ਮੁੱਖ ਮੰਤਰੀ ਨੇ ਕਿਹਾ ਮਾਰੇ ਗਏ ਵਿਅਕਤੀਆਂ ‘ਚ ਨਾਗਰਿਕ ਸ਼ਾਮਲ, ਫੌਜ ਨੇ ਨਕਾਰਿਆ

ਮੁਕਾਬਲੇ ‘ਚ ਮਾਰੇ ਗਏ ਸਨ ਦੋ ਅੱਤਵਾਦੀ ਅਤੇ ਚਾਰ ਹੋਰ ਵਿਅਕਤੀ

ਸ੍ਰੀਨਗਰ (ਏਜੰਸੀ)। ਦੱਖਣੀ ਕਸ਼ਮੀਰ ਦੇ ਸ਼ੋਪੀਆਂ ‘ਚ ਐਤਵਾਰ ਨੂੰ ਹੋਈ ਗੋਲੀਬਾਰੀ ਦੀ ਘਟਨਾ ਸਬੰਧੀ ਵਿਵਾਦ ਪੈਦਾ ਹੋ ਗਿਆ ਹੈ, ਜਿਸ ‘ਚ ਲਸ਼ਕਰ-ਏ-ਤਾਇਬਾ ਦੇ ਦੋ ਅੱਤਵਾਦੀਆਂ ਸਮੇਤ ਛੇ ਵਿਅਕਤੀ ਮਾਰੇ ਗਏ ਫੌਜ ਨੇ ਦਾਅਵਾ ਕੀਤਾ ਹੈ ਕਿ ਅੱਤਵਾਦੀਆਂ ਤੋਂ ਇਲਾਵਾ ਮਾਰੇ ਗਏ ਚਾਰ ਵਿਅਕਤੀ ਵੀ ਅੱਤਵਾਦ ਨਾਲ ਜੁੜੇ ਹੋਏ ਸਨ, ਉੱਥੇ ਸੂਬਾ ਸਰਕਾਰ ਨੇ ਕਿਹਾ ਕਿ ਉਹ ਨਾਗਰਿਕ ਸਨ ਘਟਨਾ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਦੇ ਪਹਿਨੂ ਖੇਤਰ ‘ਚ ਐਤਵਾਰ ਰਾਤ ਵਾਪਰੀ ਫੌਜ ਨੇ ਕਿਹਾ ਕਿ ਗਸ਼ਤ ਕਰ ਰਹੇ ਉਸ ਦੇ ਫੌਜੀਆਂ ‘ਤੇ ਦੋ ਵਾਹਨਾਂ ‘ਚ ਸਵਾਰ ਵਿਅਕਤੀਆਂ ਨੇ ਗੋਲੀਆਂ ਚਲਾਈਆਂ ਜਵਾਬੀ ਗੋਲੀਬਾਰੀ ‘ਚ ਲਸ਼ਕਰ-ਏ ਤਾਇਬਾ ਦੇ ਅੱਤਵਾਦੀ ਆਮਿਰ ਅਹਿਮਦ ਮਲਿਕ ਸਮੇਤ ਚਾਰ ਵਿਅਕਤੀ ਮਾਰੇ ਗਏੇ।

ਪੁਲਿਸ ਨੇ ਇੱਕ ਹੋਰ ਅੱਤਵਾਦੀ ਦੀ ਲਾਸ਼ ਪਹਿਨੂ ਤੋਂ ਲਗਭਗ ਸੱਤ ਕਿੱਲੋਮੀਟਰ ਦੂਰ ਬਰਾਮਦ ਕੀਤੀ ਉਸਦੀ ਪਛਾਣ ਲਸ਼ਕਰ-ਏ-ਤਾਇਬਾ ਅੱਤਵਾਦੀ ਆਸਿਕ ਹੁਸੈਨ ਭੱਟ ਦੇ ਤੌਰ ‘ਤੇ ਹੋਈ ਹੈ ਇਸ ਤੋਂ ਇਲਾਵਾ ਘਟਨਾ ਸਥਾਨ ਤੋਂ ਇੱਕ ਹੋਰ ਵਾਹਨ ‘ਚੋਂ ਸ਼ੋਪੀਆਂ ਦੇ ਚਿਤਰਾਗਾਮ ਨਿਵਾਸੀ ਗੌਹਰ ਅਹਿਮਦ ਲੋਨ ਦੀ ਲਾਸ਼ ਮਿਲੀ ਹੈ।