Punjab
Ludhiana News: ਲੁਧਿਆਣਾ ’ਚ ਪ੍ਰੈਸ਼ਰ ਕੁੱਕਰ ਫਟਣ ਨਾਲ ਘਰ ਦੀ ਕੰਧ ਡਿੱਗੀ, ਮਾਂ-ਪੁੱਤਰ ਸਮੇਤ 3 ਜਣੇ ਗੰਭੀਰ ਜ਼ਖ਼ਮੀ
ਜਮਾਲਪੁਰ ਇਲਾਕੇ ’ਚ ਵਾਪਰੀ ਹੈ ਘਟਨਾ
Ludhiana News: ਲੁਧਿਆਣਾ (ਹਿੰ.ਸ.)। ਲੁਧਿਆਣਾ ਦੇ ਜਮਾਲਪੁਰ ਇਲਾਕੇ ’ਚ ਵੀਰਵਾਰ ਸਵੇਰੇ ਇੱਕ ਘਰ ’ਚ ਪ੍ਰੈਸ਼ਰ ਕੁੱਕਰ ਫਟਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਘਰ ਦੀ ਇੱਕ ਕੰਧ ਢਹਿ ਗਈ ਤੇ ਘਰ ਅੰਦਰ ਅੱਗ ਲੱਗ ਗਈ। ਅੱਗ ਕਾਰਨ ਟੀਵੀ, ਬੈੱਡ ਤੇ ਹੋਰ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ। ਹਾਦਸੇ ਦੌਰਾਨ ਘਰ ’ਚ ਮੌਜ਼ੂਦ ਵਿਨੋਦ, ਉਸ ਦੀ ਪਤਨੀ ਰੀਮਾ ਤੇ 14 ਸਾਲਾ ਪੁੱਤਰ ਮਲਬੇ ਹੇਠਾਂ ਦੱਬ ਗਏ ਤੇ ਅੱਗ ਵਿੱਚ ਝੁਲਸ ਗਏ। ਸਥਾਨਕ ਲੋਕਾਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ ਤੇ ਤਿੰਨਾਂ ਨੂੰ ਬਾਹਰ ਕੱਢਿਆ।
ਬਾਅਦ ’ਚ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਹਾਲਤ ਗੰਭੀਰ ਹੋਣ ਕਾਰਨ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਪੁਲਿਸ ਮੁਤਾਬਕ ਜਮਾਲਪੁਰ ਦੇ ਵਿਚਿੱਤਰ ਨਗਰ ’ਚ ਸਵੇਰੇ ਕਰੀਬ 6:30 ਵਜੇ ਇਹ ਧਮਾਕਾ ਹੋਇਆ। ਪਰਿਵਾਰ ਜਿਸ ਕਮਰੇ ’ਚ ਸੌਂਦਾ ਸੀ, ਉਸੇ ਕਮਰੇ ਵਿੱਚ ਰਸੋਈ ਵੀ ਬਣੀ ਹੋਈ ਸੀ। ਰਾਤ ਸਮੇਂ ਪਰਿਵਾਰ ਖਾਣਾ ਤਿਆਰ ਕਰ ਰਿਹਾ ਸੀ ਤੇ ਪ੍ਰੈਸ਼ਰ ਕੁੱਕਰ ਗੈਸ ’ਤੇ ਰੱਖਿਆ ਹੋਇਆ ਸੀ। ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਪਰਿਵਾਰ ਗੈਸ ਬੰਦ ਕਰਨਾ ਭੁੱਲ ਗਿਆ ਤੇ ਸੌਂ ਗਿਆ। ਇਸ ਕਾਰਨ ਕੁੱਕਰ ਦੇ ਅੰਦਰ ਬਹੁਤ ਜ਼ਿਆਦਾ ਦਬਾਅ ਬਣ ਗਿਆ ਤੇ ਸਵੇਰੇ ਉਹ ਬੰਬ ਵਾਂਗ ਫਟ ਗਿਆ। ਧਮਾਕੇ ਨਾਲ ਅੱਗ ਲੱਗ ਗਈ ਅਤੇ ਕੰਧ ਦਾ ਮਲਬਾ ਪਰਿਵਾਰ ’ਤੇ ਆ ਡਿੱਗਿਆ।
Read Also : Delhi NCR Weather: ਦਿੱਲੀ ਐਨਸੀਆਰ ’ਚ ਬਦਲਿਆ ਮੌਸਮ, ਤੇਜ਼ ਹਵਾਵਾਂ ਨਾਲ ਪਿਆ ਮੀਂਹ, ਗਰਮੀ ਤੋਂ ਰਾਹਤ
ਧਮਾਕੇ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕ ਤੁਰੰਤ ਮੌਕੇ ’ਤੇ ਪਹੁੰਚੇ। ਗੁਆਂਢੀਆਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਤੇ ਮਲਬੇ ਹੇਠਾਂ ਫਸੇ ਪਰਿਵਾਰ ਨੂੰ ਬਾਹਰ ਕੱਢਿਆ। ਗੁਆਂਢੀ ਖੁਰਸ਼ੀਦ ਆਲਮ ਨੇ ਦੱਸਿਆ ਕਿ ਉਹ ਸਵੇਰੇ ਜਾਗਣ ਤੋਂ ਬਾਅਦ ਆਪਣੇ ਕਮਰੇ ’ਚ ਮੌਜ਼ੂਦ ਸੀ ਜਦੋਂ ਅਚਾਨਕ ਜ਼ੋਰਦਾਰ ਧਮਾਕੇ ਦੀ ਆਵਾਜ਼ ਆਈ। ਬਾਹਰ ਆ ਕੇ ਵੇਖਿਆ ਤਾਂ ਪਿੱਛੇ ਵਾਲੇ ਕਮਰੇ ਦੀ ਕੰਧ ਟੁੱਟੀ ਹੋਈ ਸੀ ਤੇ ਅੰਦਰ ਅੱਗ ਲੱਗੀ ਹੋਈ ਸੀ। ਥਾਣਾ ਜਮਾਲਪੁਰ ਦੇ ਐਸਐਚਓ ਪ੍ਰਮੋਦ ਰਾਜ ਨੇ ਦੱਸਿਆ ਕਿ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਆਲੇ-ਦੁਆਲੇ ਦੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਇਹ ਸਪੱਸ਼ਟ ਹੋ ਸਕੇ ਕਿ ਧਮਾਕਾ ਪ੍ਰੈਸ਼ਰ ਕੁੱਕਰ ਫਟਣ ਕਾਰਨ ਹੋਇਆ ਜਾਂ ਗੈਸ ਲੀਕ ਹੋਣ ਕਾਰਨ। ਫਿਲਹਾਲ ਵਿਨੋਦ ਤੇ ਉਸ ਦੀ ਪਤਨੀ ਰੀਮਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਦਕਿ ਪੁੱਤਰ ਵੀ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਅਧੀਨ ਹੈ। Ludhiana News