ਕਹਾਣੀ : ਹਲਕਾ ਪਟਵਾਰੀ

patwari

ਕਹਾਣੀ : ਹਲਕਾ ਪਟਵਾਰੀ

ਕੋਰਾ ਅਨਪੜ੍ਹ ਭੋਂਦੂ ਕਾਮਾ ਸੱਚਮੁੱਚ ਹੀ ਆਪਣੇ ਨਾਂਅ ਦਾ ਪੂਰਕ ਸੀ, ਅਕਸਰ ਉਹ ਆਪਣੇ ਭੋਲੇਪਣ ਸਦਕਾ ਇਹ ਸਾਬਤ ਵੀ ਕਰਦਾ ਰਹਿੰਦਾ, ਤਾਹੀਓਂ ਤਾਂ ਲੋਕੀਂ ਕਹਿ ਛੱਡਦੇ ਕਿ ਕੁੱਝ ਸੋਚ ਕੇ ਹੀ ਉਸਦੇ ਮਾਂ-ਬਾਪ ਨੇ ਇਸਦਾ ਨਾਮ ਭੋਂਦੂ ਰੱਖਿਆ ਹੋਣਾ। ਅੱਜ ਭੋਂਦੂ ਕਚਹਿਰੀ ਆਪਣੇ ਕਿਸੇ ਨਿੱਕੇ ਜਿਹੇ ਕੰਮ ਲਈ ਆਇਆ ਤਾਂ ਮੈਂ ਹਥਲਾ ਕੰਮ ਛੱਡ ਉਸਦਾ ਫਾਰਮ ਭਰ ਸਾਹਮਣੇ ਦਫ਼ਤਰ ’ਚ ਬੈਠੇ ਹਲਕਾ ਪਟਵਾਰੀ ਤੋਂ ਰਿਪੋਰਟ ਕਰਵਾਉਣ ਲਈ ਘੱਲ ਦਿੱਤਾ। ਦੁਪਹਿਰੇ ਮੇਰਾ ਜਿਉਂ ਹੀ ਕਿਸੇ ਕੰਮ ਲਈ ਪਟਵਾਰਖਾਨੇ ਜਾਣ ਹੋਇਆ ਤਾਂ ਕੀ ਦੇਖਦਾ ਹਾਂ ਭੋਂਦੂ ਹੱਥਾਂ ’ਚ ਕਾਗਜ਼ ਫੜ੍ਹੀ ਪੈਰਾਂ ਪਰਨੇ ਪਟਵਾਰੀ ਦੇ ਲਾਗੇ ਬੈਠਾ ਸੀ।

‘‘ਕਮਾਲ ਦਾ ਬੰਦਾ ਯਾਰ ਤੂੰ… ਸਾਰੀ ਦਿਹਾੜੀ ਇੱਥੇ ਲਾ ਦਿੱਤੀ ਆਹ ਤੇਰੇ ਸਾਹਮਣੇ ਤਾਂ ਪਟਵਾਰੀ ਸਾਹਿਬ ਬੈਠੇ ਨੇ। …ਕੁੱਝ ਤੁਸੀਂ ਹੀ ਗੌਰ ਫਰਮਾ ਲੈਂਦੇ ਪਟਵਾਰੀ ਸਾਹਿਬ, ਮਿੰਟ ਭਰ ਦਾ ਵੀ ਕੰਮ ਨੀਂ ਸੀ ਇਸ ਵਿਚਾਰੇ ਦਾ, ਸਵੇਰ ਤੋਂ ਚੌਕਂੀ ਭਰ ਰਿਹਾ ਤੁਹਾਡੀ।’’ ਮੈਂ ਭੋਂਦੂ ਹੱਥੋਂ ਫਾਰਮ ਫੜ੍ਹ ਜਮ੍ਹਾਂਬੰਦੀ ’ਚ ਖੁਭੇ ਪਟਵਾਰੀ ਅੱਗੇ ਰੱਖਦਿਆਂ ਉਸਨੂੰ ਉਲਾਂਭਾ ਜਿਹਾ ਦਿੱਤਾ।

