ਸਟੱਡੀ ਵੀਜ਼ਾ ‘ਤੇ ਕੈਨੇਡਾ ਗਏ ਨੌਜਵਾਨ ਦੀ ਲਾਸ਼ ਨਾਭਾ ਪੁੱਜੀ 

Nabha, Arrives, Canada, Study, Visa

ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਨਿਭਾਈ ਅਹਿਮ ਭੂਮਿਕਾ

  • ਮ੍ਰਿਤਕ ਨੌਜਵਾਨ ਦਾ ਅੰਤਿਮ ਸਸਕਾਰ ਕੀਤਾ ਗਿਆ

ਨਾਭਾ, (ਤਰੁਣ ਕੁਮਾਰ ਸ਼ਰਮਾ)। ਕੈਨੇਡਾ ਦੇ ਟੋਰਾਂਟੋ ਵਿਖੇ ਸਟੱਡੀ ਵੀਜ਼ੇ ‘ਤੇ ਗਏ ਨਾਭਾ ਦੇ ਨੌਜਵਾਨ ਵਿਸ਼ਾਲ ਸ਼ਰਮਾ ਦੀ ਲਾਸ਼ ਅੱਜ ਨਾਭਾ ਲਿਆਂਦੀ ਗਈ, ਜਿਸ ਦਾ ਪਰਿਵਾਰ, ਰਿਸ਼ਤੇਦਾਰਾਂ ਤੇ ਭਾਰੀ ਗਿਣਤੀ ‘ਚ ਸ਼ਹਿਰ ਵਾਸੀਆਂ ਨੇ ਭਿੱਜੀਆਂ ਅੱਖਾਂ ਨਾਲ ਸਸਕਾਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਮਾਲਵਾ ਸਕੂਲ ਨਾਭਾ ਤੋਂ ਬਾਰ੍ਹਵੀਂ ਪਾਸ ਇਹ ਨੌਜਵਾਨ ਬੀਤੇ ਸਾਲ ਸਤੰਬਰ ਵਿੱਚ ਕੈਨੇਡਾ ਦੇ ਟੋਰਾਂਟੋ ਸ਼ਹਿਰ ‘ਚ ਹੋਟਲ ਮੈਨੇਜ਼ਮੈਂਟ ਕੋਰਸ ਕਰਨ ਲਈ ਗਿਆ ਸੀ ਤੇ ਇਹ ਉਸ ਦਾ ਆਖਰੀ ਸਮੈਸਟਰ ਚੱਲ ਰਿਹਾ ਸੀ। ਇਸ ਮੌਕੇ ਭਿੱਜੀਆਂ ਅੱਖਾਂ ਨਾਲ ਮ੍ਰਿਤਕ ਨੌਜਵਾਨ ਦੇ ਪਿਤਾ ਨਰੇਸ਼ ਸ਼ਰਮਾ ਨੇ ਦੱਸਿਆ ਕਿ ਉਸ ਨੇ ਆਪਣੇ ਪੁੱਤਰ ਨੂੰ ਸਟੱਡੀ ਵੀਜ਼ਾ ‘ਤੇ ਭੇਜਣ ਲਈ ਲਗਭਗ 15 ਲੱਖ ਦਾ ਕਰਜ਼ਾ ਲਿਆ ਸੀ ਪਰੰਤੂ ਅੱਜ ਉਸ ਦੇ ਪੁੱਤਰ ਦੀ ਲਾਸ਼ ਹੀ ਵਿਦੇਸ਼ ਤੋਂ ਆਈ ਹੈ। ਉਨ੍ਹਾਂ ਦੱਸਿਆ ਕਿ ਰੂਟੀਨ ਵਿੱਚ ਉਨ੍ਹਾਂ ਦੀ ਉਨ੍ਹਾਂ ਦੇ ਪੁੱਤਰ ਨਾਲ ਵੀਡੀਓ ਕਾਲ ਹੁੰਦੀ ਰਹਿੰਦੀ ਸੀ ਪਰੰਤੂ ਅਚਾਨਕ ਬੀਤੀ 25 ਨਵੰਬਰ ਨੂੰ ਕੈਨੇਡਾ ਦੀ ਪੁਲਿਸ ਨੇ ਉਨ੍ਹਾਂ ਦੇ ਪੁੱਤਰ ਦੀ ਮੌਤ ਹੋਣ ਦਾ ਸਮਾਚਾਰ ਉਨ੍ਹਾਂ ਨੂੰ ਦਿੱਤਾ, ਜਿਸ ਤੋਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ।

