ਵਕੀਲ ਦੀ ਕੁੱਟਮਾਰ ਵਕੀਲਾਂ ਤੇ ਪੁਲਿਸ ਮੁਖੀ ਲਈ ਮੁੱਛ ਦਾ ਸੁਆਲ ਬਣੀ

Prosecutor Beatings Became, Main Question, Lawyers, Police Chief

ਪੁਲਿਸ ਤੇ ਵਕੀਲ ਆਪੋ ਆਪਣੀ ਗੱਲ ‘ਤੇ ਅੜੇ | Bathinda News

  • ਸ਼ਿਵ ਸੈਨਾ ਦੀਆਂ ਦੋ ਜੱਥੇਬੰਦੀਆਂ ਜ਼ਿਲ੍ਹਾ ਪੁਲਿਸ ਦੀ ਹਮਾਇਤ ‘ਤੇ ਆਈਆਂ | Bathinda News

ਬਠਿੰਡਾ (ਅਸ਼ੋਕ ਵਰਮਾ)। ਵਕੀਲ ਆਗੂ ਨਵਦੀਪ ਸਿੰਘ ਜੀਦਾ ਮਾਮਲਾ ਵਕੀਲਾਂ ਤੇ ਜ਼ਿਲ੍ਹਾ ਪੁਲਿਸ ਨੇ ਮੁੱਛ ਦਾ ਸੁਆਲ ਬਣਾ ਲਿਆ ਹੈ ਅੱਜ ਜਿੱਥੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਪੁਲਿਸ ਖਿਲਾਫ ਐੱਸਐੱਸਪੀ ਦਫਤਰ ਸਾਹਮਣੇ ਧਰਨਾ ਦਿੱਤਾ ਉੱਥੇ ਹੀ ਸ਼ਿਵ ਸੈਨਾ ਦੀਆਂ ਦੋ ਜੱਥੇਬੰਦੀਆਂ ਜ਼ਿਲ੍ਹਾ ਪੁਲਿਸ ਦੀ ਪਿੱਠ ‘ਤੇ ਆ ਗਈਆਂ ਪੁਲਿਸ ਦੇ ਵਤੀਰੇ ਦਾ ਇਸ ਤੋਂ ਵੀ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਵਕੀਲਾਂ ਨੂੰ ਅੰਦਰ ਦਾਖਲ ਹੋਣ ਤੋਂ ਰੋਕਣ ਲਈ ਡਾਂਗਾਂ ਵਾਲੇ ਮੁਲਾਜ਼ਮਾਂ ਦੇ ਨਾਲ-ਨਾਲ ਵੱਡੇ ਵੱਡੇ ਬੈਰੀਕੇਡਾਂ ਦੀ ਕੰਧ ਖੜ੍ਹੀ ਕਰ ਦਿੱਤੀ ਗਈ।

ਜਦੋਂਕਿ ਸ਼ਿਵ ਸੈਨਿਕ ਸਕੱਤਰੇਤ ਦੇ ਅੰਦਰ ਨਾਅਰੇਬਾਜ਼ੀ ਕਰਦੇ ਰਹੇ ਓਧਰ ਵਕੀਲਾਂ ਨੇ ਅੱਜ ਬਠਿੰਡਾ ਦੇ ਐੱਸਐੱਸਪੀ ਨੂੰ ਤੁਰੰਤ ਤਬਦੀਲ ਕਰਨ ਦੀ ਮੰਗ ਕਰਦਿਆਂ ਜ਼ਿਲ੍ਹਾ ਪੁਲਿਸ ਨੂੰ ਤਾੜਨਾ ਕੀਤੀ ਕਿ ਜੇਕਰ ਹੌਲਦਾਰ ਰਣਜੀਤ ਸਿੰਘ ਖਿਲਾਫ ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਨੂੰ ਸੂਬਾ ਪੱਧਰ ‘ਤੇ ਲਿਜਾਇਆ ਜਾਏਗਾ ਵਕੀਲ ਏਨਾ ਜਿਆਦਾ ਭੜਕੇ ਹੋਏ ਸਨ ਕਿ ਉਨ੍ਹਾਂ ਪੁਲਿਸ ਅਫਸਰਾਂ ਦੇ ਸਮਾਜਿਕ ਬਾਈਕਾਟ ਦਾ ਸੱਦਾ ਦਿੱਤਾ ਤੇ ਐੱਸਐੱਸਪੀ ਨੂੰ ਤਿੱਖੇ ਸ਼ਬਦੀ ਹਮਲਿਆਂ ਨਾਲ ਨਿਸ਼ਾਨਾ ਬਣਾਇਆ।

