Terrorist Attack In Punjab: ਪੰਜਾਬ ’ਚ ਸੰਭਾਵੀ ਅੱਤਵਾਦੀ ਹਮਲਾ ਟਲਿਆ, ਅੱਤਵਾਦੀ ਹਾਰਡਵੇਅਰ ਦਾ ਇੱਕ ਵੱਡਾ ਜ਼ਖੀਰਾ ਬਰਾਮਦ

Sach Kahoon Punjabi Desk Picture
Published On

ਪਾਕਿ ਆਈ.ਐਸ.ਆਈ. ਨਾਲ ਸਬੰਧਤ ਅੱਤਵਾਦੀ ਹਾਰਡਵੇਅਰ ਬਰਾਮਦ | Terrorist Attack In Punjab

Terrorist Attack In Punjab: (ਰਾਜਨ ਮਾਨ) ਅੰਮ੍ਰਿਤਸਰ। ਪਾਕਿਸਤਾਨ ਦੇ ਆਈਐਸਆਈ ਸਮਰਥਿਤ ਅੱਤਵਾਦੀ ਨੈੱਟਵਰਕਾਂ ਨੂੰ ਵੱਡਾ ਝਟਕਾ ਦਿੰਦੇ ਹੋਏ, ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.) ਅੰਮ੍ਰਿਤਸਰ ਅਤੇ ਕੇਂਦਰੀ ਏਜੰਸੀ ਨੇ ਖੁਫੀਆ ਆਪ੍ਰੇਸ਼ਨ ਤਹਿਤ ਐਸਬੀਐਸ ਨਗਰ ਦੇ ਟਿੱਬਾ ਨੰਗਲ-ਕੁਲਾਰ ਰੋਡ ਨੇੜਲੇ ਸੁੰਨੇ ਜੰਗਲੀ ਖੇਤਰ ਵਿੱਚ ਅੱਤਵਾਦੀ ਹਾਰਡਵੇਅਰ ਦਾ ਇੱਕ ਵੱਡਾ ਜ਼ਖੀਰਾ ਬਰਾਮਦ ਕੀਤਾ। ਇਹ ਜਾਣਕਾਰੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਮੰਗਲਵਾਰ ਨੂੰ ਇੱਥੇ ਦਿੱਤੀ।

ਬਰਾਮਦ ਕੀਤੇ ਗਏ ਅੱਤਵਾਦੀ ਹਾਰਡਵੇਅਰ ਵਿੱਚ 2 ਆਰਪੀਜੀ, 2 ਆਈਈਡੀਜ਼ ਅਤੇ 5 ਗਰਨੇਡ ਸ਼ਾਮਲ


ਬਰਾਮਦ ਕੀਤੇ ਗਏ ਅੱਤਵਾਦੀ ਹਾਰਡਵੇਅਰ ਵਿੱਚ ਦੋ ਰਾਕੇਟ ਪਰੋਪੈਲਡ ਗਰਨੇਡ (ਆਰਪੀਜੀ), ਦੋ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ), ਪੰਜ ਪੀ—86 ਹੈਂਡ ਗਰਨੇਡ ਅਤੇ ਸਹਾਇਕ ਉਪਕਰਣਾਂ ਸਮੇਤ ਇੱਕ ਵਾਇਰਲੈੱਸ ਸੈੱਟ ਸ਼ਾਮਲ ਹੈ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਬਰਾਮਦ ਕੀਤੀ ਗਈ ਖੇਪ ਨੂੰ  ਕਾਰਕੁੰਨਾਂ ਨੇ ਜਾਣਬੁੱਝ ਕੇ ਸੂਬੇ ਵਿੱਚ ਜਨਤਕ ਵਿਵਸਥਾ ਵਿੱਚ ਦਹਿਸ਼ਤ ਫੈਲਾਉਣ ਲਈ ਛੁਪਾਇਆ ਸੀ। ਉਹਨਾਂ ਕਿਹਾ ਕਿ ਜਾਂਚ ਵਿੱਚ ਪਾਕਿਸਤਾਨ ਦੀ ਆਈ.ਐਸ.ਆਈ. ਅਤੇ ਸਹਿਯੋਗੀ ਅੱਤਵਾਦੀ ਸੰਗਠਨਾਂ ਵੱਲੋਂ ਸੂਬੇ ਵਿੱਚ ਸਲੀਪਰ ਸੈੱਲਾਂ ਨੂੰ ਮੁੜ ਸਰਗਰਮ ਕਰਨ ਦੇ ਸੰਭਾਵੀ ਯਤਨਾਂ ਦਾ ਵੀ ਸੰਕੇਤ ਮਿਲਿਆ ਹੈ।

ਇਹ ਵੀ ਪੜ੍ਹੋ: Punjab BJP: ਦਾਮਨ ਬਾਜਵਾ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਕੀਤੀ ਮੁਲਾਕਾਤ

