ਚੋਣ ਪ੍ਰਚਾਰ ‘ਚ ਪਿੱਛੜੀ, ਕਾਂਗਰਸ ਅਤੇ ਆਪ, ਸੁਖਬੀਰ ਨੇ ਲਾਈ ਰੈਲੀਆਂ ਦੀ ਝੜੀ

Election, Campaign, Congress, AAP, Sukhbir

ਪਿਛਲੇ 12 ਦਿਨ ਤੋਂ ਰੋਜ਼ਾਨਾ 3 ਰੈਲੀਆਂ ਕਰ ਰਹੇ ਹਨ ਸੁਖਬੀਰ ਬਾਦਲ, ਸਾਰੇ ਲੋਕ ਸਭਾ ਹਲਕੇ ਕੀਤੇ ਮੁਕੰਮਲ

ਅਗਲੇ 35 ਦਿਨ ਵਿੱਚ ਸੁਖਬੀਰ ਬਾਦਲ ਕਰਨਗੇ 120 ਤੋਂ ਜ਼ਿਆਦਾ ਰੈਲੀਆਂ

ਕਾਂਗਰਸ ਪਾਰਟੀ ਨੇ ਅਜੇ ਨਹੀਂ ਕੀਤੀ ਐ ਮੁਹਿੰਮ ਸ਼ੁਰੂ, ਪ੍ਰਚਾਰ ਕਮੇਟੀ ਦੀ ਵੀ ਨਹੀਂ ਹੋ ਰਹੀ ਐ ਮੀਟਿੰਗ

ਚੰਡੀਗੜ੍ਹ, ਅਸ਼ਵਨੀ ਚਾਵਲਾ

ਲੋਕ ਸਭਾ ਚੋਣਾਂ ਦੇ ਪ੍ਰਚਾਰ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਕਾਫ਼ੀ ਜ਼ਿਆਦਾ ਪਿਛੜ ਗਈ ਹੈ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੈਲੀਆਂ ਦੀ ਝੜੀ ਹੀ ਲਗਾ ਦਿੱਤੀ ਹੈ, ਪਿਛਲੇ 12 ਦਿਨਾਂ ਤੋਂ ਰੋਜ਼ਾਨਾ 3 ਰੈਲੀਆਂ ਕਰਦੇ ਹੋਏ ਸੁਖਬੀਰ ਬਾਦਲ ਨੇ ਹੀ ਇਕੱਲੇ 40 ਤੋਂ ਜ਼ਿਆਦਾ ਚੋਣ ਰੈਲੀਆਂ ਕਰ ਦਿੱਤੀਆਂ ਹਨ, ਜਦੋਂ ਕਿ ਯੂਥ ਕਾਂਗਰਸ ਵੱਲੋਂ ਬਿਕਰਮ ਮਜੀਠੀਆ ਦੀ ਅਗਵਾਈ ਹੇਠ ਵੱਖਰੇ ਤੌਰ ‘ਤੇ ਰੈਲੀਆਂ ਕੀਤੀ ਜਾ ਰਹੀਆਂ ਹਨ। ਇੱਥੇ ਹੀ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਅਜੇ ਕੋਈ ਵੀ ਵੱਡੀ ਰੈਲੀ ਜਾਂ ਫਿਰ ਸਮਾਗਮ ਨਹੀਂ ਕੀਤਾ ਗਿਆ ਹੈ, ਜਿਸ ਨਾਲ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਚੋਣਾਂ ਵਿੱਚ ਫਾਇਦਾ ਹੋ ਸਕੇ। ਇਸ ਲਈ ਹੁਣ ਤੱਕ ਚੋਣ ਪ੍ਰਚਾਰ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣੀ ਵਿਰੋਧੀ ਪਾਰਟੀਆਂ ਤੋਂ ਕਾਫ਼ੀ ਅੱਗੇ ਚੱਲ ਰਹੀ ਹੈ।

