ਵਿਚਲਾ ਰਾਹ ਤੇ ਤਕੜੀ ਸੱਟ

G-20 Sumit

ਜੀ-20 ਸੰਮੇਲਨ (G-20 Sumit) ਜਿੱਥੇ ਜਲਵਾਯੂ ਤਬਦੀਲੀ ਦੀ ਰੋਕਥਾਮ, ਸਾਂਝੇ ਸੰਤੁਲਿਤ ਵਿਕਾਸ ਤੇ ਸਹਿਯੋਗ ਦੇ ਸੰਕਲਪ ਨਾਲ ਸਿਰੇ ਚੜ੍ਹ ਗਿਆ, ਉੱਥੇ ਮੇਜ਼ਬਾਨ ਭਾਰਤ ਨੇ ਆਪਣੀ ਸਥਿਤੀ ਨੂੰ ਮਜ਼ਬੂਤ ਕੀਤਾ। ਇਸ ਸੰਮੇਲਨ ਰਾਹੀਂ ਜਿੱਥੇ ਭਾਰਤ ਨੇ ਅਮਰੀਕਾ ਤੇ ਪੱਛਮੀ ਮੁਲਕਾਂ ਨਾਲ ਆਪਣੀ ਨੇੜਤਾ ਵਧਾਈ ਹੈ, ਉੱਥੇ ਰੂਸ ਨਾਲ ਵੀ ਕਿਸੇ ਤਰ੍ਹਾਂ ਗੁਆਉਣ ਦਾ ਕੋਈ ਮੌਕਾ ਨਹੀਂ ਦਿੱਤਾ। ਰੂਸ ਤੇ ਅਮਰੀਕਾ ਨਾਲ ਆਪਣੇ ਰਿਸ਼ਤੇ ਸੰਤੁਲਿਤ ਰੱਖੇ ਹਨ। ਭਾਰਤ ਨੇ ਐਲਾਨਨਾਮੇ ’ਚ ਯੂਕਰੇਨ-ਰੂਸ ਜੰਗ ਦੇ ਖਾਤਮੇ ਲਈ ਰੂਸ ਦਾ ਨਾਂਅ ਲਏ ਬਿਨਾਂ ਸਾਂਝੇ ਯਤਨਾਂ ਦਾ ਸੱਦਾ ਦਿੰਦਿਆਂ ਭਾਰਤ ਨੇ ਅਮਨ-ਅਮਾਨ ਦੇ ਹੱਕ ’ਚ ਗੱਲ ਕੀਤੀ ਹੈ। ਦੂਜੇ ਪਾਸੇ ਆਪਣੇ ਗੁਆਂਢੀ ਚੀਨ ਨੂੰ ਟੱਕਰ ਵੀ ਦੇ ਦਿੱਤੀ ਹੈ।

ਚੀਨ ਆਪਣੇ ਸੜਕੀ ਪ੍ਰਾਜੈਕਟ ਰਾਹੀਂ ਆਪਣਾ ਦਬਦਬਾ ਵਧਾ ਰਿਹਾ ਸੀ ਪਰ ਇਸ ਜੀ-20 ਸੰਮੇਲਨ ਤੋਂ ਵੱਖਰੀ ਮੀਟਿੰਗ ’ਚ ਭਾਰਤ, ਅਮਰੀਕਾ ਤੇ ਹੋਰ ਮੁਲਕਾਂ ਨੇ ਇੰਡੀਆ ਮਿਡਲ ਈਸਟ ਯੂਰਪ ਕਾਰੀਡੋਰ ਦੀ ਸਥਾਪਨਾ ਲਈ ਸਮਝੌਤਾ ਕਰਕੇ ਚੀਨ ਦੇ ਪ੍ਰਾਜੈਕਟ ਦਾ ਵੱਡਾ ਤੋੜ ਕੱਢ ਲਿਆ। ਇਹ ਪ੍ਰਾਜੈਕਟ ਪਹਿਲਾਂ ਭਾਰਤ ਨੂੰ ਮਿਡਲ ਈਸਟ ਨਾਲ ਜੋੜੇਗਾ, ਅੱਗੇ ਨਾਰਦਰਨ ਕਾਰੀਡੋਰ ਮਿਡਲ ਈਸਟ ਨੂੰ ਯੂਰਪ ਨਾਲ ਜੋੜੇਗਾ। ਇਸ ਸਮਝੌਤੇ ’ਚ ਭਾਰਤ, ਅਮਰੀਕਾ, ਯੂਰਪੀ, ਯੂਨੀਅਨ, ਜਾਪਾਨ, ਸਾਊਦੀ ਅਰਬ, ਫਰਾਂਸ, ਇਟਲੀ ਅਤੇ ਸੰਯੁਕਤ ਅਰਬ ਅਮੀਰਾਤ ਸ਼ਾਮਲ ਹਨ। ਇਸ ਪ੍ਰਾਜੈਕਟ ਨਾਲ ਵਪਾਰ ’ਚ ਤੇਜ਼ੀ ਆਵੇਗੀ ਤੇ ਸਬੰਧਿਤ ਮੁਲਕਾਂ ਦੀ ਆਰਥਿਕਤਾ ਨੂੰ ਮਜ਼ਬੂਤੀ ਮਿਲੇਗੀ। ਭਾਰਤ ਦੇ ਯੂਰਪ ਦੇ ਵਪਾਰ ’ਚ 40 ਫੀਸਦੀ ਵਾਧਾ ਹੋਵੇਗਾ।

