Malerkotla News: ਡੀਸੀ ਦਫ਼ਤਰ ਮਾਲੇਰਕੋਟਲਾ ਦੇ ਕਰਮਚਾਰੀਆਂ ਦੀ ਕਲਮਛੋੜ ਹੜਤਾਲ 28 ਸਤੰਬਰ ਤੱਕ ਵਧੀ

ਏ.ਡੀ.ਸੀ. ਵੱਲੋਂ ਭਰੋਸਾ ਦੇਣ ਮਗਰੋਂ ਮੁਲਾਜ਼ਮਾਂ ਨੇ ਇਕ ਧਰਨਾ ਚੁੱਕਿਆ

Satinder Mathur  Picture
Published On

Malerkotla News: ਮਾਲੇਰਕੋਟਲਾ, (ਗੁਰਤੇਜ ਜੋਸ਼ੀ)। ਡੀ.ਸੀ. ਦਫਤਰ ਮਾਲੇਰਕੋਟਲਾ ਦੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਦੇ ਸਬੰਧ ’ਚ ਡਿਪਟੀ ਕਮਿਸ਼ਨਰ, ਮਾਲੇਰਕੋਟਲਾ ਵੱਲੋਂ ਅਪਣਾਏ ਜਾ ਰਹੇ ਰੁੱਖੇ ਰਵੱਈਏ ਸਬੰਧੀ ਦਿੱਤੇ ਐਕਸ਼ਨ ਤਹਿਤ ਅੱਜ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ, ਪੰਜਾਬ ਦੇ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਅਤੇ ਸੂਬਾ ਜਨਰਲ ਸਕੱਤਰ ਨਰਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਵੱਖ-ਵੱਖ ਜ਼ਿਲ੍ਹਿਆਂ ਦੀ ਲੀਡਰਸ਼ਿਪ ਅਤੇ ਡੀ.ਸੀ. ਦ਼ਫ਼ਤਰ ਮਾਲੇਰਕੋਟਲਾ, ਐਸ.ਡੀ.ਐਮ./ਤਹਿਸੀਲ ਦਫ਼ਤਰ ਮਾਲੇਰਕੋਟਲਾ, ਅਮਰਗੜ੍ਹ ਅਤੇ ਅਹਿਮਦਗੜ੍ਹ ਦੇ ਸਟਾਫ਼ ਵੱਲੋਂ ਦਫ਼ਤਰੀ ਕੰਮ ਬੰਦ ਰੱਖ ਕੇ ਡੀ.ਸੀ. ਦੇ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। 

ਇਸ ਮੌਕੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਆਪਣੇ ਕਿਸੇ ਵੀ ਕਰਮਚਾਰੀ ਨਾਲ ਨਾਜਾਇਜ਼ ਧੱਕਾ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮਾਲੇਰਕੋਟਲਾ ਡੀ.ਸੀ. ਦਫਤਰ ਦੇ ਕਰਮਚਾਰੀਆਂ ਨਾਲ ਕੀਤਾ ਜਾ ਰਿਹਾ ਧੱਕਾ ਬੰਦ ਨਾ ਹੋਇਆ ਤਾਂ ਇਸ ਹੜਤਾਲ ਨੂੰ ਸੂਬਾ ਪੱਧਰ ’ਤੇ ਲਿਜਾਇਆ ਜਾਵੇਗਾ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਡੀ.ਸੀ. ਮਾਲੇਰਕੋਟਲਾ ਵੱਲੋਂ ਨਿੱਜੀ ਰੰਜਿਸ਼ ਤਹਿਤ ਆਪਣੇ ਹੀ ਮੁਲਜ਼ਮਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਇਸ ਮੌਕੇ ਡੀ.ਸੀ. ਮਲੇਰਕੋਟਲਾ ਦਫ਼ਤਰ ਵਿੱਚ ਬੈਠੇ ਨਾ ਹੋਣ ਕਰਕੇ ਧਰਨੇ ਦੌਰਾਨ ਉਨ੍ਹਾਂ ਦੀ ਰਿਹਾਇਸ਼ ਵੱਲ ਮਾਰਚ ਕਰਕੇ ਧਰਨਾ ਲਾਉਣ ਦਾ ਵਿਚਾਰ ਬਣਿਆ। 