ਲੋਕ ਸਭਾ ਚੋਣਾਂ ਦਾ ਬਿਗਲ ਵੱਜਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਹੀ ਇੱਕੋ-ਇੱਕ ਇਹੋ ਜਿਹੀ ਪਾਰਟੀ ਹੈ, ਜਿਹੜੀ ਕਿ ਲਗਾਤਾਰ ਹਰ ਲੋਕ ਸਭਾ ਹਲਕੇ ‘ਚ ਆਪਣੇ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਕਰਨ ‘ਚ ਲੱਗੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਹੁਣ ਤੱਕ ਆਪਣੇ ਹਿੱਸੇ ‘ਚ ਆਉਂਦੇ 10 ਲੋਕ ਸਭਾ ਹਲਕਿਆਂ ‘ਚ 4 ਜਾਂ ਫਿਰ ਇਸ ਤੋਂ ਜਿਆਦਾ ਰੈਲੀਆਂ ਹੁਣ ਤੱਕ ਕਰ ਦਿੱਤੀਆਂ ਹਨ, ਜਦੋਂ ਕਿ ਆਉਣ ਵਾਲੇ ਦਿਨਾਂ ਵਿੱਚ ਹਰ ਲੋਕ ਸਭਾ ਹਲਕੇ ਵਿੱਚ 4 ਜਾਂ ਫਿਰ 5 ਹੋਰ ਰੈਲੀਆਂ ਕਰਨ ਦਾ ਪ੍ਰੋਗਰਾਮ ਸ਼੍ਰੋਮਣੀ ਅਕਾਲੀ ਦਲ ਨੇ ਉਲੀਕਿਆ ਹੋਇਆ ਹੈ, ਜਿਸ ਨਾਲ ਉਮੀਦਵਾਰ ਨੂੰ ਚੋਣ ਪ੍ਰਚਾਰ ਵਿੱਚ ਕਾਫ਼ੀ ਜਿਆਦਾ ਫਾਇਦਾ ਵੀ ਮਿਲ ਰਿਹਾ ਹੈ। ਦੂਜੇ ਪਾਸੇ ਕਾਂਗਰਸ ਪਾਰਟੀ ਵੱਲੋਂ ਅਜੇ ਤੱਕ ਟਿਕਟ ਦੀ ਵੰਡ ਵਿੱਚ ਚੱਲ ਰਹੀ ਮੱਥਾ ਪੱਚੀ ਵਿੱਚ ਚੋਣ ਪ੍ਰਚਾਰ ਹੀ ਸ਼ੁਰੂ ਨਹੀਂ ਕੀਤਾ ਗਿਆ ਹੈ। ਪੰਜਾਬ ਵਿੱਚ ਹੁਣ ਤੱਕ ਕਿਸੇ ਵੀ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਰੈਲੀ ਨਹੀਂ ਕੀਤੀ ਗਈ ਹੈ। ਇਸ ਸਮੇਂ 13 ਲੋਕ ਸਭਾ ਸੀਟਾਂ ‘ਚੋਂ ਕਾਂਗਰਸ ਪਾਰਟੀ ਨੇ 11 ਉਮੀਦਵਾਰ ਐਲਾਨ ਦਿੱਤੇ ਹਨ, ਜਦੋਂ ਕਿ 2 ਉਮੀਦਵਾਰਾਂ ਨੂੰ ਲੈ ਕੇ ਅਜੇ ਵੀ ਕਾਂਗਰਸ ਪਾਰਟੀ ਮੰਥਨ ਕਰਨ ਵਿੱਚ ਲੱਗੀ ਹੋਈ ਹੈ, ਇਸੇ ਕਾਰਨ ਕਾਂਗਰਸ ਪਾਰਟੀ ਹੁਣ ਤੱਕ ਚੋਣ ਪ੍ਰਚਾਰ ਕਰਨ ਵੱਲ ਧਿਆਨ ਤੱਕ ਨਹੀਂ ਦੇ ਪਾ ਰਹੀ ਹੈ। ਸਿਰਫ਼ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਪਰਨੀਤ ਕੌਰ ਤੇ ਲੁਧਿਆਣਾ ‘ਚ ਰਵਨੀਤ ਬਿੱਟੂ ਜ਼ਰੂਰ ਸਰਗਰਮੀਆਂ ਚਲਾ ਰਹੇ ਹਨ

