ਪਰਾਲੀ ਨੂੰ ਅੱਗ ਦੇ ਮਾਮਲੇ ’ਚ ਐੱਸਐੱਚਓ ਲਈ ਡਿਪਟੀ ਕਮਿਸ਼ਨਰ ਨੇ ਲਿਆ ਵੱਡਾ ਫ਼ੈਸਲਾ

Deputy Commissioner
ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪੁਲਿਸ ਮੁਖੀ, ਸਮੂਹ ਐਸ.ਡੀ.ਐਮਜ਼, ਤਹਿਸੀਲਦਾਰਾਂ ਤੇ ਥਾਣਿਆਂ ਦੇ ਐਸ.ਐਚ.ਓਜ਼ ਨਾਲ ਮੀਟਿੰਗ ਕਰਨ ਮੌਕੇ। ਤਸਵੀਰ : ਅਨਿਲ ਲੁਟਾਵਾ

ਜ਼ਿਲ੍ਹੇ ਦੇ 24 ਪਿੰਡਾਂ ਵਿੱਚ ਅੱਗ ਲਗਾਉਣ ਦੀਆਂ ਘਟਨਾਵਾਂ ਆਈਆਂ ਸਾਹਮਣੇ | Deputy Commissioner

ਫ਼ਤਹਿਗੜ੍ਹ ਸਾਹਿਬ (ਅਨਿਲ ਲੁਟਾਵਾ)। ਮਾਣਯੋਗ ਸੁਪਰੀਮ ਕੋਰਟ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਤੇ ਕਾਬੂ ਪਾਉਣ ਲਈ ਦਿੱਤੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪੁਲਿਸ ਮੁਖੀ, ਸਮੂਹ ਐਸ.ਡੀ.ਐਮਜ਼, ਤਹਿਸੀਲਦਾਰਾਂ ਤੇ ਥਾਣਿਆਂ ਦੇ ਐਸ.ਐਚ.ਓਜ਼ ਨਾਲ ਇੱਕ ਅਹਿਮ ਮੀਟਿੰਗ ਕੀਤੀ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਤੇ ਰੋਕ ਲਗਾਉਣ ਲਈ ਜ਼ਿਲ੍ਹੇ ਦੇ ਕਈ ਪਿੰਡਾਂ ਦਾ ਦੌਰਾ ਵੀ ਕੀਤਾ ਅਤੇ ਜਿਥੇ ਪਰਾਲੀ ਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਤਾਂ ਮੌਕੇ ਤੇ ਸਬੰਧਤ ਕਿਸਾਨ ਤੋਂ ਇਹ ਅੱਗ ਬੁਝਾਈ ਗਈ। (Deputy Commissioner)

ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਮਾਣਯੋਗ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਆਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਸਖਤ ਆਦੇਸ਼ ਦਿੱਤੇ ਗਏ ਹਨ ਕਿ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਤੇ ਤਿੱਖੀ ਨਜ਼ਰ ਰੱਖਣ ਲਈ ਰੋਜ਼ਾਨਾਂ ਰੀਵਿਊ ਮੀਟਿੰਗ ਕੀਤੀ ਜਾਵੇ ਅਤੇ ਸਮੂਹ ਥਾਣਿਆਂ ਦੇ ਮੁੱਖ ਥਾਣਾ ਅਫਸਰਾਂ ਦੀ ਇਹ ਜਿੰਮੇਵਾਰੀ ਹੋਵੇਗੀ ਕਿ ਉਹ ਆਪੋ ਆਪਣੇ ਏਰੀਏ ਵਿੱਚ ਅੱਗ ਲਗਾਉਣ ਦੀਆਂ ਘਟਨਾਵਾਂ ਤੇ ਸਖਤੀ ਨਾਲ ਕਾਬੂ ਪਾਉਣ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਥਾਣੇ ਦੀ ਹੱਦ ਅੰਦਰੋਂ ਪਰਾਲੀ ਨੂੰ ਅੱਗ ਲਗਾਉਣ ਦੀ ਕੋਈ ਵੀ ਘਟਨਾ ਸਾਹਮਣੇ ਆਉਦੀ ਹੈ ਤਾਂ ਸਬੰਧਤ ਐਸ.ਐਚ.ਓ. ਵਿਰੁੱਧ ਅਨੁਸ਼ਾਸਨਿਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Deputy Commissioner

ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਸਮੂਹ ਅਧਿਕਾਰੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਰੋਕਣ ਲਈ ਆਪੋ ਆਪਣੇ ਇਲਾਕਿਆਂ ਦੇ ਪਿੰਡਾਂ ਵਿੱਚ ਦੌਰੇ ਕੀਤੇ ਜਾਣ ਅਤੇ ਇਸ ਸਬੰਧੀ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਵਾਸਤੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਪ੍ਰਦੂਸ਼ਣ ਦਾ ਖਾਤਮਾ ਕਰਨ ਲਈ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਜਮੀਨ ਵਿੱਚ ਹੀ ਵਾਹ ਦੇਣ ਅਤੇ ਜੇਕਰ ਕਿਸੇ ਕਿਸਾਨ ਨੂੰ ਪਰਾਲੀ ਪ੍ਰਬੰਧਨ ਲਈ ਮਸ਼ੀਨ ਦੀ ਜਰੂਰਤ ਹੈ ਤਾਂ ਉਹ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆ ਸਕਦਾ ਹੈ।

ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਲਗਾ ਰਹੇ ਹਨ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਜਾਵੇ, ਜੇਕਰ ਫਿਰ ਵੀ ਕੋਈ ਨਹੀਂ ਰੁਕਦਾ ਤਾਂ ਉਨ੍ਹਾਂ ਦਾ ਚਲਾਨ ਕੀਤਾ ਜਾਵੇ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਗਰੇਵਾਲ,ਐਸ ਪੀ (ਹੈੱਡ.) ਰਮਿੰਦਰ ਸਿੰਘ, ਐਸਡੀਐਮ ਫ਼ਤਹਿਗੜ੍ਹ ਸਾਹਿਬ ਅਰਵਿੰਦ ਕੁਮਾਰ, ਐਸਡੀਐਮ ਅਮਲੋਹ ਗੁਰਵਿੰਦਰ ਸਿੰਘ ਜੋਹਲ, ਐਸਡੀਐਮ ਖਮਾਣੋਂ ਮਨਰੀਤ ਰਾਣਾ, ਡੀਐਸਪੀ ਰਾਜ ਕੁਮਾਰ, ਪੰਜਾਬ ਪ੍ਰਦੂਸਣ ਕੰਟਰੋਲ ਬੋਰਡ ਦੇ ਵਾਤਾਵਰਣ ਇੰਜਨੀਅਰ ਸਮੇਤ ਹੋਰ ਅਧਿਕਾਰੀ ਹਾਜਰ ਸਨ।

ਇਨ੍ਹਾਂ ਪਿੰਡਾਂ ਵਿੱਚ ਪਰਾਲੀ ਨੂੰ ਅੱਗ ਲਾਈ ਗਈ

ਜ਼ਿਲ੍ਹੇ ਦੇ ਇਨ੍ਹਾਂ 24 ਪਿੰਡਾਂ ਵਿੱਚ ਹੁਣ ਤੱਕ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਬਲਾਕ ਅਮਲੋਹ ਦਾ ਪਿੰਡ ਫ਼ਤਹਿਗੜ੍ਹ ਨਿਊਂਆਂ, ਘੁਟੀਂਡ, ਮਾਜਰਾ ਮੰਨਾ ਸਿੰਘ ਵਾਲਾ, ਰਾਈਏਵਾਲ, ਬਸੀ ਪਠਾਣਾ ਬਲਾਕ ਦਾ ਪਿੰਡ ਬਹਿਰਾਮਪੁਰ, ਭੁੱਚੀ, ਧੌਂਦਾ, ਗੋਪਾਲੋਂ, ਖੇੜੀ ਭਾਈ ਕੀ, ਕੋਟਲਾ, ਲੋਹਾਰੀ ਕਲਾਂ, ਫਿਰੋਜਪੁਰ, ਸਰਹਿੰਦ ਬਲਾਕ ਦਾ ਪਿੰਡ ਬੁਚੜੇ, ਫ਼ਤਹਿਗੜ੍ਹ ਸਾਹਿਬ, ਨੌਲੱਖਾ, ਸਾਨੀਪੁਰ, ਧਤੋਂਦਾ, ਖਮਾਣੋਂ ਬਲਾਕ ਦਾ ਪਿੰਡ ਬਾਠਾਂ ਖੁਰਦ, ਹਵਾਰਾ ਕਲਾਂ ਅਤੇ ਮਾਜਰੀ ਸ਼ਾਮਲ ਹਨ।

ਜਾਅਲੀ ਸਰਟੀਫਿਕੇਟ ਵਾਲਿਆਂ ’ਤੇ ਵੱਡੀ ਕਾਰਵਾਈ, ਡਾ. ਬਲਜੀਤ ਕੌਰ ਵੱਲੋਂ ਹੁਕਮ ਜਾਰੀ