ਕਹਾਣੀ : ਮਜ਼ਬੂਰੀ

Compulsion

ਕਹਾਣੀ : ਮਜ਼ਬੂਰੀ

ਧਿਆਨ ਸਿੰਘ ਗੱਲਾਂ ਦਾ ਗਲਾਧੜ ਸੀ। ਆਪਣੀ ਛੋਟੀ ਜਿਹੀ ਗੱਲ ਨੂੰ ਬਹੁਤ ਵਧਾ-ਚੜ੍ਹਾ ਕੇ ਦੱਸਦਾ। ਵਿੱਦਿਆ ਵਿਭਾਗ ਵੱਲੋਂ ਉਸ ਦੀ ਜਿਲ੍ਹੇ ਦੇ ਮੁਖੀ ਵਜੋਂ ਤਰੱਕੀ ਹੋ ਗਈ। ਉਹ ਬਹੁਤ ਖੁਸ਼ ਸੀ। ਜਦੋਂ ਵੀ ਕੋਈ ਵਿਅਕਤੀ ਉਸ ਨੂੰ ਵਧਾਈ ਦੇਣ ਲਈ ਦਫਤਰ ਵਿਚ ਆਉਂਦਾ, ਉਸ ਦੀ ਆਓ-ਭਗਤ ਕਰਦਿਆਂ ਅਕਸਰ ਕਹਿੰਦਾ, ‘ਇਹ ਤਰੱਕੀ ਮੇਰੀ ਨਹੀਂ ਹੋਈ, ਬੱਸ ਸਮਝੋ ਕਿ ਤੁਸੀਂ ਹੀ ਜਿਲ੍ਹੇ ਦੇ ਮੁਖੀ ਬਣੇ ਹੋ। ਹੁਣ ਤੁਹਾਨੂੰ ਆਪਣੇ ਕੰਮਾਂ ਲਈ ਦਫਤਰ ਦੇ ਕਰਮਚਾਰੀਆਂ ਦੇ ਤਰਲੇ ਨਹੀਂ ਕੱਢਣੇ ਪੈਣਗੇ। ਜਦੋਂ ਵੀ ਕੋਈ ਕੰਮ ਹੋਵੇ, ਸਿੱਧਾ ਮੇਰੇ ਕੋਲ ਆਓ ਤੇ ਤੁਰੰਤ ਕੰਮ ਕਰਵਾ ਕੇ ਜਾਓ।’ ਭਾਵੇਂ ਲੋਕਾਂ ਨੂੰ ਉਸ ਦੀਆਂ ਫਾਲਤੂ ਦੀਆਂ ਡੀਂਗਾਂ ਤੇ ਦਫਤਰੀ ਅਮਲੇ ਦੀ ਕਾਰਗੁਜ਼ਾਰੀ ਬਾਰੇ ਭਲੀ-ਭਾਂਤ ਪਤਾ ਸੀ ਪਰ ਫਿਰ ਵੀ ਉਨ੍ਹਾਂ ਨੂੰ ਉਸ ਦੀ ਇਸ ਕਹੀ ਹੋਈ ਗੱਲ ‘ਤੇ ਵਿਸ਼ਵਾਸ ਆ ਜਾਂਦਾ ਕਿਉਂਕਿ ਹੁਣ ਉਹ ਜਿਲ੍ਹੇ ਦਾ ਮੁਖੀ ਸੀ।