ਕਾਂਗਰਸ ਪ੍ਰਧਾਨ ਸੁਨੀਲ ਜਾਖੜ ਗੁਰਦਾਸਪੁਰ ਤੋਂ ਉਮੀਦਵਾਰ ਐਲਾਨੇ ਜਾ ਚੁੱਕੇ ਹਨ, ਉਨ੍ਹਾਂ ਨੇ ਪੰਜਾਬ ਭਰ ਵਿੱਚ ਕਿਸੇ ਉਮੀਦਵਾਰ ਦੇ ਹੱਕ ‘ਚ ਚੋਣ ਪ੍ਰਚਾਰ ਸ਼ੁਰੂ ਤਾਂ ਕੀ ਕਰਨਾ ਸੀ, ਉਹ ਖ਼ੁਦ ਦੇ ਇਲਾਕੇ ‘ਚ ਆਪਣਾ ਹੀ ਅਜੇ ਤੱਕ ਸਰਗਰਮੀ ਵਾਲਾ ਚੋਣ ਪ੍ਰਚਾਰ ਸ਼ੁਰੂ ਨਹੀਂ ਕਰ ਪਾਏ ਹਨ ਅਤੇ ਅਜੇ ਵੀ ਗੁਰਦਾਸਪੁਰ ਵਿਖੇ ਰਹਿਣ ਦੀ ਥਾਂ ‘ਤੇ ਚੰਡੀਗੜ੍ਹ ਤੇ ਪੰਚਕੂਲਾ ਸਣੇ ਦਿੱਲੀ ਵਿਖੇ ਜਿਆਦਾ ਰਹਿ ਰਹੇ ਹਨ। ਇੱਥੇ ਹੀ ਆਮ ਆਦਮੀ ਪਾਰਟੀ ਤਾਂ ਸਿਰਫ਼ ਸੰਗਰੂਰ ਤੱਕ ਹੀ ਆਪਣਾ ਫੋਕਸ ਸੀਮਤ ਰੱਖ ਕੇ ਬੈਠ ਗਈ ਹੈ। ਸੰਗਰੂਰ ਹਲਕੇ ਤੋਂ ਬਾਹਰ ਹੀ ਕਾਂਗਰਸ ਪਾਰਟੀ ਨਹੀਂ ਨਿਕਲ  ਰਹੀ ਹੈ, ਜਿਸ ਕਾਰਨ ਪੰਜਾਬ ਦੀ ਕਿਸੇ ਵੀ ਲੋਕ ਸਭਾ ਸੀਟ ‘ਤੇ ਆਮ ਆਦਮੀ ਪਾਰਟੀ ਵੱਲੋਂ ਚੋਣ ਪ੍ਰਚਾਰ ਸ਼ੁਰੂ ਨਹੀਂ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਖ਼ੁਦ ਸੰਗਰੂਰ ਸੀਟ ਤੋਂ ਚੋਣ ਲੜ ਰਹੇ ਹਨ, ਇਸ ਲਈ ਉਹ ਸਿਰਫ਼ ਆਪਣੇ ਲੋਕ ਸਭਾ ਹਲਕੇ ਦੇ ਪਿੰਡਾਂ ‘ਚ ਹੀ ਆਪਣੇ ਹੱਕ ਵਿੱਚ ਵੋਟਾਂ ਮੰਗਣ ਲੱਗੇ ਹੋਏ ਹਨ। ਜਦੋਂ ਕਿ ਬਤੌਰ ਪ੍ਰਧਾਨ ਉਹ ਕਿਸੇ ਵੀ ਲੋਕ ਸਭਾ ਹਲਕੇ ਵਿੱਚ ਕੋਈ ਜਿਆਦਾ ਪ੍ਰਚਾਰ ਕਰਨ ਲਈ ਨਹੀਂ ਜਾ ਰਹੇ ਹਨ। ਪਿਛਲੇ ਮਹੀਨੇ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਆਏ ਸਨ ਤਾਂ ਅਰਵਿੰਦ ਕੇਜਰੀਵਾਲ ਨੂੰ ਵੀ ਭਗਵੰਤ ਮਾਨ ਨੇ ਸੰਗਰੂਰ ਵਿਖੇ ਹੀ ਸੱਦਿਆ ਸੀ ਤੇ ਹੁਣ ਮਨੀਸ਼ ਸਿਸੋਦੀਆ ਆ ਰਹੇ ਹਨ ਤਾਂ ਉਹ ਵੀ ਸੰਗਰੂਰ ਵਿਖੇ ਹੀ ਆਉਂਦੇ ਹੋਏ ਚੋਣ ਪ੍ਰਚਾਰ ਕਰਨਗੇ, ਜਿਸ ਤੋਂ ਸਾਫ਼ ਜ਼ਾਹਿਰ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਭਰ ਵਿੱਚ ਪ੍ਰਚਾਰ ਕਰਨ ਦੀ ਬਜਾਇ ਸਿਰਫ਼ ਸੰਗਰੂਰ ਤੱਕ ਹੀ ਸੀਮਤ ਰਹਿਣਾ ਚਾਹੁੰਦੀ ਹੈ, ਇਸ ਲਈ ਪੰਜਾਬ ਦੀਆਂ ਬਾਕੀ ਸੀਟਾਂ ‘ਤੇ ਅਜੇ ਤੱਕ ਆਮ ਆਦਮੀ ਪਾਰਟੀ ਵੱਲੋਂ ਕੋਈ ਸਰਗਰਮੀ ਨਹੀਂ ਦਿਖਾਈ ਗਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।