ਡੀਜੀਪੀ ਨੇ ਕਿਹਾ ਕਿ ਇਹ ਬਰਾਮਦਗੀਆਂ ਪਾਕਿਸਤਾਨ ਦੀ ਆਈਐਸਆਈ ਵੱਲੋਂ ਸਪਾਂਸਰ ਕੀਤੇ ਅੱਤਵਾਦੀ ਮਾਡਿਊਲਾਂ ਵਿਰੁੱਧ ਪੰਜਾਬ ਪੁਲਿਸ ਦੀ ਨਿਰੰਤਰ ਕਾਰਵਾਈ ਦਾ ਹਿੱਸਾ ਹਨ। ਉਹਨਾਂ ਅੱਗੇ ਕਿਹਾ ਕਿ ਪੰਜਾਬ ਪੁਲਿਸ ਇਹਨਾਂ ਖਤਰਿਆਂ ਨੂੰ ਬੇਅਸਰ ਕਰਨ ਅਤੇ ਸੂਬੇ ਦੀ ਸ਼ਾਂਤੀ ਅਤੇ ਸੁਰੱਖਿਆ ਦੀ ਰਾਖੀ ਲਈ ਦ੍ਰਿੜਤਾ ਨਾਲ ਵਚਨਬੱਧ ਹੈ।

ਇਹ ਆਪ੍ਰੇਸ਼ਨ ਐਸਐਸਓਸੀ, ਅੰਮ੍ਰਿਤਸਰ ਵੱਲੋਂ ਅਜਨਾਲਾ ਸੈਕਟਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਇੱਕ ਖੇਤਰ ਤੋਂ ਆਈਈਡੀ, ਹੈਂਡ ਗਰਨੇਡ, ਆਧੁਨਿਕ ਹਥਿਆਰ ਅਤੇ ਗੋਲੀ ਸਿੱਕੇ ਦੀ ਖੇਪ ਬਰਾਮਦ ਕਰਨ ਤੋਂ ਕੁਝ ਦਿਨ ਬਾਅਦ ਸਾਹਮਣੇ ਆਇਆ ਹੈ। ਇਸੇ ਤਰ੍ਹਾਂ, ਤਿੰਨ ਹਫ਼ਤੇ ਪਹਿਲਾਂ, ਕਾਊਂਟਰ ਇੰਟੈਲੀਜੈਂਸ ਜਲੰਧਰ ਨੇ ਵੀ ਇੱਕ ਆਰਪੀਜੀ, ਦੋ ਆਈਈਡੀ, 2 ਕਿੱਲੋ ਆਰਡੀਐਕਸ, ਇੱਕ ਰਿਮੋਟ ਕੰਟਰੋਲ, ਡੈਟੋਨੇਟਰਾਂ ਵਾਲੇ ਦੋ ਹੈਂਡ ਗਰਨੇਡ, ਤਿੰਨ ਪਿਸਤੌਲਾਂ ਦੇ ਨਾਲ ਛੇ ਮੈਗਜ਼ੀਨਾਂ ਅਤੇ 34 ਕਾਰਤੂਸ ਸਮੇਤ ਚਾਰ ਵਿਅਕਤੀਆਂ ਨੂੰ ਗਿਰਫ਼ਤਾਰ ਕਰਕੇ ਇੱਕ ਹੋਰ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਸੀ।

ਹੋਰ ਵੇਰਵੇ ਸਾਂਝੇ ਕਰਦੇ ਹੋਏ ਏ.ਆਈ.ਜੀ., ਐਸਐਸਓਸੀ ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਕਿਹਾ ਕਿ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਪੁਲਿਸ ਥਾਣਾ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ (ਐਸਐਸਓਸੀ) ਅੰਮ੍ਰਿਤਸਰ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ। ਉਹਨਾਂ ਕਿਹਾ ਕਿ ਬਰਾਮਦ ਕੀਤੀ ਗਈ ਵਿਸਫੋਟਕ ਸਮੱਗਰੀ ਨੂੰ ਛੁਪਾਉਣ ਲਈ ਜਿੰਮੇਵਾਰ ਲੋਕਾਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਕਾਬੂ ਕਰਨ ਲਈ ਜਾਂਚ ਜਾਰੀ ਹੈ। ਇਸ ਸਬੰਧ ਵਿੱਚ ,ਅੰਮ੍ਰਿਤਸਰ ਦੇ ਪੁਲਿਸ ਥਾਣਾ ਐਸਐਸਓਸੀ ਵਿਖੇ ਕੇਸ ਦਰਜ਼ ਕੀਤਾ ਗਿਆ ਹੈ

Comments

Post Your Comment

About The Author

Related Posts