ਸੀਨੀਅਰ ਐਡਵੋਕੇਟ ਸੁਰਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਹੌਲਦਾਰ ਨੇ ਐਡਵੋਕੇਟ ਖਿਲਾਫ ਪਹਿਲਾਂ ਮੰਦੀ ਭਾਸ਼ਾ ਵਰਤੀ ਤੇ ਹੱਥੋਪਾਈ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਐਡਵੋਕੇਟ ਬਲਵੰਤ ਸਿੰਘ ਢਿੱਲੋਂ ਨੇ ਪੁਲਿਸ ਅਧਿਕਾਰੀਆਂ ਤੇ ਟਰੈਫਿਕ ਦੇ ਨਾਂਅ ਹੇਠ ਕਰੋੜਾਂ ਦੀ ਕਥਿਤ ਵਸੂਲੀ ਦੇ ਦੋਸ਼ ਲਾਏ ਅਤੇ ਛੇ ਪੁਲਿਸ ਮੁਲਾਜ਼ਮਾਂ ਖਿਲਾਫ ਅਦਾਲਤ ਇਸਤਗਾਸਾ ਕਰਨ ਦਾ ਐਲਾਨ ਕੀਤਾ ਇਸ ਮੌਕੇ ਐਡਵੋਕੇਟ ਰਾਜਨ ਗਰਗ ਨੇ ਆਖਿਆ ਕਿ ਜੇਕਰ ਪੁਲਿਸ ਅਧਿਕਾਰੀਆਂ ਨੇ ਕੋਈ ਐਕਸ਼ਨ ਨਾ ਲਿਆ ਤਾਂ ਦਿਨ ਰਾਤ ਦਾ ਧਰਨਾ ਲਾਇਆ ਜਾਏਗਾ।

ਪਾਣੀ ਤਾਂ ਪੁਲਾਂ ਹੇਠ ਦੀ ਲੰਘਣੈ

ਵਕੀਲ ਆਗੂਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਦਾਲਤਾਂ ਵਿੱਚ ਚੱਲਦੇ ਮਾਮਲਿਆਂ ਲਈ ਅੰਤ ਨੂੰ ਪੁਲਿਸ ਅਫਸਰਾਂ ਨੂੰ ਉਨ੍ਹਾਂ ਕੋਲ ਹੀ ਆਉਣਾ ਪੈਣਾ ਹੈ ਉਨ੍ਹਾਂ ਆਖਿਆ ਕਿ ਦਰਜਨਾਂ ਕੇਸ ਅਜਿਹੇ ਹਨ ਜਿਨ੍ਹਾਂ ‘ਚ ਉਹ ਪੁਲਿਸ ਪ੍ਰਸ਼ਾਸਨ ਦੀ ਸਹਾਇਤਾ ਕਰਦੇ ਹਨ ਪਰ ਹੁਣ ਇਸ ਤਰ੍ਹਾਂ ਦੇ ਵਤੀਰੇ ਨੂੰ ਦੇਖਦਿਆਂ ਉਨ੍ਹਾਂ ਨੂੰ ਵੀ ਸੌ ਵਾਰ ਸੋਚਣਾ ਪਵੇਗਾ ਵਕੀਲ ਆਗੂ ਸੁਨੀਲ ਤ੍ਰਿਪਾਠੀ ਨੇ ਆਖਿਆ ਕਿ ਅਫਸਰਾਂ ਨੂੰ ਜੀਦਾ ਨਜ਼ਰ ਆ ਗਏ ਪਰ ਸਿਵਲ ਲਾਈਨ ਪੁਲਿਸ ਵੱਲੋਂ ਉਨ੍ਹਾਂ ਨਾਲ ਕੀਤਾ ਸਲੂਕ ਦਿਖਾਈ ਨਹੀਂ ਦਿੱਤਾ ਹੈ।

