ਜ਼ਿੰਦਗੀ ਨੂੰ ਖੂਬਸੂਰਤ ਬਣਾ ਦਿੰਦੇ ਹਨ ਵਧੀਆ ਸਲਾਹਕਾਰ

ਜ਼ਿੰਦਗੀ ਨੂੰ ਖੂਬਸੂਰਤ ਬਣਾ ਦਿੰਦੇ ਹਨ ਵਧੀਆ ਸਲਾਹਕਾਰ

ਸਫਲਤਾ ਪ੍ਰਾਪਤੀ ਦੇ ਰਸਤੇ ‘ਤੇ ਚੱਲਦਿਆਂ ਅਕਸਰ ਮੁਸ਼ਕਲਾਂ ਦਾ ਸਾਡੇ ਰਸਤੇ ਵਿਚ ਆਉਣਾ ਸੁਭਾਵਿਕ ਹੈ ਕਿਉਂਕਿ ਰਸਤੇ ਵਿਚ ਕਈ ਤਰ੍ਹਾਂ ਦੇ ਲੋਭ-ਲਾਲਚ ਸਾਡਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ਸਮੇਂ ਜੇਕਰ ਅਸੀਂ ਮਾਨਸਿਕ ਤੌਰ ‘ਤੇ ਸੰਤੁਲਿਤ ਅਤੇ ਮਜ਼ਬੂਤ ਹੋਵਾਂਗੇ ਤਾਂ ਇਨ੍ਹਾਂ ਮੁਸ਼ਕਲਾਂ ਉੱਪਰ ਕਾਬੂ ਪਾਉਂਦੇ ਹੋਏ ਆਪਣੇ ਮਕਸਦ ਵੱਲ ਵਧਦੇ ਜਾਵਾਂਗੇ ਨਹੀਂ ਤਾਂ ਸਮੱਸਿਆਵਾਂ ਸਾਡਾ ਰਾਹ ਰੋਕ ਕੇ ਬੈਠ ਜਾਂਦੀਆਂ ਹਨ। ਸੁਪਨੇ ਵੇਖਣਾ ਹਰ ਮਨੁੱਖ ਦਾ ਜਮਾਂਦਰੂ ਸੁਭਾਅ ਤੇ ਹੱਕ ਹੈ। ਕਈ ਵਾਰ ਲੋਕ ਆਪਣੀ ਸਮਰੱਥਾ ਤੇ ਸਥਿਤੀ ਦਾ ਮੁਲਾਂਕਣ ਕੀਤੇ ਬਗੈਰ ਹੀ ਆਪਣੀਆਂ ਇੱਛਾਵਾਂ ਅਤੇ ਦਿਮਾਗ ‘ਚ ਜਨਮੀਆਂ ਯੋਜਨਾਵਾਂ ਨੂੰ ਪੂਰਾ ਕਰਨ ਦਾ ਸੁਪਨਾ ਵੇਖਦੇ ਰਹਿੰਦੇ ਹਨ। ਜਦੋਂ ਇਨ੍ਹਾਂ ਨੂੰ ਪੂਰਾ ਕਰਨ ਦੀ ਇੱਛਾ ਤੀਬਰ ਹੋਵੇ ਪਰ ਉਨ੍ਹਾਂ ਨੂੰ ਪ੍ਰਾਪਤ ਕਰਨ ਦੀ ਸ਼ਕਤੀ ਜਾਂ ਹਾਲਾਤ ਨਾ ਹੋਣ ਤਾਂ ਇਹ ਅਧੂਰੀਆਂ ਰਹਿ ਜਾਂਦੀਆਂ ਹਨ ਜਿਸ ਕਾਰਨ ਮਨ ਅੰਦਰ ਬੇਚੈਨੀ ਅਤੇ ਘੁਟਨ ਘਰ ਕਰ ਜਾਂਦੀ ਹੈ।

ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਲਈ ਉਸ ਦਾ ਵਿਵਸਥਿਤ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਬੇਚੈਨੀ ਅਤੇ ਘੁਟਨ ਦੇ ਹੁੰਦਿਆਂ ਜੀਵਨ ਨੂੰ ਵਿਵਸਥਿਤ ਕਰਨਾ ਔਖਾ ਹੋ ਜਾਂਦਾ ਹੈ। ਜਦੋਂ ਇਹ ਵਿਵਸਥਿਤ ਨਹੀਂ ਹੁੰਦਾ ਤਾਂ ਅਸੀਂ ਜੀਵਨ ਨੂੰ ਜਿਉਂ ਨਹੀਂ ਸਕਦੇ ਬੱਸ ਦਿਨ ਹੀ ਗੁਜ਼ਾਰਦੇ ਹਾਂ। ਅਜਿਹੀ ਸਥਿਤੀ ਵਿਚ ਮਨੁੱਖ ਕੇਵਲ ਢਹਿੰਦੀ ਕਲਾ ‘ਚ ਹੀ ਸੋਚਦਾ ਹੈ। ਆਪਣੀਆਂ ਮੁਸ਼ਕਲਾਂ ਦੇ ਨਿਵਾਰਨ ਲਈ ਉਸ ਨੂੰ ਕੋਈ ਵੀ ਗੱਲ ਨਹੀਂ ਅਹੁੜਦੀ। ਅਜਿਹੇ ਸਮੇਂ ਮਨੁੱਖ ਇੱਕ ਅਜਿਹੇ ਮਾਰਗਦਰਸ਼ਕ ਦੀ ਹੋਂਦ ਮਹਿਸੂਸ ਕਰਦਾ ਹੈ ਜੋ ਉਸ ਨੂੰ ਇਸ ਸਥਿਤੀ ਵਿਚੋਂ ਬਾਹਰ ਕੱਢ ਸਕੇ।

ਸਲਾਹਕਾਰਾਂ ਵਿਚ ਕਈ ਨਕਾਬਪੋਸ਼ ਵੀ ਹੁੰਦੇ ਹਨ ਜੋ ਆਪਣੇ ਨਕਾਰਾਤਮਕ ਵਿਚਾਰਾਂ ਉੱਪਰ ਸ਼ਹਿਦ ਦਾ ਲੇਪ ਲਾ ਕੇ ਮਿੱਠੇ ਬੋਲਾਂ ਨਾਲ ਇਸ ਤਰ੍ਹਾਂ ਹਮਦਰਦੀ ਕਰਨ ਲੱਗਦੇ ਹਨ ਜਿਵੇਂ ਕੇਵਲ ਉਹੀ ਤੁਹਾਡੇ ਚਹੇਤੇ ਹੋਣ। ਕਿਸੇ ਦੀ ਵੀ ਸਲਾਹ ‘ਤੇ ਅਮਲ ਕਰਨ ਤੋਂ ਪਹਿਲਾਂ ਵੱਖ-ਵੱਖ ਵਿਅਕਤੀਆਂ ਵੱਲੋਂ ਮਿਲੀ ਸਲਾਹ ਤੋਂ ਬਾਅਦ ਵੀ ਇੱਕਦਮ ਫੈਸਲਾ ਨਾ ਲਓ। ਸਾਰਿਆਂ ਦੇ ਸਕਾਰਾਤਮਕ ਤੇ ਨਕਾਰਾਤਮਕ ਨੁਕਤਿਆਂ ਸਬੰਧੀ ਸੋਚ-ਸਮਝ ਕੇ ਵਿਚਾਰ ਕਰਨ ਤੋਂ ਬਾਅਦ ਹੀ ਅਮਲ ਕਰਨ ਦੀ ਸੋਚੋ। ਪਹਿਲਾਂ ਇਹ ਵਿਚਾਰੋ ਕਿ ਸਲਾਹ ਦੇਣ ਵਾਲਾ ਖੁਦ ਜ਼ਿੰਦਗੀ ਵਿਚ ਸਫਲ ਹੁੰਦਾ ਰਿਹਾ ਹੈ ਜਾਂ ਸਦਾ ਅਸਫ਼ਲ ਹੀ ਰਿਹਾ ਹੈ। ਜੇਕਰ ਕਿਸੇ ਅਸਫਲ ਵਿਅਕਤੀ ਦੀ ਸਲਾਹ ‘ਤੇ ਚੱਲੋਗੇ ਤਾਂ ਉਹ ਕੇਵਲ ਨਕਾਰਾਤਮਕ ਗੱਲਾਂ ਦੀ ਹੀ ਜਾਣਕਾਰੀ ਦੇਵੇਗਾ।