‘‘ਕਮਾਲ ਕਰਦੈਂ ਯਾਰ ਤੂੰ ਵੀ! ਮੈਂ ਇਸਨੂੰ ਕਈ ਦਫਾ ਪੁੱਛ ਲਿਆ ਵੀ ਕੀ ਕੰਮ ਐ, ਪਰ ਇਹ ਪਤੰਦਰ ਕੁੱਝ ਦੱਸੇ ਤਾਂ ਸਹੀ, ਬੱਸ ਬਿਟਰ-ਬਿਟਰ ਝਾਕੀ ਜਾਂਦਾ।’’ ਖਿਝਿਆ ਪਟਵਾਰੀ ਮੈਨੂੰ ਚਾਰੇ ਪੈਰ ਚੁੱਕ ਕੇ ਪਿਆ। ਮੈਂ ਸ਼ਰਮਿੰਦਾ ਜਿਹਾ ਹੋ ਭੋਂਦੂ ਵੱਲ ਵੇਖਿਆ ਤਾਂ ਉਹ ਬੇਹੱਦ ਘਬਰਾਇਆ ਜਿਹਾ ਬੋਲਿਆ। ‘ਵ… ਵੀਰੇ ਤੁਸੀਂ ਹੀ ਤਾਂ ਕਿਹਾ ਸੀ ਉੱਥੇ ਹਲਕਾ ਪਟਵਾਰੀ ਬੈਠਾ ਉਸ ਤੋਂ ਰਿਪੋਰਟ ਕਰਵਾ ਲਿਆ, ਪਰ ਇਹ ਪਟਵਾਰੀ ਸਾਹਿਬ ਤਾਂ ਬੜੇ ਹੀ ਭਾਰੀ ਨੇ, ਮੈਂ ਸੋਚਿਆ ਜੇ ਇੰਨ੍ਹਾਂ ਤੋਂ ਰਿਪੋਰਟ ਕਰਵਾ ਲਿੱਤੀ ਤਾਂ ਖੌਰੇ ਕਿਤੇ ਆਪਣਾ ਕੰਮ ਹੀ ਨਾ ਵਿਗੜ ਜਾਵੇ…।’’

ਭੋਂਦੂ ਦੇ ਐਨਾ ਆਖਦਿਆਂ ਹੀ ਸਾਰਾ ਪਟਵਾਰਖਾਨਾ ਹਾਸੇ ਨਾਲ ਗੂੰਜ ਉੱਠਿਆ। ਪਰ ਸਭ ਤੋਂ ਜ਼ਿਆਦਾ ਹੱਸ-ਹੱਸ ਦੁਹਰੇ ਹੋ ਰਹੇ ਪਟਵਾਰੀ ਦਾ ਹਾਸਾ ਰੁਕਣ ਦਾ ਨਾਂਅ ਹੀ ਨਹੀਂ ਸੀ ਲੈ ਰਿਹਾ। ਉਸਦੇ ਹੱਸਣ ਨਾਲ ਉਸਦਾ ਮੋਟਾ ਢਿੱਡ ਇੰਜ ਹਿੱਲ ਰਿਹਾ ਸੀ ਜਿਵੇਂ ਉਹ ਵੀ ਭੋਂਦੂ ਦੀ ਭੋਲੀ ਗੱਲ ’ਤੇ ਠਹਾਕੇ ਮਾਰ-ਮਾਰ ਹੱਸ ਰਿਹਾ ਹੋਵੇ। ਤੇ ਵਿਚਾਰਾ ਜਿਹਾ ਮੂੰਹ ਕਰੀ ਬੌਂਦਲਿਆ ਖੜ੍ਹਾ ਭੋਂਦੂ ਅੱਜ ਫਿਰ ਆਪਣੇ ਨਾਂਅ ਦਾ ਪੂਰਕ ਹੋ ਨਿੱਬੜਿਆ।
ਨੀਲ ਕਮਲ ਰਾਣਾ ਦਿੜ੍ਹਬਾ, ਅਰਜੀ ਨਵੀਸ, ਤਹਿਸੀਲ ਕੰਪਲੈਕਸ,
ਦਿੜ੍ਹਬਾ, ਸੰਗਰੂਰ। ਮੋ. 98151-71874

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