ਉਨ੍ਹਾਂ ਅਨੁਸਾਰ ਕੈਨੇਡਾ ਪੁਲਿਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਹੀ ਪੁੱਤਰ ਦੀ ਲਾਸ਼ ਨੂੰ ਲਿਜਾਣ ਲਈ 20 ਹਜ਼ਾਰ ਡਾਲਰ ਦਾ ਇੰਤਜਾਮ ਕਰਨ ਨੂੰ ਕਿਹਾ ਤੇ ਉਨ੍ਹਾਂ ਦੇ ਪੁੱਤਰ ਦੀ ਲਾਸ਼ ਲਿਜਾਣ ਲਈ ਇੱਕ ਹਲਫੀਆ ਬਿਆਨ ਭੇਜਣ ਦੀ ਗੱਲ ਵੀ ਆਖੀ। ਇਸ ਤੋਂ ਇਲਾਵਾ ਅੱਜ ਤੱਕ ਕੈਨੇਡਾ ਪੁਲਿਸ ਨੇ ਮ੍ਰਿਤਕ ਵਿਸ਼ਾਲ ਸ਼ਰਮਾ ਦੀ ਮੌਤ ਬਾਰੇ ਕੋਈ ਯੋਗ ਕਾਰਵਾਈ ਨਹੀਂ ਕੀਤੀ ਹੈ। ਇਸ ਤੋਂ ਬਾਦ ਇਹ ਦੁਖੀ ਪਰਿਵਾਰ ਪਟਿਆਲਾ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨਾਲ ਮਿਲਿਆ ਜਿਨ੍ਹਾਂ ਨੇ ਆਪਣੇ ਅਣਥੱਕ ਯਤਨਾਂ ਨਾਲ ਭਾਰਤੀ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਨਾਲ ਸੰਪਰਕ ਕਰਕੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਨਾਭਾ ਲਿਆਉਣ ਦਾ ਇੰਤਜਾਮ ਕੀਤਾ। ਮ੍ਰਿਤਕ ਨੌਜਵਾਨ ਦੀ ਲਾਸ਼ ਨਾਭਾ ਪੁੱਜਣ ‘ਤੇ ਸ਼ਹਿਰ ਵਿੱਚ ਗਮਗੀਨ ਮਾਹੌਲ ਪਸਰ ਗਿਆ ਤੇ ਸੈਂਕੜੇ ਲੋਕਾਂ ਨੇ ਮ੍ਰਿਤਕ ਦੀ ਅੰਤਿਮ ਯਾਤਰਾ ‘ਚ ਸ਼ਮੂਲੀਅਤ ਕੀਤੀ। ਮ੍ਰਿਤਕ ਦੇ ਪਿਤਾ ਨਰੇਸ਼ ਸ਼ਰਮਾ ਨੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੇ ਯਤਨਾਂ ਸਦਕਾ ਉਸ ਦੇ ਪੁੱਤਰ ਦੇ ਅੰਤਿਮ ਸਸਕਾਰ ਲਈ ਉਸ ਦੀ ਲਾਸ਼ ਨਾਭਾ ਲਿਆਉਣ ‘ਚ ਕਾਫੀ ਮੱਦਦ ਕੀਤੀ।