ਗਲਤ ਸਲਾਹਕਾਰਾਂ ਦੇ ਮੁਤਾਬਕ ਚੱਲਣ ਨਾਲ ਮਿਲੀ ਪਰੇਸ਼ਾਨੀ ਤੇ ਮਾਨਸਿਕ ਪੀੜਾ ਨਾਸੂਰ ਵਾਂਗ ਸਾਰੀ ਉਮਰ ਤੜਫਾਉਂਦੀ ਰਹਿੰਦੀ ਹੈ ਤੇ ਵਿਅਕਤੀ ਦਾ ਜੀਵਨ ਨਰਕ ਬਣ ਜਾਂਦਾ ਹੈ। ਅਜਿਹੇ ਲੋਕਾਂ ਦੁਆਰਾ ਮਿਲਿਆ ਮਾਰਗਦਰਸ਼ਨ ਸਾਡੇ ਸਵੈ-ਭਰੋਸੇ ਨੂੰ ਵੀ ਹਿਲਾ ਦਿੰਦਾ ਹੈ ਤੇ ਸਾਡੇ ਕਦਮ ਮੰਜ਼ਿਲ ਪ੍ਰਾਪਤੀ ਵੱਲ ਵਧਣ ਦੀ ਥਾਂ ਡਗਮਗਾਉਣ ਲੱਗਦੇ ਹਨ। ਹਰ ਵਿਅਕਤੀ ਵਿਚ ਸਫਲਤਾ ਪ੍ਰਾਪਤ ਕਰਨ ਦੇ ਉਪਕਰਨ ਮਿਹਨਤ, ਇਮਾਨਦਾਰੀ ਤੇ ਆਤਮ-ਵਿਸ਼ਵਾਸ ਮੌਜੂਦ ਹੁੰਦੇ ਹਨ ਪਰ ਹਰ ਵਿਅਕਤੀ ਇਨ੍ਹਾਂ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਨਹੀਂ ਕਰ ਸਕਦਾ ਜਿਸ ਕਾਰਨ ਅਸਫਲਤਾਵਾਂ ਜਨਮ ਲੈਂਦੀਆਂ ਹਨ।

ਵਧੀਆ ਸਲਾਹਕਾਰ ਤਾਂ ਮਨੁੱਖ ਦੇ ਹਿਰਦੇ ਲਈ ਸੂਰਜ ਦੀ ਰੌਸ਼ਨੀ ਵਾਂਗ ਹੁੰਦਾ ਹੈ ਜਿਨ੍ਹਾਂ ਤੋਂ ਬਿਨਾਂ ਸਾਡੇ ਵਿਅਕਤੀਤਵ ਦਾ ਫੁੱਲ ਨਹੀਂ ਖਿੜਦਾ। ਉਹ ਆਪਣੀਆਂ ਸਲਾਹਾਂ ਨਾਲ ਵਿਅਕਤੀ ਦੇ ਗਿਆਨ ਤੇ ਅਗਿਆਨ, ਜਿਨ੍ਹਾਂ ਤੋਂ ਮਿਲ ਕੇ ਸਾਡੀ ਜ਼ਿੰਦਗੀ ਬਣੀ ਹੈ, ਦੀ ਫਾਈਨ ਟਿਊਨ ਕਰਨ ਦੀ ਕੋਸ਼ਿਸ਼ ਕਰਦਾ ਹੈ। ਵਿਅਕਤੀ ਨੂੰ ਅਸਧਾਰਨ ਮੁਕਾਮਾਂ ਲਈ ਤਰਾਸ਼ ਕੇ ਹੋਰ ਨਿਖਾਰਦਾ ਹੈ। ਵਿਅਕਤੀ ਵਿਚ ਸਫਲ ਹੋਣ ਲਈ ਉਹ ਮਨੋਦਸ਼ਾ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿੱਥੇ ਹਰ ਚੁਣੌਤੀ ਨੂੰ ਇੱਕ ਮੌਕੇ ਵਾਂਗ ਵੇਖਿਆ ਜਾਂਦਾ ਹੈ। ਰੁਕਾਵਟਾਂ ‘ਤੇ ਜਿੱਤ ਹਾਸਲ ਕਰਨ ਦਾ ਮੌਕਾ, ਜੀਵਨ ਯਾਤਰਾ ਦਾ ਮਜ਼ਾ ਲੈਣ ਦਾ ਮੌਕਾ। ਜਦੋਂ ਇਹ ਸਥਿਤੀ ਪ੍ਰਾਪਤ ਹੋ ਜਾਂਦੀ ਹੈ ਤਾਂ ਸਫਲਤਾ ਹਰ ਖੇਤਰ ਵਿਚ ਵਿਅਕਤੀ ਵੱਲ ਕਦਮ ਵਧਾਉਣ ਲੱਗਦੀ ਹੈ ਤੇ ਚਿੰਤਾ, ਤਣਾਅ ਲੱਭਿਆਂ ਨਹੀਂ ਲੱਭਦੇ।