ਬਿਨਾਂ ਠੋਸ ਸਿੱਟੇ ਤੋਂ ਸੰਘਰਸ਼ ਖਤਮ ਨਹੀਂ

ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਕੰਵਲਜੀਤ ਸਿੰਘ ਕੁਟੀ ਤੇ ਸਾਬਕਾ  ਪ੍ਰਧਾਨ ਐਡਵੋਕੇਟ ਰਣਜੀਤ ਸਿੰਘ ਜਲਾਲ ਦਾ ਕਹਿਣਾ ਸੀ ਕਿ ਹੌਲਦਾਰ ਰਣਜੀਤ ਸਿੰਘ ਨੇ ਐਡਵੋਕੇਟ ਜੀਦਾ ਖਿਲਾਫ ਬੇਹੱਦ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਹੈ ਉਨ੍ਹਾਂ ਆਖਿਆ ਕਿ ਇਹ ਮਾਮਲਾ ਸਮੁੱਚੇ ਵਕੀਲ ਭਾਈਚਾਰੇ ਦੇ ਮਾਣ ਸਨਮਾਨ ਨਾਲ ਜੁੜਿਆ ਹੈ ਇਸ ਲਈ ਬਿਨਾਂ ਕਿਸੇ ਠੋਸ ਸਿੱਟੇ ਤੋਂ ਸੰਘਰਸ਼ ਸਮਾਪਤ ਨਹੀਂ ਕੀਤਾ ਜਾਏਗਾ।

ਜੀਦਾ ਨੂੰ ਅੰਤਰਿਮ ਜ਼ਮਾਨਤ

ਪਤਾ ਲੱਗਿਆ ਹੈ ਕਿ ਅੱਜ ਪੁਲਿਸ ਦੇ ਆਹਲਾ ਅਫਸਰਾਂ ਨੇ ਹਸਪਤਾਲ ‘ਚ ਡਾਕਟਰਾਂ ਕੋਲ ਜੀਦਾ ਨੂੰ ਡਿਸਚਾਰਜ ਕਰਵਾਉਣ ਲਈ ਪਹੁੰਚ ਕੀਤੀ ਸੀ ਪਰ ਡਾਕਟਰ ਤਿਆਰ ਨਹੀਂ ਹੋਏ ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਵਕੀਲਾਂ ਨੇ ਐਡੀਸ਼ਨਲ ਸੈਸ਼ਨ ਜੱਜ ਬਠਿੰਡਾ ਕੋਲ ਅਰਜੀ ਦਾਇਰ ਕੀਤੀ ਸੀ, ਜਿਸ ਦੇ ਅਧਾਰ ‘ਤੇ ਅਦਾਲਤ ਨੇ ਜੀਦਾ ਨੂੰ ਅੰਤਰਿਮ ਜਮਾਨਤ ਦੇ ਦਿੱਤੀ ਹੈ।

ਕਾਨੂੰਨ ਅਨੁਸਾਰ ਕਾਰਵਾਈ : ਆਈਜੀ

ਬਠਿੰਡਾ ਰੇਂਜ ਦੇ ਆਈਜੀ ਐੱਮ ਐੱਫ ਫਾਰੂਕ ਦਾ ਕਹਿਣਾ ਸੀ ਕਿ ਸੀਸੀਟੀਵੀ ਫੁਟੇਜ਼ ਨੇ ਸਾਰਾ ਮਾਮਲਾ ਸਪੱਸ਼ਟ ਕਰ ਦਿੱਤਾ ਹੈ ਤੇ ਸ਼ੱਕ ਦੀ ਕੋਈ ਗੁੰਜਾਇਸ਼ ਹੀ ਨਹੀਂ ਹੈ ਉਨ੍ਹਾਂ ਆਖਿਆ ਕਿ ਐਡਵੋਕੇਟ ਜੀਦਾ ਖਿਲਾਫ ਪੁਲਿਸ ਕਾਨੂੰਨ ਅਨੁਸਾਰ ਕਾਰਵਾਈ ਕਰੇਗੀ।

ਆਮ ਆਦਮੀ ਪਾਰਟੀ ਵੱਲੋਂ ਵੀ ਧਰਨਾ | Bathinda News

ਐਡਵੋਕੇਟ ਤੇ ਆਮ ਆਦਮੀ ਪਾਰਟੀ ਜ਼ਿਲ੍ਹਾ ਬਠਿੰਡਾ ਵੱਲੋਂ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਦਾ ਨਾਲ ਹੋਈ ਬਦਸਲੂਕੀ ਦੇ ਵਿਰੋਧ ‘ਚ ਅੱਜ ਧਰਨਾ ਦੇਣ ਉਪਰੰਤ ਡਿਪਟੀ ਕਮਿਸ਼ਨਰ ਤੇ ਆਈਜੀ ਨੂੰ ਮੰਗ ਪੱਤਰ ਦਿੱਤਾ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਸਾਧੂ ਸਿੰਘ, ਵਿਧਾਇਕ ਬੁੱਧ ਰਾਮ, ਪ੍ਰੋ. ਬਲਜਿੰਦਰ ਕੌਰ ਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਅੱਜ ਦਾ ਧਰਨਾ ਸੰਕੇਤਕ ਹੈ ਤੇ ਜੇਕਰ ਜੀਦਾ ਖਿਲਾਫ ਪੁਲਿਸ ਕੇਸ ਰੱਦ ਨਾ ਕੀਤਾ ਤਾਂ ਆਉਂਦੇ ਦਿਨਾਂ ਦੌਰਾਨ ‘ਚ ਤਿੱਖਾ ਸੰਘਰਸ਼ ਵਿੱਢਿਆ ਜਾਏਗਾ।

ਪੁਲਿਸ ਦੇ ਹੱਕ ‘ਚ ਨਿੱਤਰੀ ਸ਼ਿਵ ਸੈਨਾ | Bathinda News

ਸ਼ਿਵ ਸੈਨਾ ਪੰਜਾਬ ਤੇ ਸ਼ਿਵ ਸੈਨਾ ਹਿੰਦ ਬਠਿੰਡਾ ਪੁਲਿਸ ਦੀ ਪਿੱਠ ‘ਤੇ ਆ ਗਈ ਹੈ ਦੋਵਾਂ ਜੱਥੇਬੰਦੀਆਂ ਦੇ ਆਗੂਆਂ ਸਤਿੰਦਰ ਕੁਮਾਰ ਤੇ ਮਿੰਟੂ ਠਾਕੁਰ ਨੇ ਵਕੀਲਾਂ ਦੇ ਧਰਨੇ ਨੂੰ ਨਜਾਇਜ਼ ਕਰਾਰ ਦਿੰਦਿਆਂ ਜੀਦਾ ਖਿਲਾਫ ਕਾਰਵਾਈ ਲਈ ਐੱਸਐੱਸਪੀ ਨੂੰ ਮੰਗ ਪੱਤਰ ਦਿੱਤਾ ਹੈਰਾਨੀ ਵਾਲੀ ਗੱਲ ਹੈ ਕਿ ਸ਼ਿਵ ਸੈਨਾ ਦੇ ਕਾਰਕੁੰਨਾਂ ਨੇ ਪੁਲਿਸ ਅਫਸਰਾਂ ਦੀ ਹਾਜ਼ਰੀ ‘ਚ ਸਕੱਤਰੇਤ ਦੇ ਅੰਦਰ ਪੁਲਿਸ ਦੇ ਹੱਕ ‘ਚ ਨਾਅਰੇ ਲਾਏ ਉਨ੍ਹਾਂ ਆਖਿਆ ਕਿ ਲੋਕਾਂ ਦੀ ਪ੍ਰੇਸ਼ਾਨੀ ਨੂੰ ਦੇਖਦਿਆਂ ਪੁਲਿਸ ਨੂੰ ਵਕੀਲਾਂ ਨੂੰ ਧਰਨਾ ਲਾਉਣ ਤੋਂ ਰੋਕਣਾ ਚਾਹੀਦਾ ਹੈ।