Crime News: ਅਨਾਜ ਮੰਡੀ ’ਚ ਬਜ਼ੁਰਗ ਮਹਿਲਾ ਦਾ ਬੇਰਹਿਮੀ ਨਾਲ ਕਤਲ, ਜਾਂਚ ’ਚ ਜੁਟੀ ਪੁਲਿਸ
ਪੁਲਿਸ ਵੱਲੋਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ
Crime News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਫ਼ਰੀਦਕੋਟ ਸਥਾਨ ਸਾਦਿਕ ਚੌਂਕ ਅਨਾਜ ਮੰਡੀ ਇਲਾਕੇ ਵਿੱਚ ਪਿਛਲੇ 15 ਤੋਂ 20 ਸਾਲਾਂ ਤੋਂ ਲਾਵਾਰਿਸ ਹਾਲਤ ਵਿੱਚ ਰਹਿ ਰਹੀ ਇੱਕ ਬਜ਼ੁਰਗ ਮਹਿਲਾ ਦਾ ਬੀਤੀ ਰਾਤ ਅਣਪਛਾਤੇ ਹਮਲਾਵਰਾਂ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਹਿਲਾ ਮੰਡੀ ਦੇ ਦੁਕਾਨਦਾਰਾਂ ਅਤੇ ਰਾਹਗੀਰਾਂ ਵੱਲੋਂ ਦਿੱਤੇ ਜਾਂਦੇ ਖਾਣ-ਪੀਣ ਦੇ ਸਮਾਨ ਨਾਲ ਆਪਣਾ ਗੁਜ਼ਾਰਾ ਕਰਦੀ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ, ਘਟਨਾ ਦਾ ਪਤਾ ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਨੂੰ ਸਵੇਰੇ ਲੱਗਾ। ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਦੌਰਾਨ ਸਹਾਰਾ ਸੇਵਾ ਸੋਸਾਇਟੀ ਦੇ ਮੈਂਬਰ ਵੀ ਮੌਕੇ ’ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਹਸਪਤਾਲ ਪਹੁੰਚਾਇਆ।
ਇਹ ਵੀ ਪੜ੍ਹੋ: Jalandhar News: ਮੁੱਖ ਮੰਤਰੀ ਮਾਨ ਨੇ ਜਲੰਧਰ ਵਿੱਚ 1746 ਪੁਲਿਸ ਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਮਹਿਲਾ ਦੀ ਉਮਰ ਕਰੀਬ 65 ਸਾਲ ਸੀ। ਉਸ ਦੀ ਲਾਸ਼ ਨਗਨ ਹਾਲਤ ਵਿੱਚ ਮਿਲੀ। ਇਸ ਸਬੰਧੀ ਡੀਐਸਪੀ ਅਵਤਾਰ ਸਿੰਘ ਨੇ ਦੱਸਿਆ ਕਿ ਲਾਸ਼ ’ਤੇ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਮ੍ਰਿਤਕਾ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ, ਜਿਸ ਤੋਂ ਬਾਅਦ ਮੌਤ ਦੇ ਕਾਰਨਾਂ ਅਤੇ ਘਟਨਾ ਸਬੰਧੀ ਹੋਰ ਜਾਣਕਾਰੀ ਸਾਹਮਣੇ ਆ ਸਕੇਗੀ। ਪੁਲਿਸ ਵੱਲੋਂ ਅਣਪਛਾਤੇ ਮੁਲਜ਼ਮਾਂ ਦੀ ਪਛਾਣ ਕਰਨ ਲਈ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੇ ਆਧਾਰ ’ਤੇ ਜਲਦ ਹੀ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।