ਵਧੀਆ ਸਲਾਹਕਾਰ ਵਿਅਕਤੀ ਵਿਚਲੇ ਸਬਰ-ਸੰਤੋਖ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਸ ਨਾਲ ਉਤਸ਼ਾਹ, ਉਮੰਗ ਤੇ ਪ੍ਰੇਰਨਾ ਦੇ ਇੰਨੇ ਦੁਆਰ ਖੁੱਲ੍ਹ ਜਾਂਦੇ ਹਨ ਕਿ ਵਿਅਕਤੀ ਨੂੰ ਹਿਰਦੇ ਦੇ ਪੱਧਰ ‘ਤੇ ਸ਼ਾਂਤੀ ਪ੍ਰਦਾਨ ਹੋ ਜਾਂਦੀ ਹੈ। ਜੀਵਨ ਦਾ ਹਰ ਪਲ ਉਸ ਨੂੰ ਪਰਮਾਤਮਾ ਦਾ ਇੱਕ ਅਨਮੋਲ ਤੋਹਫਾ ਮਹਿਸੂਸ ਹੋਣ ਲੱਗ ਪੈਂਦਾ ਹੈ। ਸਲਾਹਕਾਰਾਂ ‘ਤੇ ਵਿਸ਼ਵਾਸ ਤਾਂ ਜ਼ਰੂਰ ਕਰੋ ਪਰ ਅੰਨ੍ਹਾ ਵਿਸ਼ਵਾਸ ਕਦੇ ਨਾ ਕਰੋ। ਜ਼ਰੂਰੀ ਨਹੀਂ ਕਿ ਤੁਹਾਨੂੰ ਸਲਾਹ ਦੇਣ ਵਾਲਾ ਵਿਅਕਤੀ ਸੱਚਾ, ਇਮਾਨਦਾਰ, ਤਜ਼ਰਬੇਕਾਰ, ਵਿਸ਼ੇ ਦਾ ਮਾਹਿਰ ਜਾਂ ਸੱਚਮੁੱਚ ਹੀ ਤੁਹਾਡਾ ਸ਼ੁੱਭਚਿੰਤਕ ਹੋਵੇ।

