ਮੁੱਖ ਮੰਤਰੀ ਦੇ ਸ਼ਹਿਰ ‘ਚ ਚੱਲੀਆਂ ਗੋਲੀਆਂ

BulletShot, City, ChiefMinister

ਅਕਾਲੀ ਆਗੂ ਸਮੇਤ ਚਾਰ ਖਿਲਾਫ਼ ਮਾਮਲਾ ਦਰਜ

ਟਰਾਂਸਪੋਰਟ ਵਿੱਚ ਹਿੱਸਾ ਪਾਉਣ ਨੂੰ ਲੈ ਕੇ ਹੋਇਆ ਸੀ ਝਗੜਾ, ਦੋ ਜਣੇ ਗ੍ਰਿਫ਼ਤਾਰ

ਪਟਿਆਲਾ, ਖੁਸ਼ਵੀਰ ਸਿੰਘ ਤੂਰ

ਪਟਿਆਲਾ ਦੀ ਸਾਈਂ ਮਾਰਕੀਟ ਵਿਖੇ ਬੀਤੀ ਰਾਤ ਦੋ ਗੁੱਟਾਂ ਵਿੱਚ ਲੜਾਈ ਝਗੜੇ ਦੌਰਾਨ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਿਸ ਵੱਲੋਂ ਇੱਕ ਅਕਾਲੀ ਆਗੂ ਸਮੇਤ ਹੋਰਨਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਲੜਾਈ ‘ਚ ਜ਼ਖਮੀ ਹੋਏ ਕੁਝ ਵਿਅਕਤੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਿਕ ਇਹ ਝਗੜਾ ਟਰਾਂਸਪੋਰਟ ‘ਚ ਹਿੱਸੇ ਪਾਉਣ ਨੂੰ ਲੈ ਕੇ ਹੋਇਆ ਹੈ। ਥਾਣਾ ਕੋਤਵਾਲੀ ਵਿਖੇ ਸ਼ਿਕਾਇਤ ਦਰਜ ਕਰਵਾਉਂਦਿਆਂ ਤਿਲਕ ਰਾਜ ਪੁੱਤਰ ਤੁਲਸੀ ਰਾਮ ਵਾਸੀ ਕਸ਼ਮੀਰੀਆਂ ਵਾਲੀਆਂ ਗਲੀ ਨੇ ਕਿਹਾ ਕਿ ਉਸ ਦੀ ਸਾਈਂ ਮਾਰਕਿਟ ਪਟਿਆਲਾ ਵਿਖੇ ਦੁਕਾਨ ਹੈ। ਬੀਤੀ ਰਾਤ ਸਾਢੇ 9 ਵਜੇ ਆਪਣੇ ਭਰਾ ਤੇ ਹੋਰਨਾਂ ਸਮੇਤ ਦੁਕਾਨ ਬੰਦ ਕਰ ਰਿਹਾ ਸੀ ਤਾਂ ਕੁਝ ਵਿਅਕਤੀ ਕਾਰ ‘ਚ ਸਵਾਰ ਹੋ ਕੇ ਆਏ ਤੇ ਉਨ੍ਹਾਂ ਨੇ ਜਾਨੋਂ ਮਾਰਨ ਦੀ ਨਿਅਤ ਨਾਲ ਉਸ ‘ਤੇ ਪਿਸਤੌਲ ਨਾਲ ਤਿੰਨ ਫਾਇਰ ਕੀਤੇ ਪਰ ਉਸਦਾ ਇਨ੍ਹਾਂ ਫਾਇਰਾਂ ਤੋਂ ਬਚਾਅ ਹੋ ਗਿਆ। ਉਸ ਨੇ ਦੱਸਿਆ ਕਿ ਇਨ੍ਹਾਂ ਵੱਲੋਂ ਉਸਦੇ ਭਰਾ ਤਰਸੇਮ ਕੁਮਾਰ ਦੀ ਵੀ ਕੁੱਟਮਾਰ ਕੀਤੀ ਗਈ ਤੇ ਮੰਦਾ ਚੰਗਾ ਬੋਲਿਆ ਗਿਆ। ਉਸਨੇ ਕਿਹਾ ਕਿ ਮੁਲਜ਼ਮ ਵਿੱਕੀ ਰਿਵਾਜ ਉਸਦੇ ਭਰਾ ਦੀ ਟਰਾਂਸਪੋਰਟ ਵਿੱਚ ਹਿੱਸਾ ਪਾਉਣਾ ਚਾਹੁੰਦਾ ਹੈ, ਜਿਸ ਨੂੰ ਲੈ ਕੇ ਹੀ ਉਨ੍ਹਾਂ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਇਸ ਦੌਰਾਨ ਜ਼ਖਮੀ ਹੋਏ ਮੁੱਦਈ ਦੇ ਭਰਾ ਤੇ ਹੋਰਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਇਨ੍ਹਾਂ ਵੱਲੋਂ ਪੁਲਿਸ ਨੂੰ ਉੱਥੇ ਚੱਲੇ ਹੋਏ ਤਿੰਨ ਕਾਰਤੂਸ ਵੀ ਸੌਂਪੇ ਗਏ ਹਨ। ਪੁਲਿਸ ਵੱਲੋਂ ਗੁਰਿੰਦਰ ਸਿੰਘ ਵਾਸੀ ਪਟਿਆਲਾ, ਰੁਪਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਰਾਜਗੜ੍ਹ, ਹਰਜਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਡਰੋਲੀ ਤੇ ਅਕਾਲੀ ਆਗੂ ਵਿੱਕੀ ਰਿਵਾਜ ਖਿਲਾਫ ਧਾਰਾ 307, 34, 120 ਬੀ ਆਈ ਪੀ ਸੀ ਸੈਕਸ਼ਨ 25/54/59 ਆਰਮਜ਼ ਐਕਟ ਤਹਿਤ ਥਾਣਾ ਕੋਤਾਵਾਲੀ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।

ਇੱਧਰ ਡੀਐੱਸਪੀ ਸਿਟੀ 1 ਯੁਗੇਸ ਸ਼ਰਮਾ ਨੇ ਦੱਸਿਆ ਕਿ ਰੁਪਿੰਦਰ ਤੇ ਹਰਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇਨ੍ਹਾਂ ਪਾਸੋਂ ਪਿਸਤੌਲ ਵੀ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗੁਰਿੰਦਰ ਸਿਘ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ। ਜਦਕਿ ਵਿੱਕੀ ਰਿਵਾਜ ਦੀ ਇਸ ਮਾਮਲੇ ਵਿੱਚ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।