Story: Compulsion

ਇੱਕ ਦਿਨ ਹਰਜਿੰਦਰ ਅਤੇ ਉਸ ਦੇ ਚਾਰ-ਪੰਜ ਸਾਥੀ ਖੁਸ਼ੀ ਨਾਲ ਧਿਆਨ ਸਿੰਘ ਜੀ ਦੇ ਦਫਤਰ ਵਿਚ ਦਾਖਲ ਹੋਏ ਤੇ ਆਪਣੇ ਕੰਮ ਬਾਰੇ ਉਨ੍ਹਾਂ ਨੂੰ ਬੇਨਤੀ ਕੀਤੀ। ਅਸਲ ਵਿਚ ਉਨ੍ਹਾਂ ਦੀ ਸੰਸਥਾ ਦੇ ਮੁਖੀ ਦੀ ਬਦਲੀ ਹੋ ਚੁੱਕੀ ਸੀ ਤੇ ਤਨਖਾਹ ਕਢਵਾਉਣ ਲਈ ਡੀਡੀਓ ਪਾਵਰਾਂ ਦੀ ਜਰੂਰਤ ਸੀ ਜੋ ਜਿਲ੍ਹੇ ਦੇ ਮੁਖੀ ਦੁਆਰਾ ਹੀ ਜਾਰੀ ਕੀਤੀਆਂ ਜਾਣੀਆਂ ਸਨ। ਤੁਰੰਤ ਕਾਰਵਾਈ ਕਰਦੇ ਹੋਏ, ਧਿਆਨ ਸਿੰਘ ਨੇ ਸਬੰਧਤ ਕਰਮਚਾਰੀ ਨੂੰ ਬੁਲਾ ਕੇ ਲੋੜੀਂਦੀ ਕਾਰਵਾਈ ਕਰਕੇ ਲਿਆਉਣ ਲਈ ਕਿਹਾ। ਜਦੋਂ ਕਰਮਚਾਰੀ ਇੱਕ ਘੰਟੇ ਤੱਕ ਵੀ ਵਾਪਸ ਨਾ ਆਇਆ ਤਾਂ ਹਰਜਿੰਦਰ ਪਤਾ ਕਰਨ ਲਈ ਉਸ ਦੇ ਕਮਰੇ ‘ਚ ਗਿਆ। ਪਤਾ ਲੱਗਾ ਕਿ ਉਹ ਛੁੱਟੀ ਲੈ ਕੇ ਚਲਾ ਗਿਆ ਸੀ।

Story: Compulsion

ਅਗਲੇ ਦਿਨ ਫਿਰ ਹਰਜਿੰਦਰ ਆਪਣੇ ਕੰਮ ਲਈ ਕਰਮਚਾਰੀ ਨੂੰ ਮਿਲਿਆ ਪਰ ਲਾਰੇ-ਲੱਪੇ ਤੋਂ ਬਿਨਾਂ ਕੁਝ ਨਾ ਪੱਲੇ ਪਿਆ। ਇਸ ਤਰ੍ਹਾਂ ਕਰਦਿਆਂ ਸੱਤ ਦਿਨ ਬੀਤ ਗਏ। ਇਨ੍ਹਾਂ ਸੱਤਾਂ ਦਿਨਾਂ ਵਿਚ ਹਰਜਿੰਦਰ ਦੋ ਵਾਰ ਧਿਆਨ ਸਿੰਘ ਨੂੰ ਵੀ ਮਿਲਿਆ।ਹਰਜਿੰਦਰ ਨੂੰ ਰੋਜ਼ ਦਫਤਰ ਆਉਂਦੇ ਵੇਖ, ਦਫਤਰ ਦੇ ਹੀ ਇੱਕ ਕਰਮਚਾਰੀ ਨੇ ਉਸ ਨੂੰ ਸਿੱਧਾ ਸਬੰਧਤ ਕਰਮਚਾਰੀ ਨਾਲ ਤਾਲਮੇਲ ਬਣਾਉਣ ਤੇ ਕੰਮ ਕਰਨ ਲਈ ਬੇਨਤੀ ਕਰਨ ਦੀ ਸਲਾਹ ਦਿੱਤੀ। ਹਰਜਿੰਦਰ ਉਸ ਸਲਾਹ ਦੇਣ ਵਾਲੇ ਕਰਮਚਾਰੀ ਦਾ ਕੁਝ-ਕੁਝ ਮਤਲਬ ਸਮਝ ਚੁੱਕਾ ਸੀ। ਹਰਜਿੰਦਰ ਉਸੇ ਵੇਲੇ ਸਬੰਧਤ ਕਰਮਚਾਰੀ ਕੋਲ ਗਿਆ। ਉਸ ਨੂੰ ਆਉਂਦੇ ਵੇਖ, ਕਰਮਚਾਰੀ ਕਹਿਣ ਲੱਗਾ, ‘ਤੁਹਾਡੀ ਫਾਈਲ ਕਿਤੇ ਗਲਤ ਥਾਂ ਰੱਖੀ ਗਈ ਲੱਗਦੀ ਹੈ। ਸਾਹਿਬ ਨੇ ਵੀ ਦੋ-ਤਿੰਨ ਵਾਰ ਇਹ ਕੰਮ ਕਰਨ ਲਈ ਕਿਹਾ ਹੈ। ਬੜਾ ਲੱਭਿਆ ਹੈ ਪਰ ਲੱਭ ਨਹੀਂ ਰਹੀ।