ਇਸ ਲਈ ਉਨ੍ਹਾਂ ਦੀ ਕਿਸੇ ਵੀ ਸਲਾਹ ‘ਤੇ ਅਮਲ ਕਰਨ ਤੋਂ ਪਹਿਲਾਂ ਉਸ ਦੇ ਚੰਗੇ-ਮਾੜੇ ਪੱਖਾਂ ਬਾਰੇ ਜ਼ਰੂਰ ਸੋਚੋ। ਵਧੀਆ ਕਿਤਾਬਾਂ ਵੀ ਸਾਰੀ ਜ਼ਿੰਦਗੀ ਇਨਸਾਨ ਦਾ ਮਾਰਗਦਰਸ਼ਨ ਕਰਦੀਆਂ ਹਨ। ਚੰਗਾ ਸਾਹਿਤ ਪੜ੍ਹਨ ਨਾਲ ਸਰਵਪੱਖੀ ਵਿਕਾਸ ਹੋਵੇਗਾ, ਮਾਨਸਿਕ ਕੁਸ਼ਲਤਾਵਾਂ ਵਿਕਸਿਤ ਹੋਣਗੀਆਂ, ਹੱਸਦੇ-ਵੱਸਦੇ ਸਮਾਜ ਦੀ ਸਿਰਜਣਾ ਹੋਵੇਗੀ ਤੇ ਜ਼ਿੰਦਗੀ ਨੂੰ ਮਾਣਨ ਦੀ ਸਮਰੱਥਾ ਵਧ ਜਾਵੇਗੀ ਕਿਉਂਕਿ ਵਧੀਆ ਕਿਤਾਬਾਂ ਵਿਚ ਜ਼ਿੰਦਗੀ ਦੀਆਂ ਸੱਚਾਈਆਂ ਬਿਆਨ ਕੀਤੀਆਂ ਹੁੰਦੀਆਂ ਹਨ।

ਇਸ ਲਈ ਚੰਗੀਆਂ ਕਿਤਾਬਾਂ ਨੂੰ ਆਪਣੇ ਜੀਵਨ ਦਾ ਹਿੱਸਾ ਜ਼ਰੂਰ ਬਣਾਓ। ਇੱਕ ਗੱਲ ਸਦਾ ਯਾਦ ਰੱਖੋ ਕਿ ਤੁਹਾਡੀ ਜ਼ਿੰਦਗੀ ਨੂੰ ਵਿਵਸਥਿਤ ਕਰਨ ਤੇ ਇਸ ਵਿਚ ਖੁਸ਼ੀਆਂ ਦੇ ਫੁਹਾਰੇ ਚੱਲਦੇ ਵੇਖਣ ਲਈ ਤੁਹਾਡੇ ਮਾਂ-ਬਾਪ ਤੋਂ ਵੱਡਾ ਕੋਈ ਸਲਾਹਕਾਰ ਨਹੀਂ ਹੁੰਦਾ। ਉਨ੍ਹਾਂ ਕੋਲ ਅਜਿਹੀਆਂ ਸਮੱਸਿਆਵਾਂ ਨੂੰ ਨਜਿੱਠਣ ਦਾ ਤਜ਼ਰਬਾ ਹੁੰਦਾ ਹੈ ਜੋ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਹੰਢਾਈਆਂ ਹੁੰਦੀਆਂ ਹਨ। ਅਜੋਕੇ ਜ਼ਮਾਨੇ ਵਿਚ ਭਾਵੇਂ ਮਾਂ-ਬਾਪ ਨਾਲ ਜਿੰਨਾ ਮਰਜ਼ੀ ਵਿਚਾਰਾਂ ਦਾ ਅੰਤਰ ਹੋਵੇ ਉਹ ਕਦੇ ਵੀ ਆਪਣੇ ਬੱਚਿਆਂ ਦਾ ਮਾੜਾ ਨਹੀਂ ਸੋਚ ਸਕਦੇ ਤੇ ਸਦਾ ਹੀ ਉਨ੍ਹਾਂ ਨੂੰ ਆਪਣੇ ਤੋਂ ਉੱਪਰ ਚੜ੍ਹਦੀਆਂ ਕਲਾ ਵਿਚ ਹੀ ਵੇਖਣਾ ਚਾਹੁੰਦੇ ਹਨ। ਇਸ ਲਈ ਉਨ੍ਹਾਂ ਤੋਂ ਮਿਲੀ ਸਲਾਹ ਨੂੰ ਕਦੇ ਨਜ਼ਰਅੰਦਾਜ਼ ਨਾ ਕਰੋ। ਤੁਹਾਡੀ ਜ਼ਿੰਦਗੀ ਆਪਣੇ-ਆਪ ਖੂਬਸੂਰਤ ਬਣ ਜਾਵੇਗੀ।
ਰਣਜੀਤ ਐਵੀਨਿਊ, ਅੰਮ੍ਰਿਤਸਰ
ਮੋ. 98774-66607
 ਕੈਲਾਸ਼ ਚੰਦਰ ਸ਼ਰਮਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.