ਇਹ ਵੀ ਪੜ੍ਹੋ: Punjab Vigilance Bureau: ਵਿਜੀਲੈਂਸ ਬਿਊਰੋ ਨੇ ਪ੍ਰਾਈਵੇਟ ਪਾਸਪੋਰਟ ਏਜੰਟ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਇਸੇ ਦੌਰਾਨ ਸਿਵਲ ਪ੍ਰਸ਼ਾਸਨ ਵੱਲੋਂ ਮੀਟਿੰਗ ਲਈ ਜਥੇਬੰਦੀ ਨੂੰ ਬੁਲਾਇਆ ਗਿਆ ।ਏ.ਡੀ.ਸੀ. ਮਲੇਰਕੋਟਲਾ ਵੱਲੋਂ ਜੱਥੇਬੰਦੀ ਨਾਲ ਮੀਟਿੰਗ ਕੀਤੀ ਗਈ, ਉਹਨਾਂ ਨੇ ਜਥੇਬੰਦੀ ਨੂੰ ਕਿਹਾ ਕਿ ਸੋਮਵਾਰ 01.00 ਵਜੇ ਤੱਕ ਦਾ ਸਮਾਂ ਦਿੱਤਾ ਜਾਵੇ, ਜਿਸ ਉਪਰੰਤ ਜਥੇਬੰਦੀ ਵੱਲੋਂ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ 28 ਸਤੰਬਰ ਦਿਨ ਸੋਮਵਾਰ ਦੁਪਹਿਰ 01:00 ਵਜੇ ਤੱਕ ਕਲਛੋੜ ਹੜਤਾਲ ਅੱਗੇ ਵਧਾਈ ਜਾਂਦੀ ਹੈ, ਜੇਕਰ ਇੱਕ ਵਜੇ ਤੱਕ ਸਾਡੇ ਮਸਲੇ ਭਾਵ ਸ਼ਰਨਵੀਰ ਸਿੰਘ ਪ੍ਰਧਾਨ ਮਲੇਰਕੋਟਲਾ ਦੇ ਖਿਲਾਫ ਕੀਤੀ ਨਜਾਇਜ਼ ਚਾਰਜਸ਼ੀਟ ਫਾਈਲ ਨਾ ਹੋਈ ਅਤੇ ਰੰਜਿਸ਼ ਨਾਲ ਜਿਹੜੇ ਕਰਮਚਾਰੀਆਂ ਦੀਆਂ ਏ.ਸੀ.ਆਰ. ਖਰਾਬ ਕੀਤੀਆਂ ਹਨ,ਦਰੁਸਤ ਨਾ ਕੀਤੀਆਂ ਗਈਆਂ ਤਾਂ ਸੋਮਵਾਰ ਨੂੰ ਹੀ ਦੁਪਹਿਰ 01 ਵਜੇ ਤੋਂ ਬਾਅਦ ਵਿੱਚ ਤੁਰੰਤ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਜੇਕਰ ਉਸ ਦਿਨ ਵੀ ਡੀ.ਸੀ. ਮਲੇਰਕੋਟਲਾ ਆਪਣੇ ਦਫ਼ਤਰ ਨਾ ਬੈਠੇ ਤਾਂ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਵੱਲ ਮਾਰਚ ਕਰਕੇ ਉੱਥੇ ਧਰਨਾ ਲਾਇਆ ਜਾਵੇਗਾ। ਜੇ ਫ਼ਿਰ ਵੀ ਡੀ.ਸੀ. ਮਾਲੇਰਕੋਟਲਾ ਸ੍ਰੀ ਵਿਰਾਜ ਸ਼ਿਆਮ ਤਿੜਕੇ ਵੱਲੋਂ ਮੁਲਾਜ਼ਮਾਂ ਦੇ ਮਸਲੇ ਹੱਲ ਨਾ ਕੀਤੇ ਗਏ ਤਾਂ ਅਗਲੇ ਤਿੱਖੇ ਐਕਸ਼ਨ ਵੱਲ ਵਧਿਆ ਜਾਵੇਗਾ, ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਆਉਣ ਵਾਲੀਆਂ ਮੁਸ਼ਕਿਲਾਂ ਦੀ ਸਾਰੀ ਜਿੰਮੇਵਾਰੀ ਡੀ.ਸੀ. ਮਾਲੇਰਕੋਟਲਾ ਦੀ ਹੋਵੇਗੀ।

About The Author

Related Posts