ੀਆ  ਕਾਰਨ ਕਾਫ਼ੀ ਜ਼ਿਆਦਾ ਬਦਨਾਮ ਹੋ ਰਹੀ ਹੈ ਅਤੇ ਸਿਰਫ਼ ਨਾਜਾਇਜ਼ ਮਾਈਨਿੰਗ ਕਾਰਨ ਹੀ ਨਹੀਂ ਸਗੋਂ ਅਲਾਟ ਕੀਤੀਆਂ ਗਈਆਂ ਖੱਡਾਂ ਵਿੱਚ ਵੀ ਤੈਅ ਸੀਮਾ ਤੋਂ ਜ਼ਿਆਦਾ ਰੇਤ ਕੱਢਣ ਕਾਰਨ ਠੇਕੇਦਾਰਾਂ ਤੋਂ ਸਰਕਾਰ ਕਾਫ਼ੀ ਜ਼ਿਆਦਾ ਪਰੇਸ਼ਾਨ ਨਜ਼ਰ ਆ ਰਹੀ ਹੈ।

ਮਾਈਨਿੰਗ ਵਿਭਾਗ ਅਤੇ ਪੁਲਿਸ ਦੇ ਅਧਿਕਾਰੀ ਹੋਣਗੇ ਸ਼ਾਮਲ

ਤੈਅ ਨਿਯਮਾਂ ਅਨੁਸਾਰ ਸਿਰਫ਼ 10 ਫੁੱਟ ਦੀ ਗਹਿਰਾਈ ਤੱਕ ਹੀ ਰੇਤ ਕੱਢੀ ਜਾ ਸਕਦੀ ਹੈ ਪਰ ਠੇਕੇਦਾਰਾਂ ਵੱਲੋਂ 40 ਫੁੱਟ ਤੋਂ ਲੈ ਕੇ 65 ਫੁੱਟ ਤੱਕ ਰੇਤ ਕੱਢੀ ਜਾ ਰਹੀਂ ਹੈ, ਜਿਸ ਕਾਰਨ ਮਨਜ਼ੂਰ ਖੱਡਾਂ ਵਿੱਚ ਵੀ ਨਾਜਾਇਜ਼ ਮਾਈਨਿੰਗ ਹੋ ਰਹੀ ਹੈ।ਪਿਛਲੇ ਦਿਨੀਂ ਇੱਕ ਵਿਧਾਇਕ ਦੀ ਮਾਈਨਿੰਗ ਮਾਫੀਆ ਵੱਲੋਂ ਮਾਰ ਕੁਟਾਈ ਕਰਨ ਤੋਂ ਬਾਅਦ ਹੁਣ ਇੱਕ ਮੰਤਰੀ ਦਾ ਨਾਂਅ ਮਾਈਨਿੰਗ ਵਿੱਚ ਆਉਣ ਕਾਰਨ ਪੰਜਾਬ ਸਰਕਾਰ ਇਸ ਸਬੰਧੀ ਇੱਕ ਇਨਫੋਰਸਮੈਂਟ ਵਿਭਾਗ ਹੀ ਬਣਾਉਣ ਜਾ ਰਹੀ ਹੈ। ਵਿਭਾਗ ਦੇ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਮੰਨਿਆ ਕਿ ਜਿਹੜੀਆਂ ਖੱਡਾਂ ਠੇਕੇ ‘ਤੇ ਦਿੱਤੀਆਂ ਹੋਈਆਂ ਹਨ, ਉਨ੍ਹਾਂ ਵੱਲੋਂ ਨਾਜਾਇਜ਼ ਤਰੀਕੇ ਨਾਲ 65 ਫੁੱਟ ਤੱਕ ਰੇਤਾ ਕੱਢਿਆ ਜਾ ਰਿਹਾ ਹੈ, ਜਦੋਂ ਕਿ 10 ਫੁੱਟ ਤੋਂ ਜਿਆਦਾ ਰੇਤ ਕੱਢਣਾ ਆਪਣੇ ਆਪ ਵਿੱਚ ਨਾਜਾਇਜ਼ ਮਾਈਨਿੰਗ ਦੇ ਘੇਰੇ ਵਿੱਚ ਆਉਂਦਾ ਹੈ।