Road Accident News: ਫ਼ਰੀਦਕੋਟ ’ਚ ਦਰਦਨਾਕ ਸੜਕ ਹਾਦਸਾ, ਦੋ ਨੌਜਵਾਨਾਂ ਦੀ ਮੌਤ

ਕਾਰ ਨੇ ਬਾਇਕ ਨੂੰ ਮਾਰੀ ਭਿਆਨਕ ਟੱਕਰ, ਦੋਵੇਂ ਮ੍ਰਿਤਕ ਪੱਲੇਦਾਰੀ ਦਾ ਕਰਦੇ ਸਨ ਕੰਮ

Satinder Mathur  Picture
Published On

 Road Accident News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਮਹਿਮੂਆਣਾ ਕੋਲ ਅੱਜ ਸਵੇਰੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਸਵੇਰੇ ਕਰੀਬ 4 ਵਜੇ ਇੱਕ ਆਈ-20 ਕਾਰ ਨੇ ਬਾਇਕ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਬਾਇਕ ਸਵਾਰ ਦੋਵੇਂ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਕਿ ਦੋਵੇਂ ਪਿੰਡ ਮਹਿਮੂਆਣਾ ਦੇ ਰਹਿਣ ਵਾਲੇ ਅਤੇ ਕਰੀਬ 19 ਸਾਲ ਦੀ ਉਮਰ ਦੇ ਸਨ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਪੱਲੇਦਾਰੀ ਦਾ ਕੰਮ ਕਰਦੇ ਸਨ ਅਤੇ ਸਵੇਰੇ ਆਪਣੇ ਕੰਮ ਲਈ ਫ਼ਰੀਦਕੋਟ ਆ ਰਹੇ ਸਨ। ਜਦੋਂ ਉਹ ਪਿੰਡ ਦੀ ਮੁੱਖ ਸੜਕ ’ਤੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਆਈ-20 ਕਾਰ ਨੇ ਉਨ੍ਹਾਂ ਦੀ ਬਾਇਕ ਨੂੰ ਟੱਕਰ ਮਾਰ ਦਿੱਤੀ।

ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਨੌਜਵਾਨਾਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ, ਜਿੱਥੇ ਪੋਸਟਮਾਰਟਮ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਹਾਦਸਾਗ੍ਰਸਤ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ।

ਇਹ ਵੀ ਪੜ੍ਹੋ: Sad News: ਸਾਬਕਾ ਓਲੰਪੀਅਨ ਅਤੇ ਖੇਡ ਪ੍ਰਸ਼ਾਸਕ ਰਣਧੀਰ ਸਿੰਘ ਦਾ ਦੇਹਾਂਤ

ਇਸ ਮੌਕੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਵੇਂ ਨੌਜਵਾਨ ਆਂਢ-ਗੁਆਂਢ ਵਿੱਚ ਰਹਿੰਦੇ ਸਨ ਅਤੇ ਰੋਜ਼ਾਨਾ ਇਕੱਠੇ ਕੰਮ ’ਤੇ ਜਾਂਦੇ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਕਾਰ ਚਾਲਕ ਨੂੰ ਨੀਂਦ ਆਉਣ ਕਾਰਨ ਇਹ ਹਾਦਸਾ ਵਾਪਰਿਆ ਹੈ। ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਦੋਸ਼ੀ ਕਾਰ ਚਾਲਕ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਉਹ ਧਰਨਾ ਦੇਣ ਲਈ ਮਜਬੂਰ ਹੋਣਗੇ। 

Road-Accident
Road Accident News: ਫ਼ਰੀਦਕੋਟ ’ਚ ਦਰਦਨਾਕ ਸੜਕ ਹਾਦਸਾ, ਦੋ ਨੌਜਵਾਨਾਂ ਦੀ ਮੌਤ

About The Author

Related Posts