ਕਰਜਾ ਮੁਆਫੀ ‘ਚ ਹੋਈ ਦੇਰੀ ਨੇ ਨਿਗਲਿਆ ਨੌਜਵਾਨ ਕਿਸਾਨ

Suicide, Drinking, Poison, Farmer, Debt

ਬਠਿੰਡਾ (ਅਸ਼ੋਕ ਵਰਮਾ) । ਬਠਿੰਡਾ ਜਿਲ੍ਹੇ ਦੇ ਪਿੰਡ ਕੋਟਸ਼ਮੀਰ ‘ਚ ਕੈਪਟਨ ਸਰਕਾਰ ਦੀ ਕਰਜਾ ਮੁਆਫੀ ‘ਚ ਦੇਰੀ ਦੇ ਅਮਲ ਨੇ ਇੱਕ ਕਿਸਾਨ ਦੀ ਜਾਨ ਲੈ ਲਈ ਹੈ ਕਿਸਾਨ ਅੰਮ੍ਰਿਤਪਾਲ ਸਿੰਘ ਪੁੱਤਰ ਜਰਨੈਲ ਅੱਜ ਜਹਿਰ ਪੀਕੇ ਕਰਜਿਆਂ ਅਤੇ ਜਿੰਦਗੀ ਤੋਂ ਸੁਰਖਰੂ ਹੋ ਗਿਆ ਪਰ ਉਸ ਦੇ ਸਵਾਲ ਅਣਸੁਲਝੇ ਪਏ ਹਨ। ਜਾਣਕਾਰੀ ਮੁਤਾਬਕ ਪਿੰਡ ਕੋਟਸ਼ਮੀਰ ਦੇ ਕਿਸਾਨ ਅੰਮ੍ਰਿਤਪਾਲ ਸਿੰਘ ਸਿਰ ਕਰੀਬ 6-7 ਲੱਖ ਰੁਪਏ ਦਾ ਕਰਜਾ ਚੜ੍ਹਿਆ ਹੋਇਆ ਸੀ ਜਦੋਂ ਕਰਜਾ ਮੁਆਫੀ ਦਾ ਅਮਲ ਸ਼ੁਰੂ ਹੋਇਆ ਤਾਂ ਉਸ ਨੂੰ ਆਸ ਬੱਝੀ ਸੀ ਕਿ ਹੁਣ ਉਹ ਸੌਖਾਲਾ ਹੋ ਜਾਵੇਗਾ ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਕਰਜਾ ਮੁਆਫੀ ਵਾਲੀ ਸੂਚੀ ‘ਚ ਅੰਮ੍ਰਿਤਪਾਲ ਸਿੰਘ ਦਾ ਨਾਮ ਸੀ ਪਰ ਕੇਸ ਨੂੰ ਪ੍ਰਵਾਨਗੀ ਨਾ ਮਿਲੀ ਉਨ੍ਹਾਂ ਦੱਸਿਆ ਕਿ ਇਸ ਵਕਤ ਇਸ ਕਿਸਾਨ ਨੂੰ ਆਪਣੀ ਫਸਲ ਪਾਲਣ ਲਈ ਖਾਦ ਦੀ ਜਰੂਰਤ ਸੀ।

ਖਾਦ ਲੈਣ ਲਈ ਉਹ ਸਹਿਕਾਰੀ ਸਭਾ ਗਿਆ ਪਰ ਸਰਕਾਰ ਦੀ ਨੀਤੀ ਕਾਰਨ ਉਸ ਨੂੰ ਖਾਦ ਨਾ ਮਿਲ ਸਕੀ ਅੰਮ੍ਰਿਤਪਾਲ ਸਿੰਘ ਨੇ ਆਸੇ ਪਾਸੇ ਬਥੇਰੇ ਹੱਥ ਪੈਰ ਮਾਰੇ ਪਰ ਕਿਸੇ ਪਾਸਿਓਂ ਵੀ ਢੋਈ ਨਾ ਮਿਲੀ ਜਿਸ ਦੇ ਚੱਲਦਿਆਂ ਉਹ ਪਿਛਲੇ ਤਿੰਨ ਚਾਰ ਦਿਨਾਂ ਤੋਂ ਕਾਫੀ ਪ੍ਰੇਸ਼ਾਨ ਤੇ ਗਮਗੀਨ ਜਿਹਾ ਰਹਿਣ ਲੱਗ ਪਿਆ ਸੀ ਤੇ ਅੱਜ ਕਰੀਬ 11-12 ਵਜੇ ਖੇਤ ਮੋਟਰ ਤੇ ਜਾਕੇ ਸਪਰੇਅ ਪੀ ਲਈ ਤੇ ਜਹਾਨੋਂ ਚਲਾ ਗਿਆ ਅੰਮ੍ਰਿਤਪਾਲ ਜਦੋਂ ਕਾਫੀ ਸਮਾਂ ਘਰ ਨਾ ਪਰਤਿਆ ਤਾਂ ਚਿੰਤਤ ਹੋਏ ਪ੍ਰੀਵਾਰ ਨੇ ਖੇਤ ਜਾਕੇ ਦੇਖਿਆ ਤਾਂ ਉਸ ਦੇ ਪ੍ਰਾਣ ਪੰਖੇਰੂ ਹੋ ਚੁੱਕੇ ਸਨ।

ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦਾ ਭਲਕੇ ਪੋਸਟਮਾਰਟਮ ਕਰਵਾਇਆ ਜਾਏਗਾ ਮ੍ਰਿਤਕ ਕਿਸਾਨ ਆਪਣੇ ਪਿੱਛੇ ਬਜ਼ੁਰਗ ਮਾਂ ਬਾਪ, ਪਤਨੀ ਤੇ 12 ਕੁ ਸਾਲ ਦਾ ਲੜਕਾ ਛੱਡ ਗਿਆ ਹੈ ਪਰਿਵਾਰ ਨਾਲ ਸਿਵਲ ਹਸਪਤਾਲ ‘ਚ ਪੁੱਜੇ ਨਗਰ ਪੰਚਾਇਤ ਕੋਟਸ਼ਮੀਰ ਦੇ ਪ੍ਰਧਾਨ ਨਿਰਮਲ ਸਿੰਘ ਨੇ ਸਰਕਾਰ ਤੋਂ ਪਰਿਵਾਰ ਦਾ ਸਮੁੱਚਾ ਕਰਜਾ ਮੁਆਫ ਕਰਨ, ਮਾਲੀ ਸਹਾਇਤਾ ਅਤੇ ਪ੍ਰੀਵਾਰ ਦੇ ਇੱਕ ਜੀਅ ਨੂੰ ਨੌਕਰੀ ਦੇਣ ਦੀ ਮੰਗ ਕੀਤੀ।