Story: Compulsion

ਅੱਜ ਫਿਰ ਕੋਸ਼ਿਸ਼ ਕਰ ਲੈਂਦਾ ਹਾਂ। ਫਾਈਲ ਮਿਲਣ ‘ਤੇ ਤੁਰੰਤ ਕੰਮ ਹੋ ਜਾਵੇਗਾ। ਮੈਨੂੰ ਆਪ ਬਹੁਤ ਫਿਕਰ ਹੈ।’ ਹਰਜਿੰਦਰ ਨੇ ਉਸੇ ਵੇਲੇ ਸੌ ਦਾ ਨੋਟ ਉਸ ਦੀ ਜੇਬ੍ਹ ਵਿਚ ਪਾਉਂਦੇ ਹੋਏ ਕਿਹਾ, ‘ਯਾਰ, ਇੱਕ ਵਾਰ ਫਿਰ ਚੰਗੀ ਤਰ੍ਹਾਂ ਵੇਖ, ਸ਼ਾਇਦ ਮਿਲ ਜਾਵੇ।’ ਕਰਮਚਾਰੀ ਨੇ ਉਸ ਨੂੰ ਇੱਕ ਘੰਟੇ ਬਾਅਦ ਆਉਣ ਲਈ ਕਿਹਾ। ਅੱਧੇ ਘੰਟੇ ਬਾਅਦ ਹੀ ਹਰਜਿੰਦਰ ਡੀਲਿੰਗ ਹੈੱਡ ਕੋਲ ਪਹੁੰਚ ਗਿਆ। ਉਸ ਨੂੰ ਵੇਖ ਕੇ ਉਹ ਕਹਿਣ ਲੱਗਾ, ‘ਮਿਲ ਗਈ ਫਾਈਲ, ਆਹ ਪਿੱਛੇ ਡਿੱਗੀ ਪਈ ਸੀ। ਮੈਂ ਆਪਣਾ ਕੰਮ ਕਰ ਦਿੱਤਾ ਹੈ।

ਸ਼ਿਕਾਇਤਾਂ ਵਾਲੇ ਕਰਮਚਾਰੀ ਕੋਲੋਂ, ਤੁਹਾਡੇ ਖਿਲਾਫ ਕੋਈ ਵੀ ਸ਼ਿਕਾਇਤ  ਨਾ ਹੋਣ ਦਾ ਸਰਟੀਫਿਕੇਟ ਲੈ ਆਓ।’ ਹਰਜਿੰਦਰ ਤੁਰੰਤ ਸ਼ਿਕਾਇਤਾਂ ਵਾਲੇ ਕਰਮਚਾਰੀ ਕੋਲ ਗਿਆ ਜੋ ਬਾਹਰ ਹੀ ਖੜ੍ਹਾ ਸੀ। ਚੁੱਪ ਕਰਕੇ ਪੰਜਾਹ ਰੁਪਏ ਉਸ ਦੀ ਜੇਬ੍ਹ ਵਿਚ ਪਾ ਕੇ ਫਾਈਲ ਉਸ ਦੇ ਅੱਗੇ ਕਰ ਦਿੱਤੀ। ਉਸ ਨੇ ਉਸੇ ਵੇਲੇ ਸਰਟੀਫਿਕੇਟ ਲਿਖ ਦਿੱਤਾ। ਦਸ ਕੁ ਮਿੰਟਾਂ ਬਾਅਦ ਹਰਜਿੰਦਰ ਨੂੰ ਡੀਡੀਓ ਪਾਵਰਾਂ ਵਾਲਾ ਪੱਤਰ ਮਿਲ ਚੁੱਕਾ ਸੀ ਜਿਸ ਪਿੱਛੇ ਉਹ ਸੱਤਾਂ ਦਿਨਾਂ ਤੋਂ ਚੱਕਰ ਮਾਰ ਰਿਹਾ ਸੀ।