ਇਹ ਵੀ ਪੜ੍ਹੋ : ਪੁਲਿਸ ਨੇ ਨਜਾਇਜ਼ ਅਸਲੇ ਸਮੇਤ ਦੋ ਨੂੰ ਕੀਤਾ ਕਾਬੂ

ਚੀਨ ਲਈ ਇਹ ਘਟਨਾਚੱਕਰ ਧੋਬੀ ਪਟਕੇ ਵਾਂਗ ਹੈ ਕਿਉਂਕਿ ਇਹ ਫੈਸਲਾ ਉਦੋਂ ਹੋਇਆ ਹੈ ਜਦੋਂ ਅਗਲੇ ਮਹੀਨੇ ਚੀਨ ਆਪਣੇ ਸੜਕੀ ਪ੍ਰਾਜੈਕਟ ਲਈ ਇੱਕ ਵੱਡਾ ਸੰਮੇਲਨ ਕਰ ਰਿਹਾ ਹੈ, ਜਿਸ ’ਚ 90 ਦੇਸ਼ ਸ਼ਾਮਲ ਹੋਣਗੇ। ਇਸ ਫੈਸਲੇ ਨਾਲ ਚੀਨ ਲਈ ਟਰੇਡ ਵਾਰ ’ਚ ਨਵੀਆਂ ਚੁਣੌਤੀਆਂ ਪੈਦਾ ਹੋ ਸਕਦੀਆਂ ਹਨ। ਭਾਵੇਂ ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਦੀ ਜੀ-20 ਸੰਮੇਲਨ ’ਚ ਗੈਰ-ਮੌਜੂਦਗੀ ਦੇ ਕਈ ਕੂਟਨੀਤਿਕ ਅਰਥ ਕੱਢੇ ਜਾ ਰਹੇ ਸਨ ਪਰ ਭਾਰਤ ਨੇ ਗੁਆਂਢੀ ਮੁਲਕ ਚੀਨ ਜੋ ਸਰਹੱਦ ’ਤੇ ਉਲੰਘਣਾ ਕਰਦਾ ਆ ਰਿਹਾ ਸੀ, ਨੂੰ ਆਰਥਿਕ ਮੋਰਚੇ ’ਤੇ ਸੱਟ ਮਾਰ ਦਿੱਤੀ ਹੈ।

ਭਾਰਤ ਨੇ ਰੂਸ ਤੇ ਅਮਰੀਕਾ ਨਾਲ ਸੰਤੁਲਿਤ ਰਿਸ਼ਤੇ ਰੱਖਦਿਆਂ ਚੀਨ ਨੂੰ ਵਪਾਰਕ ਰਣਨੀਤੀ ’ਚ ਪਿੱਛੇ ਕਰ ਦਿੱਤਾ ਹੈ। ਭਾਰਤ ਦੀ ਵਿਦੇਸ਼ ਨੀਤੀ ਇੱਕ ਵਾਰ ਫਿਰ ਮਜ਼ਬੂਤ ਸਾਬਤ ਹੋ ਰਹੀ ਹੈ। ਇਸ ਘਟਨਾਚੱਕਰ ਨੇ ਚੀਨ ਤੇ ਹੋਰਨਾਂ ਮੁਲਕਾਂ ਨੂੰ ਸੰਦੇਸ਼ ਦੇ ਦਿੱਤਾ ਹੈ ਕਿ ਭਾਰਤ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਵਪਾਰ ਦੀ ਜੰਗ ’ਚ ਵੀ ਭਾਰਤ ਪਾਸਾ ਪਲਟ ਸਕਦਾ ਹੈ।