Punjab
Mathura News: ਵਾਟਰ ਟੈਂਕ ’ਚ ਵੱਡਾ ਹਾਦਸਾ, ਚਾਰ ਵਿਦਿਆਰਥੀਆਂ ਦੀ ਮੌਤ
ਵਾਟਰ ਟੈਂਕ ’ਚ ਵੱਡਾ ਹਾਦਸਾ, ਚਾਰ ਵਿਦਿਆਰਥੀਆਂ ਦੀ ਮੌਤ
ਮਥੁਰਾ (ਸੱਚ ਕਹੂੰ ਨਿਊਜ਼/ਹਿੰ.ਸ.)। ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਵਿ੍ਰੰਦਾਵਨ ਦੇ ਚੈਤੰਨਿਆ ਵਿਹਾਰ ਸੈਕਟਰ-2 ਵਿੱਚ ਸਥਿਤ ਪਾਣਿਨੀ ਸੰਸਕ੍ਰਿਤ ਗੁਰੂਕੁਲਮ ’ਚ ਮੰਗਲਵਾਰ ਰਾਤ ਨੂੰ ਪਾਣੀ ਦੀ ਟੈਂਕੀ ਦੀ ਸਫਾਈ ਕਰਦੇ ਸਮੇਂ ਜ਼ਹਿਰੀਲੀ ਗੈਸ ਦੀ ਲਪੇਟ ’ਚ ਆਉਣ ਕਾਰਨ ਚਾਰ ਵਿਦਿਆਰਥੀਆਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਵਿਦਿਆਰਥੀ ਹਸਪਤਾਲ ’ਚ ਇਲਾਜ ਅਧੀਨ ਹੈ। ਘਟਨਾ ਤੋਂ ਬਾਅਦ ਗੁਰੂਕੁਲਮ ਦਾ ਸੰਚਾਲਕ ਫਰਾਰ ਹੈ। ਪੁਲਿਸ ਅਨੁਸਾਰ, ਜਿਸ ਜਗ੍ਹਾ ’ਤੇ ਗੁਰੂਕੁਲਮ ਚੱਲ ਰਿਹਾ ਹੈ, ਉੱਥੇ ਇੱਕ ਸਾਲ ਪਹਿਲਾਂ ਤੱਕ ‘ਉਮਾ ਕਮਲਾ’ ਨਾਂਅ ਦਾ ਗੈਸਟ ਹਾਊਸ ਹੁੰਦਾ ਸੀ। ਵਰਤਮਾਨ ’ਚ, ਆਸ਼ੀਸ਼ ਸ਼ਰਮਾ ਨੇ ਇਸਨੂੰ ਕਿਰਾਏ ’ਤੇ ਲਿਆ ਤੇ ਗੁਰੂਕੁਲਮ ਸ਼ੁਰੂ ਕੀਤਾ, ਜਿੱਥੇ ਲਗਭਗ 100 ਵਿਦਿਆਰਥੀ ਰਹਿ ਕੇ ਸੰਸਕ੍ਰਿਤ ਦੀ ਪੜ੍ਹਾਈ ਕਰ ਰਹੇ ਹਨ। Mathura News
ਮੰਗਲਵਾਰ ਰਾਤ ਨੂੰ ਲਗਭਗ 10 ਵਜੇ, ਗੁਰੂਕੁਲ ਸੰਚਾਲਕ ਆਚਾਰੀਆ ਆਸ਼ੀਸ਼ ਨੇ ਵਿਦਿਆਰਥੀਆਂ ਨੂੰ ਇਸਦੇ ਪਿੱਛੇ ਬਣੀ ਲਗਭਗ 12 ਫੁੱਟ ਡੂੰਘੀ ਬੰਦ ਪਾਣੀ ਦੀ ਟੈਂਕੀ ਨੂੰ ਸਾਫ਼ ਕਰਨ ਲਈ ਕਿਹਾ। ਪੁਲਿਸ ਨੇ ਦੱਸਿਆ ਕਿ ਹਦਾਇਤ ਮਿਲਣ ’ਤੇ ਪੰਜ ਵਿਦਿਆਰਥੀ ਟੈਂਕ ਸਾਫ਼ ਕਰਨ ਲਈ ਹੇਠਾਂ ਉਤਰੇ। ਸਭ ਤੋਂ ਪਹਿਲਾਂ ਮਨੂ ਕਟਾਰੇ ਨੇ ਢੱਕਣ ਖੋਲ੍ਹਿਆ ਤੇ ਅੰਦਰ ਚਲਾ ਗਿਆ, ਜਿੱਥੇ ਜ਼ਹਿਰੀਲੀ ਗੈਸ ਕਾਰਨ ਉਸਦੀ ਸਿਹਤ ਵਿਗੜਨ ਲੱਗੀ। ਉਸਨੂੰ ਬਚਾਉਣ ਦੀ ਕੋਸ਼ਿਸ਼ ’ਚ ਇੱਕ-ਇੱਕ ਕਰਕੇ ਬਾਕੀ ਵਿਸ਼ੂ ਸ਼ਰਮਾ (19, ਮੇਰਠ), ਆਰੀਅਨ ਪਾਂਡੇ (16, ਪ੍ਰਯਾਗਰਾਜ), ਤੇ ਦੇਵਾਂਸ਼ ਸ਼ਰਮਾ (17) ਵੀ ਟੈਂਕ ’ਚ ਹੇਠਾਂ ਉਤਰ ਗਏ ਤੇ ਉਹ ਵੀ ਇਸਦੀ ਲਪੇਟ ਵਿੱਚ ਆ ਗਏ। ਵਿਦਿਆਰਥੀਆਂ ਦੀਆਂ ਚੀਕਾਂ ਸੁਣ ਕੇ, ਮੁਹੱਲੇ ਦੇ ਰਹਿਣ ਵਾਲੇ ਕ੍ਰਿਸ਼ਨਾ ਤਿਵਾੜੀ ਪਹੁੰਚੇ ਤੇ ਹੋਰ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਮਦਦ ਨਾਲ ਸਾਰਿਆਂ ਨੂੰ ਬਾਹਰ ਕੱਢਿਆ। Mathura News
ਇਹ ਵੀ ਪੜ੍ਹੋ : Amritsar News: ਅੰਮ੍ਰਿਤਸਰ ’ਚ ਗੈਰ-ਕਾਨੂੰਨੀ ਰੇਤ ਮਾਈਨਿੰਗ ਦਾ ਪਰਦਾਫਾਸ਼, FIR ਦਰਜ
ਸੂਚਨਾ ਮਿਲਣ ਤੋਂ ਬਾਅਦ ਪੁਲਿਸ ਪਹੁੰਚੀ ਤੇ ਵਿਦਿਆਰਥੀਆਂ ਨੂੰ ਰਾਮਕ੍ਰਿਸ਼ਨ ਮਿਸ਼ਨ ਸੇਵਾ ਆਸ਼ਰਮ ਤੇ ਸੌ ਸ਼ਈਆ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਮਨੂ ਕਟਾਰੇ (22, ਜਬਲਪੁਰ), ਵਿਸ਼ੂ ਸ਼ਰਮਾ (19, ਮੇਰਠ), ਆਰੀਅਨ ਪਾਂਡੇ (16, ਪ੍ਰਯਾਗਰਾਜ) ਤੇ ਦੇਵਾਂਸ਼ ਸ਼ਰਮਾ (17) ਨੂੰ ਮ੍ਰਿਤਕ ਐਲਾਨ ਦਿੱਤਾ। ਰੁਦਰਾਕਸ਼ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਗੰਭੀਰਤਾ ਨੂੰ ਵੇਖਦੇ ਹੋਏ, ਜ਼ਿਲ੍ਹਾ ਮੈਜਿਸਟ੍ਰੇਟ ਚੰਦਰਪ੍ਰਕਾਸ਼ ਸਿੰਘ, ਨਗਰ ਨਿਗਮ ਕਮਿਸ਼ਨਰ ਓਜਸਵੀ ਰਾਜ, ਏਡੀਐਮ ਪੰਕਜ ਵਰਮਾ ਤੇ ਐਸਪੀ ਸਿਟੀ ਰਾਜੀਵ ਕੁਮਾਰ ਸਿੰਘ ਸਮੇਤ ਕਈ ਸੀਨੀਅਰ ਅਧਿਕਾਰੀ ਤੁਰੰਤ ਘਟਨਾ ਸਥਾਨ ’ਤੇ ਪਹੁੰਚੇ। ਪ੍ਰਸ਼ਾਸਨ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੇ ਹੁਕਮ ਦਿੱਤੇ ਹਨ ਤੇ ਫਰਾਰ ਸੰਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਘਟਨਾ ਤੋਂ ਬਾਅਦ, ਇਹ ਵੀ ਸਾਹਮਣੇ ਆਇਆ ਹੈ ਕਿ ਗੁਰੂਕੁਲ ਦੇ ਹੋਰ ਮੈਂਬਰਾਂ ਨੇ ਪਛਾਣ ਲੁਕਾਉਣ ਲਈ ਸੰਸਥਾ ਦੇ ਬੋਰਡ ਨੂੰ ਹਟਾ ਦਿੱਤਾ, ਜਿਸਦੀ ਜਾਂਚ ਕੀਤੀ ਜਾ ਰਹੀ ਹੈ।