Story: Compulsion

ਹਰਜਿੰਦਰ ਨੂੰ ਅਕਸਰ ਲੋਕ ਬੜਬੋਲਾ ਕਹਿੰਦੇ ਸਨ ਕਿਉਂਕਿ ਉਹ ਕਿਸੇ ਦੀਆਂ ਵੀ ਫੋਕੀਆਂ ਫੜਾਂ ਬਾਰੇ ਉਸ ਦੇ ਸਾਹਮਣੇ ਹੀ ਕਹਿ ਦਿੰਦਾ। ਆਪਣੀ ਇਸ ਆਦਤ ਸਦਕਾ ਉਹ ਕਈ ਵਾਰ ਆਪਣਾ ਨੁਕਸਾਨ ਵੀ ਕਰਵਾ ਚੁੱਕਾ ਸੀ। ਪੱਤਰ ਲੈ ਕੇ ਉਹ ਸਿੱਧਾ ਸ੍ਰ. ਧਿਆਨ ਸਿੰਘ ਕੋਲ ਗਿਆ ਤੇ ਦੱਸਿਆ ਕਿ ਲੋੜੀਂਦਾ ਪੱਤਰ ਉਸ ਨੂੰ ਮਿਲ ਗਿਆ ਹੈ। ਧਿਆਨ ਸਿੰਘ ਨੇ ਖੁਸ਼ ਹੋ ਕੇ ਆਪਣੀਆਂ ਮੁੱਛਾਂ ਨੂੰ ਵੱਟ ਚੜ੍ਹਾਉਂਦੇ ਹੋਏ ਕਿਹਾ, ‘ਮਿਲਣਾ ਹੀ ਸੀ, ਮੈਂ ਬਹੁਤ ਜ਼ੋਰ ਨਾਲ ਕਿਹਾ ਸੀ ਕਿ ਇਹ ਮੇਰਾ ਖਾਸ ਬੰਦਾ ਹੈ, ਕੰਮ ਤੁਰੰਤ ਕਰ ਦਿਓ।’
ਹਰਜਿੰਦਰ ਨੇ ਬੜੀ ਹਲੀਮੀ ਨਾਲ ਧਿਆਨ ਸਿੰਘ ਨੂੰ ਸਾਰਾ ਵਿਸਥਾਰ ਵਿਚ ਦੱਸ ਦਿੱਤਾ। ਹਰਜਿੰਦਰ ਦੀ ਗੱਲ ਨੂੰ ਸੁਣਦਿਆਂ ਹੀ ਧਿਆਨ ਸਿੰਘ ਨਮੋਸ਼ੀ ਦੀ ਹਾਲਤ ਵਿਚ ਟਿਕ-ਟਿਕੀ ਲਾ ਕੇ ਉਸ ਵੱਲ ਵੇਖਣ ਲੱਗਾ ਜਿਵੇਂ ਦਫਤਰ ਦੇ ਕਰਮਚਾਰੀਆਂ ਦੇ ਵਤੀਰੇ ਪ੍ਰਤੀ ਆਪਣੀ ਮਜਬੂਰੀ ਦੱਸ ਰਿਹਾ ਹੋਵੇ।
ਕੈਲਾਸ਼ ਚੰਦਰ ਸ਼ਰਮਾ
ਰਣਜੀਤ ਅੇਵੀਨਿਊ, ਅੰਮ੍ਰਿਤਸਰ
ਮੋ. 98774-66607

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.