ਗਊ ਮਾਸ ਤਸਕਰੀ ਦੇ ਦੋਸ਼ ’ਚ ਦੋ ਨੂੰ ਅਦਾਲਤ ਨੇ ਭੇਜਿਆ ਨਿਆਂਇਕ ਹਿਰਾਸਤ ’ਚ

Ludhiana

(ਜਸਵੀਰ ਸਿੰਘ ਗਹਿਲ) ਲੁਧਿਆਣਾ। ਥਾਣਾ ਸਰਾਭਾ ਨਗਰ ਦੀ ਪੁਲਿਸ ਵੱਲੋਂ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ ਗਊ ਮਾਸ ਬਰਾਮਦ ਕੀਤਾ ਗਿਆ ਸੀ। ਪੁਲਿਸ ਵੱਲੋਂ ਪੇਸ਼ ਕੀਤੇ ਜਾਣ ’ਤੇ ਅਦਾਲਤ ਨੇ ਦੋਵਾਂ ਨੂੰ ਇੱਕ ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ।

ਜਾਣਕਾਰੀ ਦਿੰਦਿਆਂ ਸੰਯੁਕਤ ਗਊ ਰਕਸ਼ਾ ਦਲ ਦੇ ਕੌਮੀ ਪ੍ਰਧਾਨ ਗੁਰਪ੍ਰੀਤ ਸਿੰਘ ਵਾਸੀ ਪਟਿਆਲਾ ਨੇ ਦੱਸਿਆ ਕਿ ਗਊ ਮਾਸ ਦੀ ਤਸਕਰੀ ਕਰਨ ਵਾਲੇ ਦੋ ਵਿਅਕਤੀ ਲੁਧਿਆਣਾ ਅੰਦਰ ਮਾਸ ਦੀ ਤਸਕਰੀ ਲਈ ਫ਼ਿਰੋਜਪੁਰ ਰੋਡ ਤੋਂ ਸ਼ਹਿਰ ਵੱਲ ਨੂੰ ਦਾਖਲ ਹੋਣ ਵਾਲੇ ਹਨ। ਜਾਣਕਾਰੀ ਤੋਂ ਬਾਅਦ ਪੁਲਿਸ ਨੇ ਗਲੋਬਲ ਹਾਰਟ ਸੈਂਟਰ ਦੇ ਕੋਲ ਨਾਕਾਬੰਦੀ ਕਰਕੇ ਬੱਸ ’ਚੋਂ ਉਤਰ ਰਹੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ। ਜਿੰਨ੍ਹਾਂ ਦੀ ਪਛਾਣ ਬਿੰਨੀ ਚੌਹਾਨ ਅਤੇ ਦੁੱਲਾ ਵਾਸੀਆਨ ਫਿਰੋਜ਼ਪੁਰ ਵਜੋਂ ਹੋਈ। ਪੁਲਿਸ ਨੂੰ ਇੰਨ੍ਹਾਂ ਦੇ ਕਬਜ਼ੇ ’ਚੋਂ 120 ਕਿੱਲੋ ਗਊ ਮਾਸ ਬਰਾਮਦ ਹੋਇਆ ਜਿਸ ਤੋਂ ਬਾਅਦ ਪੁਲਿਸ ਨੇ ਉਕਤਾਨ ਦੋਵਾਂ ਖਿਲਾਫ਼ ਮਾਮਲਾ ਦਰਜ਼ ਕਰਕੇ ਅੱਜ ਅਦਾਲਤ ’ਚ ਪੇਸ਼ ਕੀਤਾ ਸੀ ਜਿੰਨ੍ਹਾਂ ਨੂੰ ਅਦਾਲਤ ਨੇ ਇੱਕ ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ।