ਨਾਈਜੀਰੀਅਨ ਨਾਗਰਿਕ ਦਿੱਲੀ ਤੋਂ ਹੈਰੋਇਨ ਸਮੇਤ ਕਾਬੂ : ਅਮਨੀਤ ਕੌਂਡਲ

Nigerian Arrested, Heroin Delhi, Aminet Kondal

ਗੋਬਿੰਦਗੜ੍ਹ ਦੇ ਵਾਸੀ ਜਸਵਿੰਦਰ ਸਿੰਘ ਜਿਸ ਪਾਸੋਂ 1 ਕਿੱਲੋ ਹੈਰੋਇਨ ਕੀਤੀ ਸੀ ਬਰਾਮਦ | Crime News

ਫ਼ਤਹਿਗੜ੍ਹ ਸਾਹਿਬ (ਅਨਿਲ ਲੁਟਾਵਾ)। ਫ਼ਤਹਿਗੜ੍ਹ ਸਾਹਿਬ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਦਿੱਲੀ ਤੋਂ ਫੋਨ ਰਾਹੀਂ ਹੋਰਨਾਂ ਰਾਜਾਂ ਨੂੰ ਹੈਰੋਇਨ ਤੇ ਕੋਕੀਨ ਸਪਲਾਈ ਕਰਨ ਵਾਲੇ ਨਾਈਜੀਰੀਅਨ ਨਾਗਰਿਕ ਨੂੰ ਜ਼ਿਲ੍ਹਾ ਪੁਲਿਸ ਨੇ 200 ਗ੍ਰਾਮ ਹੈਰੋਇਨ ਸਮੇਤ ਦਿੱਲੀ ਤੋਂ ਕਾਬੂ ਕੀਤਾ। ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਕਾਨਫਰੰਸ ਦੌਰਾਨ ਖੁਲਾਸਾ ਕਰਦਿਆਂ ਦੱਸਿਆ ਕਿ ਪੁਲਿਸ ਨੇ ਐੱਸਪੀ (ਜਾਂਚ) ਹਰਪਾਲ ਸਿੰਘ ਤੇ ਡੀਐੱਸਪੀ (ਮੇਜਰ ਕਰਾਈਮ) ਜਸਵਿੰਦਰ ਸਿੰਘ ਟਿਵਾਣਾ ਦੀ ਨਿਗਰਾਨੀ ਹੇਠ ਇੰਸਪੈਕਟਰ ਹੇਮੰਤ ਕੁਮਾਰ ਇੰਚਾਰਜ ਐਂਟੀ ਨਾਰਕੋਟਿਕ ਸੈੱਲ ਫ਼ਤਹਿਗੜ੍ਹ ਸਾਹਿਬ ਨੇ ਸੀਆਈਏ ਸਰਹਿੰਦ ਦੀ ਟੀਮ ਨਾਲ ਨਾਕਾਬੰਦੀ ਦੌਰਾਨ ਪਿਛਲੇ ਦਿਨੀਂ ਜਸਵਿੰਦਰ ਸਿੰਘ ਉਰਫ ਟੋਨੀ ਵਾਸੀ ਗੋਬਿੰਦਗੜ੍ਹ ਪਾਸੋਂ 1 ਕਿੱਲੋ ਹੈਰੋਇਨ ਬਰਾਮਦ ਕੀਤੀ ਸੀ, ਜਿਸ ਖਿਲਾਫ ਐਨ.ਡੀ.ਪੀ.ਐੱਸ. ਐਕਟ ਅਧੀਨ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਪਰਚਾ ਦਰਜ਼ ਕੀਤਾ ਗਿਆ ਸੀ ਤੇ ਇਸ ਮੁਕੱਦਮੇ ਦੀ ਤਫਤੀਸ਼ ਮੁੱਖ ਥਾਣਾ ਅਫਸਰ ਗੋਬਿੰਦਗੜ੍ਹ ਇੰਸਪੈਕਟਰ ਭੁਪਿੰਦਰ ਸਿੰਘ ਨੂੰ ਸੌਂਪੀ ਗਈ ਸੀ। (Crime News)

ਉਨ੍ਹਾਂ ਦੱਸਿਆ ਕਿ ਮੁਢਲੀ ਪੁੱਛਗਿਛ ਦੌਰਾਨ ਜਸਵਿੰਦਰ ਸਿੰਘ ਉਰਫ ਟੋਨੀ ਨੇ ਦੱਸਿਆ ਸੀ ਕਿ ਉਹ 1 ਕਿੱਲੋ ਹੈਰੋਇਨ ਨਾਈਜੀਰੀਅਨ ਨਾਗਰਿਕ ਸਪਲੈਅਰ ਸੰਡੇ ਉਰਫ ਈਮੇਕਾ ਈਕੇਚੀ ਵਾਸੀ ਵਿਪਨ ਗਾਰਡਨ ਨੇੜੇ ਉਤਮ ਨਗਰ ਨਵੀਂ ਦਿੱਲੀ ਤੋਂ ਲੈ ਕੇ ਆਇਆ ਸੀ, ਜੋ ਕਿ ਹੋਰਨਾਂ ਰਾਜਾਂ ਨੂੰ ਬੇਖੌਫ ਹੈਰੋਇਨ ਤੇ ਕੋਕੀਨ ਸਪਲਾਈ ਕਰਦਾ ਹੈ, ਜਿਸ ਦੇ ਆਧਾਰ ‘ਤੇ ਨਾਈਜੀਰੀਅਨ ਨਾਗਰਿਕ ਨੂੰ ਕਾਬੂ ਕਰਨ ਲਈ ਕਾਰਵਾਈ ਆਰੰਭੀ ਗਈ।

ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਮੁੱਖ ਅਫਸਰ ਥਾਣਾ ਮੰਡੀ ਗੋਬਿੰਦਗੜ੍ਹ ਤੇ ਨਾਰਕੋਟਿਕ ਸੈੱਲ ਫ਼ਤਹਿਗੜ੍ਹ ਸਾਹਿਬ ਦੀਆਂ ਪੁਲਿਸ ਪਾਰਟੀਆਂ ਨੇ ਦਿੱਲੀ ਪੁੱਜ ਕੇ ਨਾਈਜੀਰੀਅਨ ਨਾਗਰਿਕ ਨੂੰ 200 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ ਤੇ ਨਾਈਜੀਰੀਅਨ ਨਾਗਰਿਕ ਨੂੰ ਅਦਾਲਤ ‘ਚ ਪੇਸ਼ ਕਰਕੇ 21 ਅਗਸਤ ਤੱਕ ਉਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਨਾਈਜੀਰੀਅਨ ਨਾਗਰਿਕ ਤੋਂ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ, ਜਿਸ ਤੋਂ ਨਸ਼ਾ ਤਸਕਰੀ ਸਬੰਧੀ ਹੋਰ ਵੀ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ ਇਸ ਮੌਕੇ ਐੱਸਪੀ (ਹੈੱਡ ਕੁਆਰਟਰ) ਨਵਨੀਤ ਬੈਂਸ, ਡੀਐੱਸਪੀ ਅਮਲੋਹ ਹੰਸ ਰਾਜ ਸਮੇਤ ਪੁਲਿਸ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।